ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਈ
ਪੱਛਮੀ ਦਿੱਲੀ ਦੇ ਹਰੀ ਨਗਰ ਵਿੱਚ ਚਾਰ ਅਣਪਛਾਤਿਆਂ ਨੇ ਬੀਤੀ ਰਾਤ 35 ਸਾਲਾ ਵਪਾਰੀ ਨੂੰ ਗੋਲੀ ਮਾਰ ਦਿੱਤੀ। ਪੁਲੀਸ ਅਨੁਸਾਰ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ ਤੇ ਹੁਣ ਉਹ ਸਥਿਰ ਹੈ। ਘਟਨਾ ਬੀਤੀ ਰਾਤ ਲਗਪਗ 11 ਵਜੇ ਦੀ ਹੈ। ਪੁਲੀਸ ਨੇ ਦੱਸਿਆ ਕਿ ਪੀੜਤ ਦੀ ਪਛਾਣ ਹਰੀ ਨਗਰ ਵਾਸੀ ਪ੍ਰਦੀਪ ਸਿੰਘ ਸੰਧੂ ਵਜੋਂ ਹੋਈ ਹੈ। ਜਦੋਂ ਉਹ ਸੈਰ ਕਰ ਰਿਹਾ ਸੀ ਤਾਂ ਮੁਲਜ਼ਮਾਂ ਨੇ ਪੀੜਤ ਨੂੰ ਰੋਕਿਆ ਉਸ ਦੀ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਉਸ ’ਤੇ ਗੋਲੀ ਚਲਾ ਦਿੱਤੀ ਅਤੇ ਫ਼ਰਾਰ ਹੋ ਗਏ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਪੱਛਮੀ) ਘਨਸ਼ਿਆਮ ਬਾਂਸਲ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਸਥਾਨਕ ਲੋਕ ਤੇ ਰਾਹਗੀਰ ਇਕੱਠੇ ਹੋ ਗਏ ਅਤੇ ਵਪਾਰੀ ਨੂੰ ਹਸਪਤਾਲ ਪਹੁੰਚਾਇਆ। ਡੀਸੀਪੀ ਨੇ ਕਿਹਾ ਕਿ ਇਲਾਕੇ ਵਿੱਚ ਸੀਸੀਟੀਵੀ ਦੀ ਜਾਂਚ ਕਰਨ ਲਈ ਕਈ ਟੀਮਾਂ ਭੇਜੀਆਂ ਹਨ।