ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਗਸਤ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਇਕ ਚੰਗੇ ਅਕਸ ਵਾਲੇ ਸਿੱਖਿਆ ਮੰਤਰੀ ਹੋਣ ਦੇ ਬਾਵਜੂਦ ਭਾਜਪਾ ਮਨੀਸ਼ ਸਿਸੋਦੀਆ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੀਬੀਆਈ ਤੇ ਈਡੀ ਵੱਲੋਂ ਮਨੀਸ਼ ਸਿਸੋਦੀਆ ਨੂੰ ਭਾਜਪਾ ‘ਚ ਸ਼ਾਮਲ ਕਰਨ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਭਾਰਦਵਾਜ ਨੇ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਭਾਜਪਾ ਆਗੂ ਸੀਬੀਆਈ ਤੇ ਈਡੀ ਦਾ ਨਾਮ ਲੈ ਕੇ ਧਮਕੀਆਂ ਦਿੰਦੇ ਹਨ। ਇਸ ਤੋਂ ਬਾਅਦ ਸੀਬੀਆਈ ਆਪਣੀ ਕਾਰਵਾਈ ਕਰਦੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਭਾਜਪਾ ਆਗੂ ਇੱਕ ਸਿੱਖਿਆ ਮੰਤਰੀ ‘ਤੇ ਇੰਨਾ ਦਬਾਅ ਕਿਉਂ ਪਾ ਰਹੇ ਹਨ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕੋਈ ਮਹਿੰਗਾਈ ਬਾਰੇ ਸਵਾਲ ਨਾ ਕਰੇ ਤੇ ਮਹਿੰਗਾਈ ਵਧਦੀ ਜਾਵੇ।