ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦਾ ਪੁਰਬ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿੱਚ ਬੜੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਾਫ਼ੀ ਗਿਣਤੀ ’ਚ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋਈਆਂ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਸੰਗਤ ਵੱਲੋਂ ਥਾਂ-ਥਾਂ ਪ੍ਰਸ਼ਾਦ ਦੇ ਸਟਾਲ ਲਗਾਏ ਗਏ।
ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸੰਗਤ ਨੂੰ ਭਰੋਸਾ ਦੁਆਇਆ ਕਿ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ’ਤੇ ਸੰਗਤਾਂ ਨੂੰ ਜਲਦ ਹੋਰ ਵੀ ਮੈਡੀਕਲ ਸੁਵਿਧਾਵਾਂ ਦਾ ਲਾਭ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮਾਤਾ ਸ਼ਰਨ ਕੌਰ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਉਣ ਲਈ ਉਨ੍ਹਾਂ ਦਾ ਦਿਹਾੜਾ ਵੀ ਮਨਾਇਆ ਜਾਵੇਗਾ। ਕਾਲਕਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਨੇ ਲੋਕਾਈ ਨੂੰ ਨਾਥਾਂ, ਜੋਗੀਆਂ, ਸਾਧਾਂ ਦੇ ਘੇਰੇ ਵਿੱਚੋਂ ਕੱਢ ਕੇ ਗ੍ਰਹਿਸਥ ਜੀਵਨ ਜਿਉਂਦਿਆਂ ਨਾਮ ਜਪਣ, ਕਰਤਾਰ ਨਾਲ ਜੁੜਨ ਅਤੇ ਪ੍ਰਮਾਤਮਾ ਦਾ ਹੁਕਮ ਮੰਨਣ ਦਾ ਸੰਦੇਸ਼ ਦਿੱਤਾ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸਿੱਖ ਸੰਗਤ ਨੂੰ ਆਪਣੇ ਬੱਚਿਆਂ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਪੜ੍ਹਾਉਣ ਦੀ ਅਪੀਲ ਕੀਤੀ ਤਾਂ ਜੋ ਸਕੂਲਾਂ ਦੀ ਵਿਰਾਸਤ ਨੂੰ ਸੰਭਾਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਨੇ ਮਾਨਵਤਾ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਗਿਆਨ ਰੂਪੀ ਚੇਤਨਾ ਦੀ ਜੋਤਿ ਦੀ ਰੋਸ਼ਨੀ ਵਿੱਚ ਲਿਆਂਦਾ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤਕ ਸਮਾਗਮ ਕਰਵਾਏ ਗਏ ਜਿਸ ਦੀ ਆਰੰਭਤਾ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਉਪਰੰਤ ਹੋਈ।