ਟੀਐੱਨ ਨੈਨਾਨ
ਯੂਕਰੇਨ ਵਿਚ ਚੱਲ ਰਹੇ ਟਕਰਾਅ ਮੁਤੱਲਕ ਤਿੰਨ ਪੱਧਰਾਂ ‘ਤੇ ਸੋਚ ਵਿਚਾਰ ਕੀਤੀ ਜਾ ਸਕਦੀ ਹੈ। ਜ਼ਾਹਰਾ ਤੌਰ ‘ਤੇ ਇਕ ਤਾਂ ਇਹ ਹੈ ਕਿ ਵਲਾਦੀਮੀਰ ਪੂਤਿਨ ਨਹਿਸ਼ ਬੰਦਾ ਹੈ ਜਿਸ ਨੇ ਇਕ ਆਜ਼ਾਦ ਮੁਲਕ ਦੀ ਹੈਸੀਅਤ ਨੂੰ ਆਪਣੇ ਤੌਰ ‘ਤੇ ਹੀ ਝੁਠਲਾ ਕੇ ਉਸ ‘ਤੇ ਹਮਲਾ ਕਰ ਦਿੱਤਾ। ਪੱਛਮ ਨਾਲ ਨੇੜਤਾ ਬਣਾਉਣ ਦੇ ਖਾਹਸ਼ਮੰਦ ਯੂਕਰੇਨੀਆਂ ਬਾਰੇ ਵੀ ਉਸ ਨੇ ਗ਼ਲਤ ਅੰਦਾਜ਼ਾ ਲਾਇਆ ਅਤੇ ਫ਼ੌਜੀ ਖ਼ਤਾ ਕਰ ਲਈ। ਇਸ ਦਾ ਮਤਲਬ ਹੈ ਕਿ ਅੱਗੋਂ ਵੀ ਉਸ ਨੂੰ ਆਪਣੇ ਖ਼ਤਰਨਾਕ ਤੇਵਰ ਦਿਖਾਉਣੇ ਪੈਣਗੇ ਨਹੀਂ ਤਾਂ ਫਿਰ ਉਸ ਨੂੰ ਆਪਣੇ ਦੇਸ਼ ਅੰਦਰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਕੁਝ ਵੀ ਹੋਵੇ, ਇਸ ਨਾਲ ਉਸ ਦੇ ਮੁਲਕ ਤੇ ਅਰਥਚਾਰੇ ਦਾ ਭਵਿੱਖ ਧੁੰਦਲਾ ਹੀ ਹੋਵੇਗਾ ਜਿਸ ਨੂੰ ਪੱਛਮੀ ਮੁਲਕਾਂ ਵਲੋਂ ਅਛੂਤ ਕਰਾਰ ਦਿੱਤਾ ਜਾ ਚੁੱਕਿਆ ਹੈ। ਕੋਈ ਵੀ ਸਿਆਣਾ ਆਗੂ ਆਪਣੇ ਲੋਕਾਂ ਨੂੰ ਇਹੋ ਜਿਹੇ ਖਲਜੱਗਣ ਵਿਚ ਨਹੀਂ ਪਾਇਆ ਕਰਦਾ।
ਇਕ ਦੂਜਾ ਭੂ-ਰਾਜਸੀ ਪੱਧਰ ਹੈ ਜਿਸ ‘ਤੇ ਰੱਖ ਕੇ ਇਸ ਘਟਨਾਕ੍ਰਮ ਨੂੰ ਵਾਚਿਆ ਜਾ ਸਕਦਾ ਹੈ। ਤਿੰਨ ਦਹਾਕੇ ਪਹਿਲਾਂ ਜਦੋਂ ਸੋਵੀਅਤ ਸੰਘ ਢਹਿ ਢੇਰੀ ਹੋ ਗਿਆ ਸੀ ਤਾਂ ਹੈਨਰੀ ਕਿਸਿੰਜਰ ਅਤੇ ਜ਼ਬਿਗਨੀਊ ਬ੍ਰਜ਼ਿੰਸਕੀ ਜਿਹੇ ਸਮੀਖਿਅਕਾਂ ਨੇ ਇਹ ਗੱਲ ਆਖੀ ਸੀ ਕਿ ਸੋਵੀਅਤ ਸੰਘ ਦੇ ਟੁੱਟ ਜਾਣ ਦਾ ਇਹ ਹਰਗਿਜ਼ ਮਤਲਬ ਨਹੀਂ ਹੈ ਕਿ ਰੂਸ ਤੋਂ ਆਉਣ ਵਾਲਾ ਰਣਨੀਤਕ ਖ਼ਤਰਾ ਖ਼ਤਮ ਹੋ ਗਿਆ ਹੈ। ਦਰਅਸਲ, ਉਹ ਬਰਤਾਨਵੀ ਸਾਮਰਾਜੀ ਭੂਗੋਲਕਾਰ ਹਾਲਫੋਰਡ ਮੈਕਿੰਡਡਰ ਵਲੋਂ ਪੇਸ਼ ਕੀਤੇ ਸਿਧਾਂਤ ਵੱਲ ਪਰਤਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਨੇ 1904 ਵਿਚ ਇਹ ਦਲੀਲ ਦਿੱਤੀ ਸੀ ਕਿ ਸਾਡਾ ਭੂਗੋਲ ਦੋ ਹਿੱਸਿਆਂ ਵਿਚ ਵੰਡਿਆ ਹੋਇਆ। ਇਸ ਦੇ ਇਕ ਪਾਸੇ ਪੂਰਬੀ ਯੂਰੋਪ ਅਤੇ ਅੰਦਰੂਨੀ ਏਸ਼ੀਆ ‘ਤੇ ਆਧਾਰਤ ਯੂਰੇਸ਼ੀਆਈ ਹਾਰਟਲੈਂਡ (ਜ਼ਮੀਨੀ ਸ਼ਕਤੀ) ਮੌਜੂਦ ਹੈ ਅਤੇ ਦੂਜੇ ਪਾਸੇ ਸੰਯੁਕਤ ਰਾਜ ਅਮਰੀਕਾ ਅਤੇ ਇਸ ਦੇ ਪ੍ਰਭਾਵ ਵਾਲੇ ਦੇਸ਼ ਮੌਜੂਦ ਹਨ ਜੋ ਸਮੁੰਦਰੀ ਸ਼ਕਤੀ ‘ਤੇ ਬਹੁਤੀ ਟੇਕ ਰੱਖਦੇ ਹਨ। ਅੱਜ ਦੇ ਸੰਦਰਭ ਵਿਚ ਜੋ ਗੱਲ ਪ੍ਰਸੰਗਕ ਹੈ ਉਹ ਇਹ ਹੈ ਕਿ ਉਹ ਆਜ਼ਾਦ ਮੁਲਕਾਂ ਦੀ ਇਕ ਪੱਟੀ ਖੜ੍ਹੀ ਕਰਨ ਦੀ ਦਲੀਲ ਪੇਸ਼ ਕਰਦਾ ਹੈ ਜੋ ਜਰਮਨੀ ਤੇ ਰੂਸ ਨੂੰ ਆਪੋ ਵਿਚ ਇਕ ਦੂਜੇ ਤੋਂ ਨਿਖੇੜਦੀ ਹੋਵੇ ਭਾਵ ਇਕ ਬਫ਼ਰ ਜ਼ੋਨ ਕਾਇਮ ਕੀਤਾ ਜਾਵੇ।
ਪਿਛਲੇ ਤਿੰਨ ਦਹਾਕਿਆਂ ਦੌਰਾਨ ਪੱਛਮੀ ਤਾਕਤਾਂ ਨੇ ਇਸ ਨਸੀਹਤ ਤੋਂ ਅੱਖਾਂ ਬੰਦ ਕਰ ਕੇ ਯੂਰਪੀ ਯੂਨੀਅਨ ਅਤੇ ਨਾਟੋ ਦੋਵਾਂ ਦਾ ਪੂਰਬ ਵੱਲ ਪਸਾਰ ਜਾਰੀ ਰੱਖਿਆ ਤਾਂ ਕਿ ਇਨ੍ਹਾਂ ਨੂੰ ਰੂਸ ਦੇ ਦਰਾਂ ਤੱਕ ਲਿਜਾਇਆ ਜਾ ਸਕੇ। ਦਰਅਸਲ, ਉਹ ਯੂਰੇਸ਼ੀਆਈ ਜ਼ਮੀਨੀ (ਹਾਰਟਲੈਂਡ) ਸ਼ਕਤੀ ਨੂੰ ਇੰਨਾ ਪੁਖ਼ਤਾ ਕਰਨਾ ਚਾਹੁੰਦੀਆਂ ਸਨ ਤਾਂ ਕਿ ਰੂਸ ਉਨ੍ਹਾਂ ਨੂੰ ਵੰਗਾਰਨ ਦੇ ਸਮੱਰਥ ਨਾ ਹੋ ਸਕੇ ਜਿਵੇਂ ਕਿ ਬੀਤੇ ਵਿਚ ਸੋਵੀਅਤ ਸੰਘ ਕਰਦਾ ਰਿਹਾ ਸੀ। ਪੂਤਿਨ ਨੇ ਰੂਸ ਦੀ ਘੇਰਾਬੰਦੀ ਕੀਤੇ ਜਾਣ ਖਿਲਾਫ਼ ਚਿਤਾਵਨੀ ਦਿੱਤੀ ਸੀ ਤੇ ਉਸ ਨੇ ਆਪਣੀ ਇਕ ਅਹਿਮ ਤਕਰੀਰ ਵਿਚ ਯੂਰੇਸ਼ੀਆਈ ਸੰਕਲਪ ਦਾ ਉਚੇਚਾ ਜ਼ਿਕਰ ਵੀ ਕੀਤਾ ਸੀ ਅਤੇ ਪੱਛਮ ਵੱਲ ਰੂਸ ਦੇ ਪ੍ਰਭਾਵ ਵਾਲਾ ਜ਼ੋਨ ਬਣਾਉਣ ਦੀ ਇੱਛਾ ਜਤਾਈ ਸੀ। ਪਿਛਲੇ ਕੁਝ ਮਹੀਨਿਆਂ ਵਿਚ ਕਿਸਿੰਜਰ ਨੇ ਖੁਦ ਵੀ ਰੂਸ ਅਤੇ ਪੱਛਮੀ ਮੁਲਕਾਂ ਦਰਮਿਆਨ ਨਿਰਲੇਪ ਬਫ਼ਰ ਮੁਲਕ ਬਣਾ ਕੇ ਰੱਖਣ ਦੀ ਦਲੀਲ (ਹਾਲਾਂਕਿ ਉਹ ਨਿਹਫਲ ਹੀ ਰਹੀ) ਦਿੱਤੀ ਸੀ। ਹੁਣ ਜੋ ਕੁਝ ਸਾਹਮਣੇ ਆਇਆ ਹੈ, ਉਸ ਮੁਤਾਬਕ ਇਸ ਟਕਰਾਅ ਦੇ ਨਿਪਟਾਰੇ ਲਈ ਯੂਕਰੇਨ (ਅਤੇ ਬੇਲਾਰੂਸ) ਨੂੰ ਬਫ਼ਰ ਜ਼ੋਨ ਬਣਾ ਕੇ ਰੱਖਿਆ ਜਾ ਸਕਦਾ ਹੈ ਜਿਵੇਂ ਕਿ ਰੂਸ ਦੀ ਇੱਛਾ ਰਹੀ ਹੈ। ਜਿਹੜੀ ਗੱਲ ਅਜੇ ਰਹੱਸ ਬਣੀ ਹੋਈ ਹੈ ਉਹ ਇਹ ਹੈ ਕਿ ਕੀ ਰੂਸ ‘ਤੇ ਲਾਈਆਂ ਪਾਬੰਦੀਆਂ ਟਕਰਾਅ ਦੇ ਨਬੇੜੇ ਤੋਂ ਬਾਅਦ ਵੀ ਜਾਰੀ ਰਹਿਣਗੀਆਂ ਜਾਂ ਨਹੀਂ। ਜੇ ਇਹ ਪਾਬੰਦੀਆਂ ਜਾਰੀ ਰਹਿੰਦੀਆਂ ਹਨ ਤਾਂ ਇਸ ਦਾ ਮਤਲਬ ਹੋਵੇਗਾ ਕਿ ਰੂਸ ਨੂੰ ਘੇਰਨ ਦੀ ਭੂ-ਰਾਜਸੀ ਤਲਬ ਜਿਉਂ ਦੀ ਤਿਉਂ ਬਣੀ ਹੋਈ ਹੈ।
