ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਨਵੰਬਰ
ਆਈਐਮਡੀ ਦੇ ਹਵਾ ਗੁਣਵੱਤਾ ਮੋਨੀਟਰ ‘ਸਫਰ’ ਅਨੁਸਾਰ ਦਿੱਲੀ ਵਿੱਚ ਹਵਾ ਦੀ ਗੁਣਵੱਤਾ (ਏਕਿਊਆਈ) 18 ਨਵੰਬਰ ਨੂੰ ਲਗਾਤਾਰ ਪੰਜਵੇਂ ਦਿਨ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹੀ ਤੇ ਸਮੁੱਚਾ ਏਅਰ ਕੁਆਲਿਟੀ ਇੰਡੈਕਸ ਸਵੇਰੇ 6.33 ਵਜੇ 362 ’ਤੇ ਰਿਹਾ।
ਆਈਐੱਮਡੀ ਨੇ ਦੱਸਿਆ ਕਿ 17-21 ਨਵੰਬਰ ਦੇ ਵਿਚਕਾਰ ਘੱਟ ਤਾਪਮਾਨ ਤੇ ਸ਼ਾਂਤ ਹਵਾ ਦੇ ਹਾਲਾਤ ਕਾਰਨ ਹਵਾਦਾਰੀ ਸੂਚਕ ਅੰਕ ਘੱਟ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 21 ਨਵੰਬਰ ਤੋਂ ਬਾਅਦ ਮੁਕਾਬਲਤਨ ਤੇਜ਼ ਹਵਾਵਾਂ ਕਾਰਨ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।
ਦਿੱਲੀ ਵਿੱਚ ਉੱਚ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜ਼ਰ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅਗਲੇ ਹੁਕਮਾਂ ਤੱਕ ਸਕੂਲ, ਕਾਲਜ ਤੇ ਹੋਰ ਵਿੱਦਿਅਕ ਅਦਾਰੇ ਬੰਦ ਕਰਨ, ਉਸਾਰੀ ਤੇ ਢਾਹੁਣ ਦੀਆਂ ਗਤੀਵਿਧੀਆਂ ’ਤੇ ਪਾਬੰਦੀ 21 ਨਵੰਬਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਸਰਕਾਰ ਨੇ ਵੀ ਐਤਵਾਰ ਤੱਕ ਆਪਣੇ ਕਰਮਚਾਰੀਆਂ ਲਈ ਘਰੋਂ ਹੀ ਕੰਮ ਵਧਾਉਣ ਦਾ ਫ਼ੈਸਲਾ ਕੀਤਾ ਹੈ।