ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਦਸੰਬਰ
ਮੱਧ ਦਿੱਲੀ ਵਿੱਚ ਆਈਜੀਆਈ ਸਟੇਡੀਅਮ ਨੇੜੇ ਅੱਜ ਇੱਕ ਕੰਟੇਨਰ ਪਲਟ ਕੇ ਆਟੋ ’ਤੇ ਡਿੱਗ ਗਿਆ, ਜਿਸ ਕਾਰਨ ਹਾਦਸੇ ਵਿੱਚ ਇੱਕ ਆਟੋਰਿਕਸ਼ਾ ਚਾਲਕ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਐਮਰਜੈਂਸੀ ਰਿਸਪਾਂਸ ਵਹੀਕਲ ਦੇ ਸਟਾਫ ਨੇ ਸਵੇਰੇ 6.50 ਵਜੇ ਦੇ ਕਰੀਬ ਇਲਾਕੇ ਵਿੱਚ ਗਸ਼ਤ ਕਰਦੇ ਹੋਏ ਆਈਜੀਆਈ ਗੇਟ ਨੰਬਰ-16 ਨੇੜੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਉਕਤ ਸਟਾਫ ਨੇ ਪੁਲੀਸ ਨੂੰ ਦੱਸਿਆ ਕਿ ਹਰਿਆਣਾ ਦੀ ਨੰਬਰ ਪਲੇਟ ਵਾਲੇ ਇੱਕ ਵੱਡੇ ਕੰਟੇਨਰ-ਟਰੱਕ ਨੇ ਆਟੋ ਨੂੰ ਕੁਚਲ ਦਿੱਤਾ ਹੈ। ਸੂਤਰਾਂ ਮੁਤਾਬਿਕ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਆਟੋ ਦੇ ਅੰਦਰ ਫਸੀਆਂ ਚਾਰ ਪੁਰਸ਼ਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਕੇ ਹਸਪਤਾਲ ਭੇਜ ਦਿੱਤਾ ਗਿਆ। ਚੌਲਾਂ ਦਾ ਕੰਟੇਨਰ 35 ਟਨ ਤੋਂ ਵੱਧ ਮਾਲ ਨਾਲ ਲੱਦਿਆ ਹੋਇਆ ਸੀ। ਦੂਜੇ ਪਾਸੇ ਪੁਲੀਸ ਨੇ ਪੁੱਛ-ਪੜਤਾਲ ਦੌਰਾਨ ਮ੍ਰਿਤਕ ਦੀ ਪਛਾਣ ਸ਼ਾਸਤਰੀ ਪਾਰਕ ਇਲਾਕੇ ‘ਚ ਰਹਿਣ ਵਾਲੇ ਆਟੋ ਚਾਲਕ ਸੁਰਿੰਦਰ ਅਤੇ ਉਸ ਦੇ ਭਤੀਜੇ ਜੈ ਕਿਸ਼ੋਰ ਵਜੋਂ ਕੀਤੀ ਹੈ।
ਪੁਲੀਸ ਦਾ ਕਹਿਣਾ ਹੈ ਕਿ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਆਟੋ ਪੂਰੀ ਤਰ੍ਹਾਂ ਨੁਕਾਸਨਿਆ ਗਿਆ। ਹਾਦਸੇ ਮਗਰੋਂ ਕੰਟੇਨਰ ਚਾਲਕ ਤੇ ਉਸ ਦਾ ਕੰਡਕਟਰ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਟਰੱਕ ਮਾਲਕ ਜਤਿੰਦਰ ਨੇ ਪੁਲੀਸ ਨੂੰ ਦੱਸਿਆ ਕਿ ਇਹ ਟਰੱਕ ਸੋਨੀਪਤ ਤੋਂ ਤੁਗਲਕਾਬਾਦ ਡਿੱਪੂ ਜਾ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਆਟੋ ਰਿਕਸ਼ਾ ਨੂੰ ਵੱਢ ਕੇ ਲਾਸ਼ਾਂ ਬਾਹਰ ਕੱਢੀਆਂ ਗਈਆਂ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਐਲਐੱਨਜੀਪੀ ਹਸਪਤਾਲ ਵਿੱਚ ਭੇਜ ਦਿੱਤਾ ਹੈ।