ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਥਾਨਕ ਸੰਗਤ ਦੀ ਮੰਗ ‘ਤੇ ਅੱਜ ਆਸਾਮ ਤੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਆਕਸੀਜਨ ਕੰਸਨਟਰੇਟਰਾਂ ਦੀ ਪਹਿਲੀ ਖੇਪ ਰਵਾਨਾ ਕੀਤੀ। ਖੇਪ ਰਵਾਨਾ ਕਰਨ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸਾਨੂੰ ਆਸਾਮ ਤੇ ਜੰਮੂ ਕਸ਼ਮੀਰ ਤੋਂ ਸੰਗਤ ਇਹ ਬੇਨਤੀ ਮਿਲੀ ਸੀ ਕਿ ਉਥੇ ਆਕਸੀਜਨ ਕੰਸਨਟਰੇਟਰਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੇ ਅੱਜ ਦੋਵਾਂ ਥਾਵਾਂ ਲਈ 15-15 ਕੰਸਟਰੇਟਰ ਰਵਾਨਾ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਆਕਸੀਸਨ ਕੰਸਨਟਰੇਟਰ ਸੰਗਤਾਂ ਵੱਲੋਂ ਹੀ ਕਮੇਟੀ ਨੂੰ ਦਿੱਤੇ ਗਏ ਸਨ ਤੇ ਕਮੇਟੀ ਸੰਗਤਾਂ ਪ੍ਰਤੀ ਆਪਣਾ ਫਰਜ਼ ਸਮਝਦਿਆਂ ਮਨੁੱਖਤਾ ਦੀ ਸੇਵਾ ਵਿਚ ਇਹ ਕੰਸਨਟਰੇਟਰ ਅੱਗੇ ਭੇਜ ਰਹੀ ਹੈ।