ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੂਨ
ਕੇਜਰੀਵਾਲ ਸਰਕਾਰ ਨੇ ‘ਹਰੀਜਨ’ ਸ਼ਬਦ ਦੀ ਥਾਂ ‘ਡਾ. ਅੰਬੇਦਕਰ ਸ਼ਬਦ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਸਮਾਜ ਭਲਾਈ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਕਿਹਾ ਹੈ ਕਿ ‘ਹਰੀਜਨ’ ਸ਼ਬਦ ਦੀ ਥਾਂ ‘ਡਾ. ਅੰਬੇਦਕਰ ਵਰਤੇ ਜਾਣ ਦੀ ਨੋਟੀਫਿਕੇਸ਼ਨ ਨੂੰ ਜਲਦੀ ਲਾਗੂ ਕੀਤਾ ਜਾਵੇ। ਮੰਤਰੀ ਨੇ ਸੀਮਾਪੁਰੀ ਵਿਧਾਨ ਸਭਾ ਹਲਕੇ ਵਿੱਚ ਕਬਜ਼ਿਆਂ, ਘੱਟ ਪਾਣੀ ਦੀ ਸਪਲਾਈ ਸਮੇਤ ਕਈ ਮੁੱਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸਮਾਜ ਕਲਿਆਣ ਮੰਤਰੀ ਨੇ ਦਿੱਲੀ ਸਕੱਤਰੇਤ ਵਿਖੇ ਕਾਨੂੰਨ ਵਿਭਾਗ ਅਤੇ ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸਾਰੀਆਂ ਗਲੀਆਂ, ਮੁਹੱਲਿਆਂ, ਮੁਹੱਲਾ ਕਲੀਨਿਕਾਂ ਅਤੇ ਕਲੋਨੀਆਂ ਵਿੱਚ ‘ਹਰੀਜਨ’ ਸ਼ਬਦ ਨੂੰ ਡਾਕਟਰ ਅੰਬੇਦਕਰ ਨਾਲ ਬਦਲਣ ਦੀ ਤਜਵੀਜ਼ ਰੱਖੀ। ਭਾਰਤ ਸਰਕਾਰ ਵੱਲੋਂ ਹਰੀਜਨ ਸ਼ਬਦ ਦੀ ਵਰਤੋਂ ਨਾ ਕਰਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੀਟਿੰਗ ਕੀਤੀ ਗਈ ਜਿਸ ਵਿੱਚ ‘ਡਾ. ਅੰਬੇਦਕਰ’ ਸ਼ਬਦ ਨੂੰ ‘ਹਰੀਜਨ’ ਨਾਲ ਬਦਲਣ ਲਈ ਨੋਟੀਫਿਕੇਸ਼ਨ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਸੀਮਾਪੁਰੀ ਹਲਕੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਮੁੱਦਿਆਂ ਪਾਣੀ ਦੇ ਰੱਖ-ਰਖਾਅ, ਦੂਸ਼ਿਤ ਅਤੇ ਘੱਟ ਪਾਣੀ ਦੀ ਸਪਲਾਈ ਦੇ ਹੱਲ ਕਰਨ ਲਈ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਸੀਮਾਪੁਰੀ ਹਲਕੇ ਵਿੱਚ ਕਬਜ਼ੇ ਹਟਾਉਣ ਲਈ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।