ਇਨ੍ਹਾਂ ਤੋਂ ਇਲਾਵਾ ਇਕ ਤਹਿਜ਼ੀਬੀ ਵਿਚਾਰਕ ਤੀਜਾ ਪੱਧਰ ਵੀ ਹੈ ਜੋ ‘ਨਵ ਯੂਰਪੀ ਸੱਜੇਪੱਖ’ ਅਤੇ ਇਸ ਦੇ ਸੰਸਕਰਣਾਂ ਦੇ ਲੰਮੇਰੇ ਵਿਕਾਸ ਨੂੰ ਵੇਖਣ ਦਾ ਸਾਧਨ ਬਣਿਆ ਹੋਇਆ ਹੈ। ਹੰਗਰੀ ਜਿਹੇ ਦੇਸ਼ਾਂ ਅੰਦਰ ਭਾਰੂ ਉਦਾਰਵਾਦੀ ਵਿਚਾਰਾਂ ਨੂੰ ਵੰਗਾਰਨ ਵਾਲੀਆਂ ਪਾਰਟੀਆਂ ਨੇ ਸੱਤਾ ਹਾਸਲ ਕਰ ਲਈ ਹੈ ਅਤੇ ਜਰਮਨੀ, ਫਰਾਂਸ ਅਤੇ ਸਵੀਡਨ ਵਿਚ ਵੀ ਨਸਲੀ-ਰਾਸ਼ਟਰਵਾਦੀ ਵਿਚਾਰਾਂ ਵਾਲੀਆਂ ਸਿਆਸੀ ਪਾਰਟੀਆਂ ਮਜ਼ਬੂਤ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸ ਚੁਣੌਤੀ ਦੀ ਧੁਰੀ ਇਕ ਬਿਲਕੁਲ ਵੱਖਰੀ ਬੌਧਿਕ ਰਵਾਇਤ ਤੋਂ ਆਉਂਦੀ ਹੈ ਜਿਸ ਨੂੰ ਕਰੀਬ ਇਕ ਸਦੀ ਪਹਿਲਾਂ ਵੱਖੋ ਵੱਖਰੇ ਰੂਪਾਂ ਵਿਚ ਰੂਸੀ, ਜਰਮਨ ਅਤੇ ਫਰਾਂਸੀਸੀ ਦਾਰਸ਼ਨਿਕਾਂ, ਇਤਿਹਾਸਕਾਰਾਂ ਅਤੇ ਪੱਤਰਕਾਰਾਂ ਨੇ ਉਠਾਇਆ ਸੀ ਅਤੇ ਜਿਨ੍ਹਾਂ ‘ਚੋਂ ਕੁਝ ਦੀਆਂ ਤੰਦਾਂ ਨਾਜ਼ੀ ਅਤੇ ਯੂਰਪੀ ਫਾਸ਼ੀਵਾਦ ਨਾਲ ਵੀ ਜੁੜੀਆਂ ਹੋਈਆਂ ਸਨ।
ਇਹ ਲੇਖਕ ਵਿਅਕਤੀਗਤ ਆਜ਼ਾਦੀਆਂ ‘ਤੇ ਟਿਕੇ ਉਦਾਰਵਾਦ, ਸਮਤਾਵਾਦ ਅਤੇ ਇਨਸਾਨੀ ਹਕੂਕ ਦੇ ਸੰਕਲਪਾਂ ‘ਤੇ ਕਿੰਤੂ ਕਰਦੇ ਹਨ ਅਤੇ ਇਨ੍ਹਾਂ ਦੀ ਬਜਾਏ ਸਮਾਜ ਦੇ ਸਮੂਹਵਾਦੀ ਨਜ਼ਰੀਏ, ਹਿੰਸਾ ਦੀ ਵਰਤੋਂ, ਰਾਸ਼ਟਰੀ ਉਤਮਤਾ ਜਾਂ ਹੋਣੀ ਦੀ ਪੈਰਵੀ ਅਤੇ ਆਗੂ ਦੀ ਮਹਾਨਤਾ ਦਾ ਗੁੱਡਾ ਬੰਨ੍ਹਣ ਦੀ ਪੈਰਵੀ ਕਰਦੇ ਹਨ। ਉਹ ਰਾਸ਼ਟਰੀ ਜਨ ਭਾਵਨਾ ਦੇ ਉਭਾਰ ਦੀ ਗੱਲ ਕਰਦੇ ਹਨ, ਮਤਭੇਦ ਨੂੰ ਤਹਿਸ ਨਹਿਸ ਕਰਨ ‘ਤੇ ਜ਼ੋਰ ਦਿੰਦੇ ਹਨ ਅਤੇ ਸਰਵਵਿਆਪਕ ਕਦਰਾਂ ਕੀਮਤਾਂ ਨੂੰ ਰੱਦ ਕਰਦੇ ਹਨ ਅਤੇ ਇਕ ਨਸਲੀ-ਰਾਸ਼ਟਰਵਾਦ ਦੀ ਹਮਾਇਤ ਕਰਦੇ ਹਨ ਜੋ ਸਮਾਜਕ ਦਰਜਾਬੰਦੀਆਂ ਦੀ ਪ੍ਰੋੜ੍ਹਤਾ ਕਰਦਾ ਹੈ ਅਤੇ ਘੱਟਗਿਣਤੀਆਂ ਨੂੰ ਹਕੀਕੀ ਦੁਨੀਆ ਤੋਂ ਪਰੇ ਨਸਲੀ-ਰਾਸ਼ਟਰਵਾਦ ਦੇ ਸੰਕਲਪ ਦੇ ਦਾਇਰੇ ਤੋਂ ਬਾਹਰ ਧੱਕਦਾ ਹੈ।
ਭਾਰਤ ਵਿਚ ਵੀ ਇਸ ਸਭ ਕਾਸੇ ਦੀ ਗੂੰਜ ਸੁਣਾਈ ਦਿੰਦੀ ਆ ਰਹੀ ਹੈ ਜਿੱਥੇ ਤੱਥਾਂ ਤੋਂ ਪਰੇ ਵਿਚਾਰ ਅਤੇ ਤੌਰ ਤਰੀਕੇ ਵਿਅਕਤੀਗਤ ਅਧਿਕਾਰਾਂ ਨੂੰ ਤਰਜੀਹ ਦੇਣ ਵਾਲੇ ਉਦਾਰਵਾਦੀ ਲੋਕਤੰਤਰ ਦੀ ਸੰਵਿਧਾਨਕ ਵਿਵਸਥਾ ਨੂੰ ਚੁਣੌਤੀ ਦੇ ਰਹੇ ਹਨ। ਉਂਝ, ਫ਼ਰਕ ਇਹ ਹੈ ਕਿ ਜਦੋਂ ਪੂਤਿਨ ਰੂਸ ਨੂੰ ਦੁਨੀਆ ਦੇ ਵਿਕਾਸ ਦਾ ਇਕ ਖ਼ੁਦਮੁਖ਼ਤਾਰ ਕੇਂਦਰ ਬਣਾਉਣ ਦੇ ਆਪਣੇ ਟੀਚੇ ਦੀ ਪੈਰਵੀ ਲਈ ਇਨ੍ਹਾਂ ਲੇਖਕਾਂ ਦਾ ਹਵਾਲਾ ਦਿੰਦਾ ਹੈ ਤਾਂ ਉਹ ਇਨ੍ਹਾਂ ਨੂੰ ਇਕ ਸਾਧਨ ਦੇ ਤੌਰ ‘ਤੇ ਹੀ ਲੈਂਦਾ ਹੈ। ਫਿਰ ਵੀ ਉਸ ਦੀਆਂ ਤਕਰੀਰਾਂ ਵਿਚ ਯੂਰੇਸ਼ੀਆ ਅਤੇ ਹੋਰਨਾਂ ਸੰਕਲਪਾਂ ਦਾ ਜ਼ਿਕਰ ਮਿਲਦਾ ਰਿਹਾ ਹੈ ਅਤੇ ਯੂਕਰੇਨ ਦੇ ਮਾਮਲੇ ਵਿਚ ਰੂਸੀ ਇਤਿਹਾਸ ਨੂੰ ਸਹੀ ਠਹਿਰਾਉਣ ਦਾ ਵੀ, ਜੋ ‘ਮੂਲ ਤੱਥਾਂ ਤੋਂ ਪਰੇ’ ਹੈ। ਦੂਜੇ ਮੁਲਕ ਦੀ ਧਰਤੀ ‘ਤੇ ