ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਈ
ਇੱਥੇ ਅੱਜ ਦਿੱਲੀ ਵਿੱਚ ਭਗਤ ਨਾਮਦੇਵ ਲਾਇਬ੍ਰੇਰੀ ਵਿੱਚ ਪੰਜਾਬੀ ਲੋਕ ਮੰਚ ਦੀ ਇੱਕ ਸਾਹਿਤਕ ਇਕੱਤਰਤਾ ਕਰਵਾਈ ਗਈ। ਇਸ ਦੀ ਪ੍ਰਧਾਨਗੀ ਪ੍ਰੋ. ਜਸਪਾਲ ਕੌਰ ਨੇ ਕੀਤੀ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਵੀ ਰਵਿੰਦਰ ਮੁੱਖ ਮਹਿਮਾਨ ਅਤੇ ਪ੍ਰੋ. ਮਨਜੀਤ ਸਿੰਘ ਤੇ ਸ਼ਾਇਰ ਮੋਹਨਜੀਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੰਚ ਦੇ ਪੈਟਰਨ ਡਾ. ਹਰਮੀਤ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਮੰਚ ਸੰਚਾਲਨ ਕਰਦਿਆਂ ਡਾ. ਪ੍ਰਿਥਵੀ ਰਾਜ ਥਾਪਰ ਨੇ ਪੁਸਤਕਾਂ ਤੇ ਲੇਖਕਾਂ ਨਾਲ ਜਾਣ-ਪਛਾਣ ਕਰਵਾਈ। ਗੁਰਚਰਨ ਸਿੰਘ ਸੱਗੂ ਦੀ ਪੁਸਤਕ ‘ਵੇਖਿਆ ਸ਼ਹਿਰ ਬੰਬਈ’, ਡਾ. ਦਵਿੰਦਰ ਕੌਰ ਯੂ. ਕੇ. ਦੀਆਂ ਦੋ ਪੁਸਤਕਾਂ ‘ਔਰਤ ਨਾਮਾ’ ਤੇ ‘ਕਿਤਾਬ ਬੋਲਦੀ ਹੈ’, ਗਗਨਮੀਤ ਦੀ ਪੁਸਤਕ ‘ਸਹਿਜੇ ਸਹਿਜੇ ਤੁਰ’, ਰਾਜੀਵ ਸੇਠ ਦੀ ਪੁਸਤਕ ‘ਗੱਡੀ ਨਿਕਲ ਜਾਏਗੀ’, ਦਲਵੀਰ ਕੌਰ ਦੀ ‘ਚਿਤਵਨੀ’, ਸੁਰਜੀਤ ਦੀ ‘ਤੇਰੀ ਰੰਗਸ਼ਾਲਾ’, ਮਨਪ੍ਰੀਤ ਮੰਨ ਦੀ ‘ਤਲਾਸ਼’, ਪੀ.ਐੱਸ ਸੋਢੀ ਦੀ ਪੁਸਤਕ ‘ਭਗਤ ਨਾਮਦੇਵ‘ ਅਤੇ ਰਾਜਿੰਦਰ ਬਿਆਲਾ ਦੀਆਂ ਦੋ ਪੁਸਤਕਾਂ ‘ਕਿਉਂਕਿ ਸ਼ਬਦ ਮਰਦੇ ਨਹੀਂ’ ਅਤੇ ਅੰਗਰੇਜ਼ੀ ਵਿਚ ਪੁਸਤਕ ‘ਮੀ ਮਾਈ ਵਰਡਜ਼ ਮਾਈ ਪੋਇਟਰੀ ਲੋਕ’ ਅਰਪਨ ਕੀਤੀਆਂ ਗਈਆਂ। ਇਨ੍ਹਾਂ ਪੁਸਤਕਾਂ ’ਤੇ ਡਾ. ਅਮੀਆਂ ਕੁੰਵਰ, ਡਾ. ਹਰਬੰਸ ਸਿੰਘ, ਡਾ. ਮਨਜੀਤ ਸਿੰਘ, ਡਾ. ਦੀਪਾ ਕੁਮਾਰ, ਡਾ. ਮੁਨੀਸ਼ ਕੁਮਾਰ, ਡਾ. ਕਵਲਜੀਤ ਕੌਰ, ਅੰਜਲੀ ਗੁਪਤਾ ਅਤੇ ਡਾ. ਮਨਪ੍ਰੀਤ ਬਾਵਾ ਨੇ ਪੇਪਰ ਪੇਸ਼ ਕੀਤੇ। ਅਖੀਰ ਵਿੱਚ ਗਾਇਕਾ ਰੀਆ ਥਾਪਰ ਨੇ ਮਾਂ ਨੂੰ ਸਮਰਪਿਤ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਪ੍ਰੋ. ਜਸਪਾਲ ਕੌਰ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਵੀ ਪੰਜਾਬੀ ਲੇਖਕ ਲਗਾਤਾਰ ਕਾਰਜਸ਼ੀਲ ਰਹੇ ਹਨ।