ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੂਨ
ਪੂਰਬੀ ਦਿੱਲੀ ਦੇ ਸ਼ਾਹਦਰਾ ਵਿੱਚ ਅੱਜ ਇੱਕ ਪੁਲੀਸ ਥਾਣੇ ਦੇ ਅੰਦਰ ਇੱਕ ਵਿਅਕਤੀ ਨੇ ਪੰਜ ਪੁਲੀਸ ਮੁਲਾਜ਼ਮਾਂ ਤੇ ਹੋਮ ਗਾਰਡ ਦੇ ਇਕ ਜਵਾਨ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਾਹਦਰਾ ਦੇ ਸਾਈਬਰ ਪੁਲੀਸ ਥਾਣੇ ਦੀ ਹੈ। ਪੁਲੀਸ ਅਨੁਸਾਰ ਮੁਲਜ਼ਮ ਪੁਲੀਸ ਥਾਣੇ ਅੰਦਰ ਦਾਖ਼ਲ ਹੋਇਆ ਤੇ ਵੀਡੀਓ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇੱਕ ਪੁਲੀਸ ਮੁਲਾਜ਼ਮ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਅਚਾਨਕ ਚਾਕੂ ਕੱਢ ਲਿਆ ਅਤੇ ਪੁਲੀਸ ਮੁਲਾਜ਼ਮਾਂ ਦੇ ਚਾਕੂ ਮਾਰਨ ਲੱਗਾ। ਸਾਰੇ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਤੇ ਹੋਮ ਗਾਰਡ ਜਵਾਨ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇੱਕ ਪੁਲੀਸ ਮੁਲਾਜ਼ਮ ਦੀ ਛਾਤੀ ’ਤੇ ਡੂੰਘਾ ਜ਼ਖ਼ਮ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਮੁਲਜ਼ਮ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਉਹ ਸ਼ਿਕਾਇਤਕਰਤਾ ਹੈ ਪਰ ਉਸ ਕੋਲ ਸ਼ਿਕਾਇਤ ਦੀ ਕੋਈ ਕਾਪੀ ਨਹੀਂ ਮਿਲੀ। ਉਸ ਨੇ ਆਪਣਾ ਸਿਰ ਕੰਧ ਨਾਲ ਮਾਰਿਆ।