ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜਨਵਰੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੋਨਾ ਹੋਣ ਮਗਰੋਂ ਇਕਾਂਤਵਾਸ ਵਿੱਚ ਜਾਣ ਅਤੇ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ ਹੁਣ ਸਿਆਸੀ ਪਾਰਟੀਆਂ ਤੋਂ ਕਰੋਨਾ ਦੌਰਾਨ ਵੱਡੀਆਂ ਰੈਲੀਆਂ ਕਰਨ ਬਾਰੇ ਸਵਾਲ ਉੱਠਣ ਲੱਗੇ ਹਨ। ਅੱਜ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਰੋਨਾ ਦੇ ਵਾਧੇ ਦੌਰਾਨ ਚੋਣਾਂ ਵੱਡੀਆਂ ਰੈਲੀਆਂ ਕੀਤੇ ਜਾਣ ਬਾਰੇ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਤਾਂ ਸਿਹਤ ਮੰਤਰੀ ਨੇ ਤਿੱਖਾ ਜਵਾਬ ਦਿੱਤਾ, ‘ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਪ੍ਰਚਾਰ ਕਰਨਾ ਬੰਦ ਕਰ ਦਈਏ, ਕੀ ਅਸੀਂ ਚੋਣਾਂ ਨਾ ਲੜੀਏ’ ਸ੍ਰੀ ਜੈਨ ਕਰੋਨਾ ਦੇ ਹੋਰ ਗੰਭੀਰ ਹੋਣ ਬਾਰੇ ਪ੍ਰੈੱਸ ਕਾਨਫਰੰਸ ਵਿੱਚ ਬੋਲ ਰਹੇ ਸਨ। ਸ੍ਰੀ ਕੇਜਰੀਵਾਲ ਨੇ ਬੀਤੇ ਦਿਨ ਟਵੀਟ ਕਰਕੇ ਖ਼ੁਦ ਨੂੰ ਕਰੋਨਾ ਹੋਣ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਲੋਕਾਂ ਨੂੰ ਆਪਣਾ ਧਿਆਨ ਰੱਖਣ ਲਈ ਕਿਹਾ ਸੀ। ਉਹ ਤਿੰਨ ਦਿਨ ਪਹਿਲਾਂ ਪੰਜਾਬ ਵਿਖੇ ਚੋਣ ਪ੍ਰਚਾਰ ਲਈ ਰੈਲੀਆਂ ਕਰ ਰਹੇ ਸਨ ਤੇ ਉਨ੍ਹਾਂ ਦੇ ਉੱਤਰਾਖੰਡ ਦੇ ਦੇਹਰਾਦੂਨ ਵਿਖੇ ਚੋਣ ਸਭਾ ਮਗਰੋਂ ਕਰੋਨਾ ਹੋਣ ਦਾ ਪਤਾ ਲੱਗਾ ਸੀ। ‘ਆਪ’ ਨੇ ਪੰਜਾਬ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਪੂਰੀ ਤਾਕਤ ਲਾਈ ਹੋਈ ਹੈ।