ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਸਤੰਬਰ
ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਦੇ ਪ੍ਰਤੀਕ ਵਜੋਂ ਅੱਜ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਨਿਰਦੇਸ਼ਾਂ ਅਨੁਸਾਰ ਦਿੱਲੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੀ ਭਾਰਤ ਜੋੜੋ ਯਾਤਰਾ ਕੱਢੀ ਗਈ।
ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਚੌਧਰੀ ਨੇ ਦੱਸਿਆ ਕਿ ਅੱਜ ਦਿੱਲੀ ਭਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀਆਂ ਵੱਲੋਂ ਭਾਰਤ ਜੋੜੋ ਯਾਤਰਾ ਕੱਢੀ ਗਈ। ਦਿੱਲੀ ਭਰ ਵਿੱਚ ਭਾਰਤ ਜੋੜੋ ਯਾਤਰਾ ਦਿੱਲੀ ਦੇ ਕੋਆਰਡੀਨੇਟਰ ਅਤੇ ਦਿੱਲੀ ਦੇ ਸਾਬਕਾ ਮੰਤਰੀ ਡਾ. ਨਰਿੰਦਰ ਨਾਥ ਦੀ ਦੇਖਰੇਖ ਕੱਢੀ ਗਈ। ਡਾ. ਨਰਿੰਦਰ ਨਾਥ ਨੇ ਕਿਹਾ ਕਿ ਦੇਸ਼ ਭਰ ਵਿੱਚ ਭਾਰਤ ਜੋੜੋ ਯਾਤਰਾ ਕੱਢਣ ਦਾ ਮਕਸਦ ਆਰਥਿਕ ਅਸਮਾਨਤਾਵਾਂ, ਸਮਾਜਿਕ ਵਿਤਕਰੇ, ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਅਤਿ ਕੇਂਦਰੀਕਰਨ ਅਤੇ ਜਾਤ, ਧਰਮ, ਭਾਸ਼ਾ, ਖਾਣ-ਪੀਣ, ਪਹਿਰਾਵੇ ਦੇ ਆਧਾਰ ’ਤੇ ਸਮਾਜਿਕ ਤੌਰ ’ਤੇ ਕੀਤੇ ਜਾ ਰਹੇ ਧੱਕੇ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਦਿੱਲੀ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਅੱਜ ਸੂਬਾ ਕਾਂਗਰਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਜ਼ਿਲ੍ਹਿਆਂ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਦਿੱਲੀ ਵਿਚ ਪ੍ਰਤੀਕ ਰੂਪ ਵਿਚ ਭਾਰਤ ਜੋੜੋ ਯਾਤਰਾ ਕੱਢੀ| ਉਨ੍ਹਾਂ ਦੱਸਿਆ ਕਿ ਕੰਨਿਆਕੁਮਾਰੀ ਤੋਂ ਆਉਣ ਵਾਲੀ ਯਾਤਰਾ ਯੂਪੀ ਤੋਂ ਬਾਅਦ ਦਿੱਲੀ ਤੱਕ ਦਿਨ ਭਰ ਜਾਰੀ ਰਹੇਗੀ, ਜੋ 45 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹਰਿਆਣਾ ਵਿੱਚ ਦਾਖ਼ਲ ਹੋਵੇਗੀ।