ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੂਨ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐਸ) ਦੇ ਕਾਰਕੁਨਾਂ ਤੇ ਸਰਕਾਰੀ ਸਕੂਲਾਂ ਅਤੇ ਡੀਯੂ ਦੇ ਆਮ ਵਿਦਿਆਰਥੀਆਂ ਨੂੰ ਅੱਜ ਉਨ੍ਹਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਦੇ 15ਵੇਂ ਦਿਨ ਦਿੱਲੀ ਪੁਲੀਸ ਨੇ ਜ਼ਬਰਦਸਤੀ ਹਿਰਾਸਤ ਵਿੱਚ ਲੈ ਲਿਆ। ਜ਼ਿਕਰਯੋਗ ਹੈ ਕਿ ਅੱਜ ਅਣਮਿੱਥੇ ਸਮੇਂ ਦੇ ਧਰਨੇ ਦੇ 15ਵੇਂ ਦਿਨ ਕੇਵਾਈਐਸ ਵੱਲੋਂ ਡੀਯੂ ਦੇ ਵਾਈਸ ਚਾਂਸਲਰ ਤੇ ਸਟੀਫਨ ਪ੍ਰਿੰਸੀਪਲ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕਿਹਾ ਕਿ ਧਰਨੇ ਦੇ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਮੰਗਾਂ ਪ੍ਰਤੀ ਉਦਾਸੀਨ ਰਵੱਈਆ ਅਪਣਾ ਰਿਹਾ ਹੈ। ਹਿਰਾਸਤ ਦੌਰਾਨ ਕਈ ਵਿਦਿਆਰਥੀ ਜ਼ਖਮੀ ਹੋਏ। ਇਸ ਮੌਕੇ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈਣ ਵਾਲਿਆਂ ਵਿੱਚੋਂ ਬਹੁਤ ਸਾਰੇ ਪੁਲੀਸ ਮੁਲਾਜ਼ਮ ਸਿਵਲ ਕੱਪੜਿਆਂ ਵਿਚ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੰਟਰਵਿਊ ਦੇ ਮਾਪਦੰਡ, ਡਿਪ੍ਰੈਸ਼ਨ ਪੁਆਇੰਟਾਂ ਨੂੰ ਖਤਮ ਕਰਨ ਅਤੇ ਡੀਯੂ ਦੇ ਸਾਰੇ ਕਾਲਜਾਂ ਵਿੱਚ ਸ਼ਾਮ ਦੀ ਸ਼ਿਫਟ ਸ਼ੁਰੂ ਕਰਨ ਦੀ ਮੰਗ ਤੇ ਸਟੀਫਨ ਕਾਲਜ ਦੇ ਮੁੱਦੇ ਤਹਿਤ ਇਹ ਧਰਨਾ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਆਮ ਵਿਦਿਆਰਥੀਆਂ ਦੇ ਸੰਘਰਸ਼ ਦੇ ਬਾਵਜੂਦ ਨਾਲ ਹੀ ਡੀਯੂ ਅਤੇ ਸੇਂਟ ਸਟੀਫਨਜ਼ ਦੇ ਪ੍ਰਸ਼ਾਸਨ ‘ਤੇ ਕੋਈ ਅਸਰ ਨਹੀਂ ਹੋਇਆ ਹੈ। ਕੇਵਾਈਐਸ ਨੇ ਅਣਮਿੱਥੇ ਸਮੇਂ ਦੇ ਧਰਨੇ ਨੂੰ ਸੰਬੋਧਨ ਕਰਨ ਲਈ ਡਾ. ਮਾਇਆ ਜੌਹਨ ਨੂੰ ਸੱਦਾ ਦਿੱਤਾ ਸੀ। ਗੌਰਤਲਬ ਹੈ ਕਿ ਡਾ. ਜੌਨ ਇੱਕ ਪ੍ਰਸਿੱਧ ਮਹਿਲਾ ਅਧਿਕਾਰ ਕਾਰਕੁਨ ਤੇ ਸੇਂਟ ਸਟੀਫਨ ਕਾਲਜ ਦੀ ਪਹਿਲੀ ਮਹਿਲਾ ਪ੍ਰਧਾਨ ਹੈ ਅਤੇ ਉਹ ਇਸ ਚੱਲ ਰਹੇ ਸੰਘਰਸ਼ ਦੇ ਸਮਰਥਨ ਵਿੱਚ ਇਕੱਠੇ ਹੋਏ ਸਨ।