ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਅੱਜ ਕਿਹਾ ਕਿ ਯਾਤਰੀਆਂ ਨੂੰ ਸਾਰੀਆਂ ਮੈਟਰੋ ਲਾਈਨਾਂ ’ਤੇ ਸਫਰ ਦੌਰਾਨ ਸ਼ਰਾਬ ਦੀਆਂ ਦੋ ਸੀਲਬੰਦ ਬੋਤਲਾਂ ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸੀਆਈਐੱਸਐੱਫ ਤੇ ਡੀਐੱਮਆਰਸੀ ਦੇ ਅਧਿਕਾਰੀਆਂ ਦੀ ਸਮੀਖਿਆ ਕਮੇਟੀ ਨੇ ਪਾਬੰਦੀ ਵਾਲੀਆਂ ਵਸਤੂਆਂ ਦੀ ਸੂਚੀ ਨੂੰ ਸੋਧਿਆ ਹੈ ਜਿਸ ’ਚ ਪਹਿਲਾਂ ਸਫਰ ਦੌਰਾਨ ਸ਼ਰਾਬ ਲਿਜਾਣ ’ਤੇ ਪਾਬੰਦੀ ਸੀ। ਯਾਤਰੀਆਂ ਨੂੰ ਪਹਿਲਾਂ ਸਿਰਫ਼ ਏਅਰਪੋਰਟ ਐਕਸਪ੍ਰੈੱਸ ਲਾਈਨ ’ਤੇ ਹੀ ਸ਼ਰਾਬ ਲਿਜਾਣ ਦੀ ਇਜਾਜ਼ਤ ਸੀ। ਹਾਲਾਂਕਿ ਮੈਟਰੋ ਕੰਪਲੈਕਸ ਦੇ ਅੰਦਰ ਸ਼ਰਾਬ ਦੀ ਵਰਤੋਂ ਤੇ/ ਜਾਂ ਸ਼ਰਾਬੀ ਹੋਣਾ ਹਾਲੇ ਵੀ ਸਜ਼ਾਯੋਗ ਅਪਰਾਧ ਹੈ। ਮੈਟਰੋ ’ਚ ਸ਼ਰਾਬ ਲੈ ਕੇ ਜਾਣ ਦੀ ਇਜਾਜ਼ਤ ਨਾ ਦੇਣ ਦਾ ਨਿਯਮ ਕਈ ਸਾਲਾਂ ਤੋਂ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਨਿਯਮਾਂ ’ਚ ਬਦਲਾਅ ਦਾ ਮਤਲਬ ਇਹ ਵੀ ਹੈ ਕਿ ਹੁਣ ਕੋਈ ਵੀ ਐੱਨਸੀਆਰ ਸ਼ਹਿਰ ਜਿਵੇਂ ਕਿ ਗੁੜਗਾਉਂ ਤੇ ਫਰੀਦਾਬਾਦ ਤੋਂ ਸ਼ਰਾਬ ਖਰੀਦ ਕੇ ਮੈਟਰੋ ’ਤੇ ਦਿੱਲੀ ਲਿਜਾ ਸਕਦਾ ਹੈ।