ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਸਤੰਬਰ
ਸਾਬਕਾ ਵਿਧਾਇਕ ਹਰੀ ਸ਼ੰਕਰ ਗੁਪਤਾ ਨੇ ਰਾਜੀਵ ਭਵਨ ਵਿਚ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੋ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੀ ਗੱਲ ਕਰਦੇ ਹਨ, ਦੇਸ਼ ਦੀ ਰਾਜਧਾਨੀ ਵਿੱਚ ਭਾਜਪਾ ਸ਼ਾਸਤ ਤਿੰਨ ਕਾਰਪੋਰੇਸ਼ਨਾਂ ਵਿੱਚ ਉਨ੍ਹਾਂ ਦੇ ਨੱਕ ਹੇਠ ਭ੍ਰਿਸ਼ਟਾਚਾਰ ਦੀ ਭਰਮਾਰ ਹੈ। ਇਸ ਤਹਿਤ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਦਿੱਲੀ ਵਾਸੀਆਂ ਦੇ ਅਧਿਕਾਰਾਂ ਦੀ ਖੁੱਲ੍ਹੇਆਮ ਲੁੱਟ ਕਰ ਰਹੇ ਹਨ। ਪ੍ਰੈੱਸ ਕਾਨਫਰੰਸ ਵਿੱਚ ਕਾਂਗਰਸੀ ਆਗੂ ਨਰੇਸ਼ ਸ਼ਰਮਾ ਨੀਤੂ ਵੀ ਮੌਜੂਦ ਸਨ।
ਸ੍ਰੀ ਗੁਪਤਾ ਨੇ ਕਿਹਾ ਕਿ ਦਿੱਲੀ ਦੀਆਂ ਤਿੰਨਾਂ ਨਗਰ ਨਿਗਮਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਕਾਰਨ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਨਗਰ ਕੌਂਸਲਰ ਆਪਣੇ ਖੇਤਰ ਵਿੱਚ ਪ੍ਰਤੀ ਮਹੀਨਾ ਕਥਿਤ 10 ਲੱਖ ਰੁਪਏ ਤੱਕ ਇਕੱਤਰ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ 2013 ਵਿੱਚ ਕਰੋਲ ਬਾਗ਼ ਵਿੱਚ ਜਿਹੜੀ ਜਾਇਦਾਦ ਸੀਲ ਕੀਤੀ ਗਈ ਸੀ ਤੇ 2018 ਵਿੱਚ ਮੁੜ ਸੀਲ ਕੀਤੇ ਜਾਣ ਦੇ ਬਾਵਜੂਦ, ਭਾਜਪਾ ਤੇ ਆਮ ਆਦਮੀ ਪਾਰਟੀ ਦੀ ਸ਼ਹਿ ਉੱਤੇ ਮਾਲ ਵਿੱਚ ਵਪਾਰਕ ਗਤੀਵਿਧੀਆਂ ਚੱਲ ਰਹੀਆਂ ਹਨ। ਜੋ ਕਿ ਨਗਰ ਨਿਗਮ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਜਿਉਂਦਾ ਜਾਗਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਭ੍ਰਿਸ਼ਟਾਚਾਰ ਕਾਰਨ ਇਕ ਦੂਜੇ ’ਤੇ ਦੋਸ਼ ਲਾ ਰਹੇ ਹਨ ਤੇ ਭ੍ਰਿਸ਼ਟਾਚਾਰ ਲਈ ਕਿਸੇ ਸੀਲ ਦੀ ਕਾਰਵਾਈ ’ਤੇ ਡੀ-ਸੀਲ ਕਰਨ ਨੂੰ ਗ਼ੈਰਕਾਨੂੰਨੀ ਸਾਬਤ ਕਰਨ ਲਈ ਕੰਮ ਕਰ ਰਹੇ ਹਨ ਜਦੋਂਕਿ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਬਿਜਲੀ ਤੇ ਪਾਣੀ ਨੂੰ ਸੀਲ ਜਾਇਦਾਦ ਨੂੰ ਦੇ ਕੇ ਬਰਾਬਰ ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੈ। ਸ੍ਰੀ ਹਰੀ ਸ਼ੰਕਰ ਗੁਪਤਾ ਨੇ ਕਿਹਾ ਕਿ ਵਪਾਰਕ ਗਤੀਵਿਧੀਆਂ ਲਈ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੀ ਜਾਂਚ ਸੀਬੀਆਈ ਜਾਂ ਐਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਅਸਲੀ ਭ੍ਰਿਸ਼ਟ ਚਿਹਰਾ ਬੇਨਕਾਬ ਹੋ ਗਿਆ ਹੈ ਤੇ ਭਾਜਪਾ ਦਾ ਹਰ ਨਿਗਮ ਕੌਂਸਲਰ ਭ੍ਰਿਸ਼ਟਾਚਾਰ ਵਿੱਚ ਉਲਝਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ.ਜੇ. ਕਾਲੋਨੀਆਂ ਦੇ ਛੋਟੇ-ਛੋਟੇ ਪਲਾਟਾਂ ’ਤੇ ਵੀ, ਭਾਜਪਾ ਤੇ ਆਮ ਆਦਮੀ ਪਾਰਟੀ ਦੇ ਨਿਗਮ ਕੌਂਸਲਰ ਪੈਸੇ ਵਸੂਲ ਰਹੇ ਹਨ, ਜਿਸਦਾ ਖ਼ਮਿਆਜ਼ਾ ਭਾਜਪਾ ਨੂੰ ਆਗਾਮੀ ਨਿਗਮ ਚੋਣਾਂ ਵਿੱਚ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਵਿੱਚ, ਭਾਜਪਾ ਸ਼ਾਸਤ ਦਿੱਲੀ ਨਗਰ ਨਿਗਮ ਵਿਸ਼ਵ ਦੀਆਂ 10 ਭ੍ਰਿਸ਼ਟ ਸੰਸਥਾਵਾਂ ਵਿੱਚ ਪਹਿਲੇ ਸਥਾਨ ’ਤੇ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਭਾਜਪਾ ਦੇ ਭ੍ਰਿਸ਼ਟਾਚਾਰ ਦੀ ਗੂੰਜ ਮੋਦੀ ਤੱਕ ਨਹੀਂ ਪਹੁੰਚ ਰਹੀ। ਸ੍ਰੀ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੇਂਦਰੀ ਵਿਸਟਾ ਪ੍ਰਾਜੈਕਟ ਨੂੰ ਲੈ ਕੇ ਚਿੰਤਤ ਹਨ ਪਰ ਭਾਜਪਾ ਦਿੱਲੀ ਦੇ ਭ੍ਰਿਸ਼ਟਾਚਾਰ ਨਾਲ ਗ੍ਰਸਤ ਲੋਕਾਂ ਦਾ ਨੋਟਿਸ ਲੈਣ ਲਈ ਨਹੀਂ।