ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜਨਵਰੀ
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਤੇ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂੜੀ ਨੇ ਅੱਜ ਮਹਿਰੌਲੀ, ਦਿੱਲੀ ਦੇ ਕਾਲੂ ਰਾਮ ਚੌਕ ਵਿੱਚ ਮਾਘੀ ਦੇ ਮੌਕੇ ’ਤੇ ਕਰਵਾਏ ਕੰਬਲ ਤੇ ਸ਼ਾਲ ਵੰਡ ਸਮਾਗਮ ਵਿਚ ਸ਼ਿਰਕਤ ਕੀਤੀ। ਸਮਾਗਮ ਵਿਚ ਉਨ੍ਹਾਂ ਲੋੜਵੰਦ ਔਰਤਾਂ ਨੂੰ ਸ਼ਾਲ ਅਤੇ ਮਰਦਾਂ ਨੂੰ ਕੰਬਲ ਵੰਡੇ। ਆਦੇਸ਼ ਗੁਪਤਾ ਨੇ ਕਿਹਾ ਕਿ ਇਹ ਸਿਰਫ ਇੱਕ ਪ੍ਰੋਗਰਾਮ ਨਹੀਂ ਹੈ ਬਲਕਿ ਇਹ ਭਾਜਪਾ ਦੀ ਸੇਵਾ ਭਾਵਨਾ ਨੂੰ ਦਰਸਾਉਂਦਾ ਹੈ। ਨਰਿੰਦਰ ਮੋਦੀ ਦੁਆਰਾ ਕਰੋਨਾ ਦੌਰਾਨ ਲਏ ਗਏ ਫ਼ੈਸਲੇ ਨਾਲ ਉਹ ਲਗਭਗ ਇਸ ਕਰੋਨਾ ਵਰਗੀ ਮਹਾਮਾਰੀ ਨੂੰ ਖਤਮ ਕਰਨ ਦੀ ਕਗਾਰ ’ਤੇ ਪਹੁੰਚ ਗਏ ਹਨ। 16 ਜਨਵਰੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਮੁਫ਼ਤ ਟੀਕਾਕਰਨ ਮੁਹਿੰਮ ਨੂੰ ਇਤਿਹਾਸਕ ਦਿਨ ਦੱਸਦਿਆਂ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੰਜਾਈ, ਪਾਣੀ, ਭੋਜਨ ਅਤੇ ਬਿਜਲੀ ਦੀ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਇਹ ਕਾਫ਼ੀ ਸ਼ਰਮਨਾਕ ਹੈ।