ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮੀ ਰਾਜਧਾਨੀ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ‘ਪੰਜਾਬੀ ਭਾਸ਼ਾ ਤੇ ਪ੍ਰਚਾਰ ਪਸਾਰ ਕਮੇਟੀ ਦੀ ਬੈਠਕ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਨਫਰੰਸ ਹਾਲ ਵਿੱਚ ਕੀਤੀ ਗਈ, ਜਿਸ ਵਿੱਚ ਪੰਜਾਬੀ ਬੋਲੀ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬੀ ਦੇ ਨਾਂ ’ਤੇ ਚੌਧਰਾਂ ਚਮਕਾਉਣ ਵਾਲਿਆਂ ਤੋਂ ਸਾਵਧਾਨ ਰਹਿਣ ਦਾ ਅਹਿਦ ਵੀ ਲਿਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਮੀਟਿੰਗ ਪੰਜਾਬੀ ਭਾਸ਼ਾ ਪ੍ਰਚਾਰ ਤੇ ਪਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਗੋਬਿੰਦਪੁਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਸਬੰਧੀ ਹਰਦਿੱਤ ਸਿੰਘ ਨੇ ਦੱਸਿਆ ਕਿ ਬੈਠਕ ਵਿੱਚ ਕਈ ਮੁੱਦੇ ਵਿਚਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਵਰਣਮਾਲਾ, ਵਿਆਕਰਨ ਤੇ ਸ਼ੁੱਧ ਭਾਸ਼ਾ ਬੋਲਣ ਵੱਲ ਨਵੀਂ ਪਨੀਰੀ ਨੂੰ ਲਾਉਣਾ ਬਹੁਤ ਜ਼ਰੂਰੀ ਹੈ। ਬੱਚਿਆਂ ਤੇ ਮਾਪਿਆਂ ਵਿੱਚ ਮਾਂ-ਬੋਲੀ ਪ੍ਰਤੀ ਬੇਰੁਖ਼ੀ, ਪੜ੍ਹਨ ਦੀਆਂ ਘਟਦੀਆਂ ਆਦਤਾਂ ਬਾਰੇ ਚਰਚਾ ਕੀਤੀ ਗਈ ਕਿ ਕਿਸ ਤਰ੍ਹਾਂ ਨਵੀਂ ਪਨੀਰੀ ਨੂੰ ਪੰਜਾਬੀ ਭਾਸ਼ਾ ਨਾਲ ਜੋੜ ਕੇ ਰੱਖਿਆ ਜਾਵੇ। ਇਸ ਦੌਰਾਨ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਦੇ ਮਿਆਰ, ਪਾਠਕ੍ਰਮ ਦੀ ਚੋਣ ਤੇ ਮਿਆਰੀ ਬਣਾਉਣ ਵਿੱਚ ਤਾਲਮੇਲ ਮਜ਼ਬੂਤ ਕਰਨ ਉਪਰ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਧਿਆਪਕ ਕਾਰਜ, ਰੰਗੀਨ ਕਿਤਾਬਾਂ, ਪੈਤੀਂ ਅੱਖਰੀ ਦੇ ਕਿਤਾਬਚੇ, ਸੁੰਦਰ ਬੋਰਡ, ਸਮਾਰਟ ਬੋਰਡ ਤੇ ਬਾਲ ਸਾਹਿਤ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਮੀਟਿੰਗ ਵਿੱਚ ਆਏ ਸੁਝਾਆਵਾਂ ਉਪਰ ਅਗਲੀ ਬੈਠਕ ਵਿੱਚ ਗੌਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬੀ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਸੁੰਦਰ ਲਿਖਾਈ, ਪੰਜਾਬੀ ਸਲੋਗਨ ਮੁਕਾਬਲੇ, ਬਾਲ ਲਘੂਨਾਟਕ ਆਦਿ ਸ਼ਾਮਲ ਹਨ।