ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਨਵੰਬਰ
ਦੀਵਾਲੀ ਦੀ ਅਗਲੀ ਸਵੇਰ ਪ੍ਰਦੂਸ਼ਣ ਕਾਰਨ ਦਿੱਲੀ ਵਿੱਚ ਧੁੰਦ ਦੀ ਚਿੱਟੀ ਚਾਦਰ ਛਾ ਗਈ। ਇਸ ਕਾਰਨ ਦਿੱਲੀ ਵਾਸੀਆਂ ਨੂੰ ਸਾਹ ਲੈਣ ਵੀ ਔਖਾ ਹੋ ਗਿਆ। ਅਕਸ਼ਰਧਾਮ ਖੇਤਰ ਵਿੱਚ ਹਵਾ ਦੀ ਗੁਣਵੱਤਾ 452 ਸੀ, ਜੋ ਗੰਭੀਰ ਸ਼੍ਰੇਣੀ ਵਿੱਚ ਆਉਂਦੀ ਹੈ। ਸਵੇਰ ਤੋਂ ਬਾਅਦ ਵੀ ਧੁੰਦ ਕਾਰਨ ਵਾਹਨਾਂ ਨੂੰ ਹੈੱਡਲਾਈਟਾਂ ਜਗਾ ਕੇ ਚੱਲਣਾ ਪਿਆ। ਦੀਵਾਲੀ ਮੌਕੇ ਪਟਾਕਿਆਂ ’ਤੇ ਪਾਬੰਦੀ ਦੇ ਬਾਵਜੂਦ ਦਿੱਲੀ ਦੇ ਕਈ ਇਲਾਕਿਆਂ ’ਚ ਆਤਿਸ਼ਬਾਜ਼ੀ ਦੇਖਣ ਨੂੰ ਮਿਲੀ। ਇਸ ਕਾਰਨ ਦਿੱਲੀ ’ਚ ਹਵਾ ਦੀ ਗੁਣਵੱਤਾ ਹੁਣ ਚਿੰਤਾਜਨਕ ਪੱਧਰ ’ਤੇ ਪਹੁੰਚ ਗਈ ਹੈ। ਅੱਜ ਸਵੇਰੇ ਦਿੱਲੀ ਵਿੱਚ ਪ੍ਰਦੂਸ਼ਣ ਮੀਟਰ (ਪੀਐੱਮ) 2.5 ਦਾ ਸੰਘਣਾਪਣ 655.07 ਸੀ। ਇਸ ਤੋਂ ਇਲਾਵਾ ਪਟਾਕਿਆਂ ਕਾਰਨ ਪੂਰੀ ਦਿੱਲੀ ਗੈਸ ਚੈਂਬਰ ਵਿੱਚ ਬਦਲ ਗਈ। ਕਈ ਲੋਕਾਂ ਨੂੰ ਗਲੇ ਵਿੱਚ ਖਾਰਿਸ਼ ਅਤੇ ਅੱਖਾਂ ਵਿੱਚ ਪਾਣੀ ਆਉਣ ਦੀ ਵੀ ਸ਼ਿਕਾਇਤ ਰਹੀ। ਇਸ ਦੇ ਨਾਲ ਹੀ ਅਕਸ਼ਰਧਾਮ ਖੇਤਰ ਵਿੱਚ ਹਵਾ ਦੀ ਗੁਣਵੱਤਾ 452 ਪਾਈ ਗਈ ਹੈ, ਜੋ ਕਿ ‘ਗੰਭੀਰ ਸ਼੍ਰੇਣੀ’ ਵਿੱਚ ਆਉਂਦੀ ਹੈ। ਕਈ ਖੇਤਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ 1000 ਦੇ ਨੇੜੇ ਪਹੁੰਚ ਗਈ। ਕੇਂਦਰ ਦੁਆਰਾ ਸੰਚਾਲਿਤ ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਅਨੁਸਾਰ ਐਤਵਾਰ ਸ਼ਾਮ ਤੱਕ ਹਵਾ ਦੀ ਗੁਣਵੱਤਾ ਵਿੱਚ ਕੋਈ ਸੁਧਾਰ ਨਹੀਂ ਹੋਵੇਗਾ। ਹਾਲਾਂਕਿ, ‘ਬਹੁਤ ਗੰਭੀਰ’ ਸ਼੍ਰੇਣੀ ਵਿੱਚ ਅਸਥਿਰਤਾ ਰਹੇਗੀ। ਸ਼ੁੱਕਰਵਾਰ ਨੂੰ ਦਿੱਲੀ ਦੇ ਪੀਐੱਮ ਵਿੱਚ ਪਰਾਲੀ ਦੇ ਧੂੰਏਂ ਦਾ ਹਿੱਸਾ 36 ਫ਼ੀਸਦ ਰਿਹਾ, ਜੋ ਇਸ ਸੀਜ਼ਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਹੈ।
ਦੀਵਾਲੀ ’ਤੇ ਕੌਮੀ ਰਾਜਧਾਨੀ ਦੇ ਵੱਖ-ਵੱਖ ਹਸਪਤਾਲਾਂ ਦੁਆਰਾ ਝੁਲਸਣ ਦੇ ਘੱਟੋ-ਘੱਟ 100 ਮਾਮਲੇ ਸਾਹਮਣੇ ਆਏ ਹਨ। ਸਫਦਰਜੰਗ ਹਸਪਤਾਲ ’ਚ 50 ਕੇਸ ਪ੍ਰਾਪਤ ਹੋਏ, ਜਿਨ੍ਹਾਂ ਵਿੱਚੋਂ 43 ਮਰੀਜ਼ ਮਾਮੂਲੀ, ਜਦੋਂ ਕਿ ਸੱਤ ਗੰਭੀਰ ਝੁਲਸਣ ਵਾਲੇ ਦਾਖਲ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਕੁੱਲ 36 ਕੇਸ ਪਟਾਕੇ ਸਾੜਨ ਦੇ ਸਨ ਅਤੇ 14 ਮਿੱਟੀ ਦੇ ਦੀਵਿਆਂ ਦੀਆਂ ਲਾਟਾਂ ਦੇ ਸਨ। 