ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਇੱਥੇ ਰਾਜੌਰੀ ਗਾਰਡਨ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਚੱਲ ਰਹੀ ਗੁਰੂ ਨਾਨਕ ਡਿਸਪੈਂਸਰੀ ’ਚ ਮੈਮੋਗ੍ਰਾਫੀ ਕੇਂਦਰ ਖੋਲ੍ਹਣ ਬਾਬਤ ਪਿਸ਼ੌਰੀ ਭਾਈਚਾਰੇ ਦੀ ਇੱਕ ਅਹਿਮ ਮੀਟਿੰਗ ਉੱਥੋਂ ਦੇ ਟੋਡਲ ਮੱਲ ਹਾਲ ਵਿੱਚ ਕੀਤੀ ਗਈ। ਮੀਟਿਿੰਗ ਵਿੱਚ ਪਿਸ਼ੌਰੀ ਭਾਈਚਾਰੇ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਸਬੰਧੀ ਗੁਰਦੁਆਰੇ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਡਿਸਪੈਂਸਰੀ ਵਿੱਚ ਮੈਮੋਗ੍ਰਾਫੀ ਕੇਂਦਰ ਖੋਲ੍ਹਣ ਬਾਰੇ ਬੈਠਕ ਕੀਤੀ ਗਈ ਹੈ ਤੇ ਕੇਂਦਰ ਦਾ ਨਾਮ ਭਾਪਾ ਰਵੇਲ ਸਿੰਘ ਨੇ ਨਾਂ ਉਪਰ ਰੱਖਣ ਦੀ ਸਹਿਮਤੀ ਬਣੀ ਹੈ। ਉਨ੍ਹਾਂ ਦੱਸਿਆ ਕਿ ਭਾਪਾ ਰਵੇਲ ਸਿੰਘ ਨੇ ਇਸ ਗੁਰਦੁਆਰੇ ਨੂੰ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਉੱਦੋਂ ਨਿਭਾਈ ਸੀ ਜਦੋਂ ਦੇਸ਼ ਦੀ ਵੰਡ ਮਗਰੋਂ ਦਿੱਲੀ ਵਿੱਚ ਅਜੇ ਸਿੱਖ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਵੇਲ ਸਿੰਘ ਨੇ 50ਵਿਆਂ ਦੌਰਾਨ ਭਾਈਚਾਰੇ ਦੇ ਸੇਵਾ ਸ਼ੁਰੂ ਕੀਤੀ ਤੇ 4 ਦਹਾਕੇ ਲਗਾਤਾਰ ਸਰਗਰਮ ਰਹੇ। ਮੀਟਿੰਗ ਵਿੱਚ ਬੀਬੀਆਂ ਵੀ ਹਾਜ਼ਰ ਸਨ। ਪ੍ਰਧਾਨ ਮੁਤਾਬਕ ਕਮੇਟੀ ਨੇ ਫੈਸਲਾ ਕੀਤਾ ਕਿ ਮੈਮੋਗ੍ਰਾਫੀ ਵੀ ਸ਼ੁਰੂ ਕੀਤੀ ਜਾਵੇ ਅਤੇ ਮਸ਼ੀਨ ਦਾ ਆਰਡਰ ਦੇ ਦਿੱਤਾ ਗਿਆ ਹੈ। ਹਰਮਨਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਇਹ ਸਹੂਲਤਾਂ ਹੋਰਨਾਂ ਹਸਪਤਾਲਾਂ ਵਿੱਚ ਉਪਲਬਧ ਹਨ, ਪਰ ਇਸ ਦੀ ਵੱਡੀ ਕੀਮਤ ਵਸੂਲੀ ਜਾਂਦੀ। ਗੁਰਦੁਆਰਾ ਸਾਹਿਬ ਵਿੱਚ ਇਹ ਸਹੂਲਤ ਬਹੁਤ ਹੀ ਘੱਟ ਕੀਮਤ ‘ਤੇ ਮੁਹੱਈਆ ਕਰਵਾਈ ਜਾਵੇਗੀ ਅਤੇ ਜਿਹੜੇ ਲੋਕ ਕੀਮਤ ਅਦਾ ਕਰਨ ਵਿਚ ਅਸਮਰਥ ਹੋਣਗੇ ਉਨ੍ਹਾਂ ਨੂੰ ਇਹ ਸਹੂਲਤ ਮੁਫਤ ਦਿੱਤੀ ਜਾਵੇਗੀ। ਇਸ ਮੌਕੇ ਐਚ.ਐਸ ਭਾਟੀਆ, ਪ੍ਰੀਤ ਪ੍ਰਤਾਪ ਸਿੰਘ, ਐਨ.ਐਸ ਭਾਟੀਆ, ਸੁੰਦਰ ਸਿੰਘ ਨਾਰੰਗ, ਰਾਜਾ ਬਖਸ਼ੀ, ਚਰਨਜੀਤ ਸਿੰਘ ਚੰਨੀ ਤੇ ਭਾਪਾ ਰਵੇਲ ਸਿੰਘ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।