ਪੱਤਰ ਪ੍ਰੇਰਕ
ਫਰੀਦਾਬਾਦ, 21 ਸਤੰਬਰ
ਇੱਥੇ ਅੱਜ ਜੈਪੁਰ ਹਾਈਵੇਅ ਉਪਰ ਫਲਾਈਓਵਰ ਦਾ ਕੰਮ ਜਾਰੀ ਰਹਿਣ ਦੌਰਾਨ ਦਿੱਲੀ-ਗੁਰੂਗ੍ਰਾਮ ਦੇ ਹੀਰੋ-ਹੌਂਡਾ ਚੌਕ ਨੇੜੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ ਤੇ ਲੋਕਾਂ ਨੂੰ ਕਾਫੀ ਦੇਰ ਜਾਮ ਵਿੱਚ ਫਸੇ ਰਹਿਣਾ ਪਿਆ। ਭਾਰਤੀ ਕੌਮੀ ਰਾਜਮਾਰਗ ਅਥਾਰਟੀ (ਐਨਐਚਏਆਈ) ਵੱਲੋਂ ਫਲਾਈਓਵਰ ਉਪਰ ਵਜ਼ਨ ਦੀ ਜਾਂਚ ਕੀਤੀ (ਲੋਡ ਟੈਸਟ) ਕੀਤੀ ਜਾ ਰਹੀ ਹੈ। ਇਸੇ ਦੌਰਾਨ ਮਾਨੇਸਰ ਤੋਂ ਗੁਰੂਗ੍ਰਾਮ ਜਾਣ ਵਾਲੇ ਯਾਤਰੀਆਂ ਨੂੰ ਦਿੱਲੀ-ਜੈਪੁਰ ਹਾਈਵੇਅ ਉੱਤੇ ਇੱਕ ਗੱਡੀ ਖਰਾਬ ਹੋਣ ਕਾਰਨ ਜਾਮ ਦਾ ਸਾਹਮਣਾ ਕਰਨਾ ਪਿਆ।
ਹਾਈਵੇਅ ਦੀ ਜੈਪੁਰ ਤੋਂ ਦਿੱਲੀ ਲੇਨ ’ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਕੀਤੇ ਜਾ ਰਹੇ ‘ਸਪੈਨ ਲੋਡ ਟੈਸਟ’ ਦੇ ਕੰਮ ਕਾਰਨ ਹਾਈਵੇਅ ਦਾ ਮੁੱਖ ਕੈਰੇਜਵੇਅ ਬੁੱਧਵਾਰ ਨੂੰ ਅਗਲੇ ਛੇ ਦਿਨਾਂ ਲਈ ਬੰਦ ਕਰ ਦਿੱਤਾ ਗਿਆ। ਟ੍ਰੈਫਿਕ ਜਾਮ ਵਿੱਚ ਜ਼ਿਆਦਾਤਰ ਦਫਤਰ ਜਾਣ ਵਾਲੇ ਰਾਹਗੀਰ ਫਸ ਗਏ। ਕਈਆਂ ਨੇ ਦਾਅਵਾ ਕੀਤਾ ਕਿ ਹੀਰੋ ਹੌਂਡਾ ਚੌਕ ਤੋਂ ਮਾਨੇਸਰ ਦੇ ਆਈਐਮਟੀ ਚੌਕ ਤੱਕ ਪਹੁੰਚਣ ਵਿੱਚ ਲਗਪਗ ਪੰਜ ਘੰਟੇ ਲੱਗ ਗਏ। 8 ਤੋਂ 10 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਸੀ ਤੇ ਫ੍ਰੀਵੇਅ ਦੇ ਦੋ-ਕਿਲੋਮੀਟਰ ਲੰਬਾ ਸਫ਼ਰ ਕਰਨ ਵਿੱਚ ਯਾਤਰੀਆਂ ਨੂੰ 25 ਮਿੰਟ ਤੱਕ ਦਾ ਸਮਾਂ ਲੱਗਿਆ। ਕਈਆਂ ਨੇ ਟ੍ਰੈਫਿਕ ਜਾਮ ਦੀਆਂ ਵੀਡੀਓ ਅਤੇ ਫੋਟੋਆਂ ਨੂੰ ਇਕ ਦੂਜੇ ਨੁੰ ਸਾਂਝਾ ਕੀਤਾ। ਟ੍ਰੈਫਿਕ ਪੁਲੀਸ ਨੇ ਟਵਿੱਟਰ ’ਤੇ ਸਥਿਤੀ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਅਤੇ ਰੂਟ ਬਦਲਣ ਲਈ ਸਾਈਨ ਬੋਰਡ ਲਗਾਏ। ਪੁਲੀਸ ਦੇ ਡਿਪਟੀ ਕਮਿਸ਼ਨਰ (ਟ੍ਰੈਫਿਕ) ਆਰਐੱਸ ਸਾਂਗਵਾਨ ਨੇ ਕਿਹਾ ਕਿ ਸਿਰਫ ਇੱਕ ਵਾਹਨ ਕਾਰਨ ਟ੍ਰੈਫਿਕ ਜਾਮ ਹੋਇਆ ਸੀ। ਸਾਡੀਆਂ ਟੀਮਾਂ ਟ੍ਰੈਫਿਕ ਨੂੰ ਨਿਯੰਤਰਿਤ ਕਰਨ ਲਈ ਮੌਕੇ ’ਤੇ ਮੌਜੂਦ ਹਨ ਤੇ ਹੁਣ ਸਥਿਤੀ ਕਾਬੂ ਹੇਠ ਹੈ।
ਇੱਕ ਦਿਨ ਪਹਿਲਾਂ ਦਿੱਤੀ ਸੀ ਚਿਤਾਵਨੀ
ਮੰਗਲਵਾਰ ਨੂੰ ਗੁਰੂਗ੍ਰਾਮ ਟ੍ਰੈਫਿਕ ਪੁਲੀਸ ਨੇ ਇਸ ਸਬੰਧ ਵਿਚ ਚਿਤਾਵਨੀ ਜਾਰੀ ਕੀਤੀ ਸੀ। ਟ੍ਰੈਫਿਕ ਪੁਲੀਸ ਦੀ ਐਡਵਾਈਜ਼ਰੀ ਮੁਤਾਬਕ ਜੈਪੁਰ ਤੋਂ ਆਉਣ ਵਾਲੇ ਅਤੇ ਦਿੱਲੀ ਜਾਣ ਦਾ ਇਰਾਦਾ ਰੱਖਣ ਵਾਲਿਆਂ ਨੂੰ ਸਰਵਿਸ ਲੇਨ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਜੈਪੁਰ ਤੋਂ ਆਉਣ ਵਾਲੇ ਅਤੇ ਸੁਭਾਸ਼ ਚੌਕ ਵੱਲ ਜਾਣ ਦੇ ਇਰਾਦੇ ਵਾਲੇ ਯਾਤਰੀਆਂ ਨੂੰ ਸਰਵਿਸ ਲੇਨ ਦੀ ਵਰਤੋਂ ਕਰਨ ਅਤੇ ਫਲਾਈਓਵਰ ਦੇ ਹੇਠਾਂ ਯੂ-ਟਰਨ ਲੈਣ ਲਈ ਕਿਹਾ ਗਿਆ। ਬਾਅਦ ਵਿੱਚ ਸੁਭਾਸ਼ ਚੌਕ ਵੱਲ ਖੱਬੇ ਪਾਸੇ ਜਾਣ ਲਈ ਕਿਹਾ ਗਿਆ। ਉਮੰਗ ਭਾਰਦਵਾਜ ਚੌਕ ਤੋਂ ਆਉਣ ਵਾਲੇ ਅਤੇ ਜੈਪੁਰ ਵੱਲ ਜਾਣ ਵਾਲੇ ਯਾਤਰੀਆਂ ਨੂੰ ਸਿੱਧੇ ਜਾਣ ਲਈ ਅੰਡਰਪਾਸ ਦੀ ਵਰਤੋਂ ਕਰਨੀ ਚਾਹੀਦੀ ਹੈ, ਅੰਡਰਪਾਸ ਤੋਂ ਬਾਹਰ ਨਿਕਲਣ ਤੋਂ ਬਾਅਦ ਯੂ-ਟਰਨ ਲੈਣਾ ਚਾਹੀਦਾ ਹੈ ਤੇ ਫਿਰ ਜੈਪੁਰ ਵੱਲ ਖੱਬੇ ਪਾਸੇ ਮੁੜਨਾ ਚਾਹੀਦਾ ਹੈ। ਜੋ ਲੋਕ ਦਿੱਲੀ ਤੋਂ ਆ ਰਹੇ ਹਨ ਤੇ ਉਮੰਗ ਭਾਰਦਵਾਜ ਚੌਕ ਵੱਲ ਜਾਣ ਦਾ ਇਰਾਦਾ ਰੱਖਦੇ ਹਨ, ਖੱਬੇ ਪਾਸੇ ਸੁਭਾਸ਼ ਚੌਕ ਵੱਲ ਜਾਣਾ ਚਾਹੀਦਾ ਹੈ ਅਤੇ ਫਿਰ ਅੰਡਰਪਾਸ ਰਾਹੀਂ ਉਮੰਗ ਭਾਰਦਵਾਜ ਚੌਕ ਵੱਲ ਜਾਣ ਲਈ ਯੂ-ਟਰਨ ਲੈਣਾ ਚਾਹੀਦਾ ਹੈ।