ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਫਰਵਰੀ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਮਹੀਨੇ ਗਾਜ਼ੀਪੁਰ ਵਿੱਚ ਬੰਬ ਲਗਾਉਣ ਲਈ ਵਰਤੀ ਗਈ ਬਾਈਕ ਬਰਾਮਦ ਕੀਤੀ ਗਈ ਹੈ। ਪੁਲੀਸ ਯੂਪੀ ਦੇ ਦੋ ਵਿਦਿਆਰਥੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਇੱਕ ਘਰ ਕਿਰਾਏ ’ਤੇ ਲਿਆ ਸੀ ਜਿੱਥੇ ਇੱਕ ਬੰਬ ਮਿਲਿਆ ਸੀ। ਬਾਈਕ ਸਥਾਨਕ ਪੁਲੀਸ ਦੀ ਮਦਦ ਨਾਲ ਘਰ ਤੋਂ 1.5 ਕਿਲੋਮੀਟਰ ਦੂਰ ਦਿਲਸ਼ਾਦ ਗਾਰਡਨ ਮੈਟਰੋ ਸਟੇਸ਼ਨ ਨੇੜੇ ਮਿਲੀ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਕਿਹਾ ਕਿ ਕੋਮੀ ਰਾਜਧਾਨੀ ਦੇ ਗਾਜ਼ੀਪੁਰ ਫੁੱਲ ਬਾਜ਼ਾਰ ਵਿੱਚ ਪਿਛਲੇ ਮਹੀਨੇ ਬੰਬ ਲਗਾਉਣ ਲਈ ਵਰਤੀ ਗਈ ਇੱਕ ਬਾਈਕ ਪੁਰਾਣੀ ਸੀਮਾਪੁਰੀ ਖੇਤਰ ਦੇ ਨੇੜੇ ਤੋਂ ਬਰਾਮਦ ਕੀਤੀ ਗਈ ਹੈ ਜਿੱਥੇ ਇੱਕ ਘਰ ਵਿੱਚ ਇੱਕ ਹੋਰ ਵਿਸਫੋਟਕ ਯੰਤਰ (ਆਈਈਡੀ) ਮਿਲਿਆ ਸੀ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਕਿਹਾ ਕਿ ਸ਼ੱਕ ਹੈ ਕਿ ਅਮੋਨੀਅਮ ਨਾਈਟ੍ਰੇਟ ਤੇ ਆਰਡੀਐਕਸ ਬੰਬ ਇਨ੍ਹਾਂ ਹੀ ਵਿਅਕਤੀਆਂ ਨੇ ਬਣਾਏ ਸਨ। ਦੋਵੇਂ ਬੰਬਾਂ ਨੂੰ ਨਕਾਰਾ ਕਰ ਦਿੱਤਾ ਗਿਆ ਸੀ। ਪੁਲੀਸ ਮੁਤਾਬਕ ਗਾਜ਼ੀਪੁਰ ਬੰਬ ਬਰਾਮਦਗੀ ਦੀ ਜਾਂਚ ਕਰ ਰਹੀ ਸਪੈਸ਼ਲ ਸੈੱਲ ਦੀ ਟੀਮ ਨੇ ਵੀਰਵਾਰ ਦੁਪਹਿਰ ਨੂੰ ਪੁਰਾਣੀ ਸੀਮਾਪੁਰੀ ਸਥਿਤ ਇਕ ਘਰ ’ਤੇ ਛਾਪਾ ਮਾਰਿਆ ਅਤੇ ਉਥੇ ਇਕ ਬੈਗ ਮਿਲਿਆ ਜਿਸ ’ਚ ਇਕ ਆਈਈਡੀ ਸੀ। ਉਨ੍ਹਾਂ ਨੇ ਦੱਸਿਆ ਕਿ ਨੈਸ਼ਨਲ ਸਕਿਓਰਿਟੀ ਗਾਰਡ, ਦਿੱਲੀ ਫਾਇਰ ਸਰਵਿਸਿਜ਼ ਤੇ ਫੋਰੈਂਸਿਕ ਸਾਇੰਸ ਲੈਬ ਦੇ ਨਾਲ-ਨਾਲ ਬੰਬ ਦਸਤੇ ਦੀਆਂ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ ਤੇ 2.5 ਕਿਲੋਗ੍ਰਾਮ ਭਾਰ ਵਾਲੇ ਆਈਈਡੀ ਨੂੰ ਨਕਾਰਾ ਕਰ ਦਿੱਤਾ ਗਿਆ ਸੀ।