ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਸਤੰਬਰ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕੇਂਦਰ ’ਤੇ ਵਰ੍ਹਦਿਆਂ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਆਕਸੀਜਨ ਸੰਕਟ ਦੇ ਮੁੱਦੇ ’ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ਜੈਨ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕੌਮੀ ਰਾਜਧਾਨੀ ਵਿੱਚ ਕਥਿਤ ਤੌਰ ’ਤੇ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਦੀ ਜਾਂਚ ਲਈ ਦਿੱਲੀ ਸਰਕਾਰ ਦੇ ਪੈਨਲ ਦੇ ਗਠਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਦੇ ਸਿਹਤ ਮੰਤਰੀ ਦੀ ਇਹ ਟਿੱਪਣੀ ਦਿੱਲੀ ਹਾਈ ਕੋਰਟ ਵੱਲੋਂ ਦੂਸਰੀ ਕਰੋਨਾਵਾਇਰਸ ਲਹਿਰ ਦੌਰਾਨ ਮੈਡੀਕਲ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਦੀ ਜਾਂਚ ਲਈ ‘ਆਪ’ ਸਰਕਾਰ ਦੁਆਰਾ ਇੱਕ ਉੱਚ-ਪੱਧਰੀ ਕਮੇਟੀ (ਐੱਚਪੀਸੀ) ਦੇ ਗਠਨ ਦਾ ਰਾਹ ਸਾਫ਼ ਕਰਨ ਦੇ ਪਿਛੋਕੜ ਵਿੱਚ ਆਈ ਹੈ। ਜੈਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੇਂਦਰ ਨੇ ਆਕਸੀਜਨ ਸੰਕਟ ਦੇ ਮੁੱਦੇ ’ਤੇ ਰਾਜਨੀਤੀ ਵੀ ਕੀਤੀ ਤੇ ਸੰਸਦ ਵਿੱਚ ਇਹ ਵੀ ਕਿਹਾ ਕਿ ਆਕਸੀਜਨ ਦੀ ਘਾਟ ਕਾਰਨ ਕਿਸੇ ਦੀ ਮੌਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਜੂਨ ਵਿੱਚ ਮੈਡੀਕਲ ਮਾਹਿਰਾਂ ਦਾ ਚਾਰ ਮੈਂਬਰੀ ਪੈਨਲ ਬਣਾਇਆ ਸੀ ਤੇ ਫਾਈਲਾਂ ਮਨਜ਼ੂਰੀ ਲਈ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਭੇਜੀਆਂ ਗਈਆਂ ਸਨ। ਜੈਨ ਨੇ ਕਿਹਾ ਕਿ ਹਾਲਾਂਕਿ ਕੇਂਦਰ ਨੇ ਉਪ ਰਾਜਪਾਲ ਦਫਤਰ ਰਾਹੀਂ ਇਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜੈਨ ਨੇ ਕਿਹਾ ਕਿ ਕੇਂਦਰ ਨੇ ਮੌਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਕੇ ਇੱਕ ਗਲਤ ਕੰਮ ਕੀਤਾ, ਜੋ ਸ਼ਾਇਦ ਆਕਸੀਜਨ ਦੀ ਘਾਟ ਕਾਰਨ ਹੋਇਆ ਹੋਵੇ। ਮੰਗਲਵਾਰ ਨੂੰ ਐੱਚਪੀਸੀ ਨੂੰ ਚਾਲੂ ਕਰਨ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਦਿੱਲੀ ਹਾਈ ਕੋਰਟ ਨੇ ਦਰਜ ਕੀਤਾ ਸੀ ਕਿ ਦਿੱਲੀ ਸਰਕਾਰ ਦੇ ਅਨੁਸਾਰ ਮੁਆਵਜ਼ਾ ਨਿਰਧਾਰਤ ਕਰਨ ਦੇ ਮਾਪਦੰਡ ਜਾਂਚ ਦੇ ਲਈ ਖੁੱਲ੍ਹੇ ਹੋਣਗੇ।