ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਫਰਵਰੀ
ਸਾਬਕਾ ਕਾਂਗਰਸੀ ਵਿਧਾਇਕ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਆਲ ਇੰਡੀਆ ਕੇਂਦਰੀ ਸ੍ਰੀ ਗੁਰੂਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਰਵਾਹ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਸੰਗਤ ਦੇ ਸਹਿਯੋਗ ਨਾਲ ਬਣੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਸਾਂਭਣ ਤੋਂ ਭੱਜਣ ਲੱਗੀ ਹੈ। ਉਨ੍ਹਾਂ ਕਿਹਾ ਕਿ ਸਕੂਲ ਚਲਾਉਣ ਦੀ ਜ਼ਿੰਮੇਵਾਰੀ ਸਕੂਲ ਦਾ ਪ੍ਰਬੰਧ ਦੇਖਣ ਵਾਲੀ ਕਮੇਟੀ ਦੀ ਹੁੰਦੀ ਹੈ ਪਰ ਦਿੱਲੀ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਵੱਲੋਂ ਖਾਸ ਰਣਨੀਤੀ ਤਹਿਤ ਹੀ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਹਰਿਕ੍ਰਿਸਨ ਪਬਲਿਕ ਸਕੂਲਾਂ ਦਾ ਪ੍ਰਬੰਧ ਜੇ ਮੌਜੂਦਾ ਪ੍ਰਬੰਧਕ ਨਹੀਂ ਸਾਂਭ ਸਕਦੇ ਤਾਂ ਦਿੱਲੀ ਦੀ ਸੰਗਤ ਨੂੰ ਧਿਆਨ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਗੁਰਦੁਆਰਾ ਚੋਣ ਬੋਰਡ ਦੇ ਫ਼ੈਸਲਿਆਂ ਨੂੰ ਵੀ ਵੱਖਰੀ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਮੌਜੂਦਗੀ ਨਾ ਹੋਣ ’ਤੇ ਕੀਤੀ ਗਈ ਚੋਣ ਨੂੰ ਦਿੱਲੀ ਦੀ ਸੰਗਤ ਸਵੀਕਾਰ ਨਹੀਂ ਕਰੇਗੀ। ਉਹ ਭਲਕੇ ਆਲ ਇੰਡੀਆ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਅਹਿਮ ਐਲਾਨ ਵੀ ਕਰਨਗੇ ਜਿਸ ਵਿੱਚ ਸੰਘਰਸ਼ ਦੀ ਰੂਪ-ਰੇਖਾ ਵੀ ਦੱਸੀ ਜਾ ਸਕਦੀ ਹੈ।