ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਨੇ 1984 ਵਿੱਚ ਬੋਕਾਰੋ ’ਚ ਮਾਰੇ ਗਏ 100 ਤੋਂ ਵੱਧ ਸਿੱਖਾਂ ਦੇ ਕੇਸਾਂ ਦੀ ਪੈਰਵੀ ਕਰਨ ਦਾ ਫ਼ੈਸਲਾ ਕੀਤਾ ਹੈ। ਸ੍ਰੀ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਕਮੇਟੀ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਝਾਰਖੰਡ ਦੇ ਬੋਕਾਰੋ ਸ਼ਹਿਰ ਵਿਚ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਅਦਾਲਤ ਵਿੱਚ ਕੇਸ ਲੜਨ ਲਈ ਉਨ੍ਹਾਂ ਕੋਲੋਂ ਦਸਤਾਵੇਜ਼ ਹਾਸਲ ਕੀਤੇ। ਬੋਕਾਰੋ ਦੇ ਸਿੱਖਾਂ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਬੋਕਾਰੋ ਵਿੱਚ 1984 ’ਚ ਕਤਲੇਆਮ ਦੌਰਾਨ 100 ਤੋਂ ਵੱਧ ਸਿੱਖ ਮਾਰੇ ਗਏ ਸਨ। ਉਨ੍ਹਾਂ ਦੱਸਿਆ ਕਿ ਬਹੁ ਗਿਣਤੀ ਮਾਮਲਿਆਂ ਵਿੱਚ ਕੇਸ ਹੀ ਦਰਜ ਨਹੀਂ ਕੀਤਾ ਗਿਆ ਅਤੇ ਜਿਹੜੇ ਮਾਮਲਿਆਂ ਵਿੱਚ ਕੇਸ ਦਰਜ ਹੋਇਆ ਸੀ, ਉਨ੍ਹਾਂ ਦੀ ਅੱਗੇ ਕਾਰਵਾਈ ਨਹੀਂ ਕੀਤੀ ਗਈ। ਹੁਣ ਦਿੱਲੀ ਕਮੇਟੀ ਨੇ ਇਹ ਕੇਸ ਲੜਨ ਦਾ ਫ਼ੈਸਲਾ ਕੀਤਾ ਹੈ। ਕਮੇਟੀ ਦਾ ਲੀਗਲ ਸੈੱਲ ਸਾਰੇ ਕੇਸਾਂ ’ਤੇ ਨਜ਼ਰ ਰੱਖੇਗਾ। ਉਨ੍ਹਾਂ ਕਿਹਾ ਕਿ ਬੋਕਾਰੋ ਵਿੱਚ ਸਿੱਖ ਪਰਿਵਾਰਾਂ ਨੂੰ 38 ਸਾਲਾਂ ਬਾਅਦ ਵੀ ਇਨਸਾਫ ਨਾ ਮਿਲਣਾ ਕਾਨਪੁਰ ਸਿੱਖ ਕਤਲੇਆਮ ਵਾਂਗ ਹੀ ਹੈ। ਜਿਵੇਂ ਕਾਨਪੁਰ ਸਿੱਖ ਕਤਲੇਆਮ ਦੇ ਕੇਸਾਂ ਵਿੱਚ 25 ਗ੍ਰਿਫ਼ਤਾਰੀਆਂ ਹੋਈਆਂ ਹਨ, ਉਸੇ ਤਰ੍ਹਾਂ ਹੁਣ ਬੋਕਾਰੋ ਕਤਲੇਆਮ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਈ ਜਾਵੇਗੀ। ਬੋਕਾਰੋ ਪਹੁੰਚੇ ਵਫਦ ਵਿੱਚ ਦਿੱਲੀ ਕਮੇਟੀ ਮੈਂਬਰ ਸਰਵਜੀਤ ਸਿੰਘ ਵਿਰਕ, ਰਾਜਿੰਦਰ ਸਿੰਘ ਖਿਆਲਾ ਤੇ ਐਡਵੋਕੇਟ ਗੁਰਬਖਸ਼ ਸਿੰਘ ਵੀ ਸ਼ਾਮਲ ਸਨ। ਵਫਦ ਦਾ ਸਥਾਨਕ ਗੁਰਦੁਆਰੇ ਵਿੱਚ ਪ੍ਰਬੰਧਕ ਕਮੋਟੀ ਵੱਲੋਂ ਸਨਮਾਨ ਕੀਤਾ ਗਿਆ।