ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਨਵੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਰਾਜਧਾਨੀ ਵਿੱਚ ਖਤਰਨਾਕ ਪ੍ਰਦੂਸ਼ਣ ਕਾਰਨ ਐਮਰਜੈਂਸੀ ਦੀ ਸਥਿਤੀ ਪੈਦਾ ਹੋਣ ਦੇ ਬਾਵਜੂਦ ਕੇਜਰੀਵਾਲ ਦਿੱਲੀ ਛੱਡ ਕੇ ਗੁਜਰਾਤ ਚੋਣਾਂ ਵਿੱਚ ਰੁੱਝੇ ਹੋਏ ਹਨ। ਦਿੱਲੀ ਵਿੱਚ ਪ੍ਰਦੂਸ਼ਣ ਹੋਰ ਵੀ ਖਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ ਪਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਪਾਰਕਾਂ ’ਚ ਯੋਗਸ਼ਾਲਾਵਾਂ ਚਲਾਉਣ ਦੀ ਅਪੀਲ ਕਰ ਰਹੇ ਹਨ, ਉਥੇ ਹੀ ਡਾਕਟਰ ਬੱਚਿਆਂ, ਬਜ਼ੁਰਗਾਂ, ਦਮਾ, ਫੇਫੜੇ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਇਸ ਸਮੱਸਿਆ ਤੋਂ ਬਚਣ ਦੀ ਸਲਾਹ ਦੇ ਰਹੇ ਹਨ। ਖਤਰਨਾਕ ਪ੍ਰਦੂਸ਼ਣ ਕਾਰਨ ਰਾਜਧਾਨੀ ਵਿੱਚ ਗੰਭੀਰ ਰੂਪ ਧਾਰਨ ਕਰ ਚੁੱਕੇ ਪ੍ਰਦੂਸ਼ਣ ਦੇ ਮੱਦੇਨਜ਼ਰ ਸੂਬਾ ਪ੍ਰਧਾਨ ਨੇ ਦਿੱਲੀ ਦੇ ਉਪ ਰਾਜਪਾਲ ਤੋਂ ਤੁਰੰਤ ਪ੍ਰਭਾਵ ਨਾਲ ਸਕੂਲਾਂ ਨੂੰ ਕੁਝ ਸਮੇਂ ਲਈ ਬੰਦ ਕਰਨ ਦਾ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਬੱਚਿਆਂ ਨੂੰ ਇਸ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸੂਬਾ ਪ੍ਰਧਾਨ ਨੇ ਦੱਸਿਆ ਕਿ ਦਿੱਲੀ ਪ੍ਰਦੂਸ਼ਣ ਲਈ ਕੇਜਰੀਵਾਲ ਸਰਕਾਰ ਵਿਚ ਫੈਲਿਆ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਪ੍ਰਦੂਸ਼ਣ ਦੀ ਰੋਕਥਾਮ ਲਈ ਜਿੰਨੇ ਵੀ ਫੰਡ ਅਲਾਟ ਕਰਦੀ ਹੈ, ਉਹ ਸਾਰੇ ਭ੍ਰਿਸ਼ਟਾਚਾਰ ਦੀ ਗ੍ਰਿਫ਼ਤ ਵਿੱਚ ਫਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗੰਭੀਰ ਪ੍ਰਦੂਸ਼ਣ ਕਾਰਨ ਰਾਜਧਾਨੀ ਵਿੱਚ ਬੱਚੇ ਨਮੂਨੀਆ, ਖੰਘ, ਜ਼ੁਕਾਮ ਤੇ ਸਾਹ ਲੈਣ ਵਿੱਚ ਤਕਲੀਫ਼ ਤੋਂ ਪੀੜਤ ਹਨ।