3 ਨਵੰਬਰ ਨੂੰ ਹਸਪਤਾਲ ’ਚ 12 ਮਾਮੂਲੀ ਝੁਲਸਣ ਦੇ ਕੇਸ ਮਿਲੇ ਸਨ। ਰਾਮ ਮਨੋਹਰ ਲੋਹੀਆ ਹਸਪਤਾਲ ਵਿਚ 23 ਮਰੀਜ਼ ਆਏ, ਜਿਨ੍ਹਾਂ ਵਿਚੋਂ 19 ਜਣੇ ਪਟਾਕਿਆਂ ਕਾਰਨ ਜ਼ਖ਼ਮੀ ਸਨ ਤੇ ਬਾਕੀਆਂ ਨੂੰ ਦੀਵਿਆਂ ਦਾ ਸਾੜ ਸੀ। ਇਨ੍ਹਾਂ ਵਿੱਚੋਂ ਦੋ ਕੇਸ ਵੱਡੇ ਸਨ, ਜਿਨ੍ਹਾਂ ਨੂੰ ਦਾਖ਼ਲ ਕਰਨਾ ਪਿਆ। ਡਾ. ਮਨੋਜ ਝਾਅ ਨੇ ਕਿਹਾ ਕਿ ਪਟਾਕੇ ਸਾੜਨ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਚਿਹਰੇ ਤੇ ਹੱਥਾਂ ’ਤੇ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਹਨ। ਏਮਜ਼ ਦੇ ਡਾਕਟਰ ਰਾਜਿੰਦਰ ਪ੍ਰਸਾਦ ਸੈਂਟਰ ਫਾਰ ਓਫਥਲਮਿਕ ਸਾਇੰਸਿਜ਼ ਦੇ ਐਮਰਜੈਂਸੀ ਵਿਭਾਗ ਨੇ ਪਿਛਲੇ ਦੋ ਦਿਨਾਂ ਵਿੱਚ ਪਟਾਕਿਆਂ ਕਾਰਨ ਝੁਲਸਣ ਦੇ 33 ਮਰੀਜ਼ ਮਿਲੇ ਸਨ।
ਭਾਜਪਾ ਵਰਕਰਾਂ ਨੇ ਜਾਣਬੁੱਝ ਕੇ ਪਟਾਕੇ ਚਲਾਏ: ਗੋਪਾਲ ਰਾਏ
ਦਿੱਲੀ ਸਰਕਾਰ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪਾਬੰਦੀ ਦੇ ਬਾਵਜੂਦ ਦੀਵਾਲੀ ’ਤੇ ਪਰਾਲੀ ਸਾੜਨ ਅਤੇ ਪਟਾਕੇ ਚਲਾਉਣ ਦੀਆਂ ਘਟਨਾਵਾਂ ਕਾਰਨ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ। ਰਾਏ ਨੇ ਕਿਹਾ, ‘‘ਮੈਂ ਦਿੱਲੀ ਦੇ ਉਨ੍ਹਾਂ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਕੱਲ੍ਹ ਪਟਾਕੇ ਨਹੀਂ ਚਲਾਏ ਪਰ ਭਾਜਪਾ ਦੇ ਲੋਕਾਂ ਨੇ ਜਾਣਬੁੱਝ ਕੇ ਪਟਾਕੇ ਚਲਾਏ ਹਨ, ਜਿਸ ਕਾਰਨ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ। ਇਸ ਕਾਰਨ ਸਰਕਾਰ ਵੱਲੋਂ ਲੋਕਾਂ ਤੇ ਵਿਰੋਧੀ ਧਿਰਾਂ ਨੂੰ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਸੀ। ਲੋਕਾਂ ਨੂੰ ਰਾਜਨੀਤਿਕ ਲਾਭ ਲਈ ਤੇ ਸਰਕਾਰ ਨੂੰ ਬਦਨਾਮ ਕਰਨ ਲਈ ਜ਼ਬਰਦਸਤੀ ਨਾ ਭੜਕਾਓ। ਦਿੱਲੀ ਦੀ ਵੱਡੀ ਆਬਾਦੀ ਨੇ ਕੱਲ੍ਹ ਪਟਾਕੇ ਨਹੀਂ ਚਲਾਏ ਸਨ ਪਰ ਕੁਝ ਲੋਕਾਂ ਨੇ ਜਾਣਬੁੱਝ ਕੇ ਪਟਾਕੇ ਚਲਾਏ।’’ ਮੰਤਰੀ ਨੇ ਕਿਹਾ ਕਿ ਪਰਾਲੀ ਸਾੜਨ ਦੀਆਂ ਤਕਰੀਬਨ 3500 ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਇਸ ਦਾ ਅਸਰ ਦਿੱਲੀ ਵਿੱਚ ਦਿਖਾਈ ਦੇ ਰਿਹਾ ਹੈ। ਰਾਏ ਨੇ ਦੱਸਿਆ ਕਿ ਦਿੱਲੀ ਦੀਆਂ ਸੜਕਾਂ ’ਤੇ ਵੱਡੀਆਂ ‘ਐਂਟੀ-ਸਮੌਗ ਗਨਜ਼’ ਨਾਲ ਪਾਣੀ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਗਿਆ ਹੈ।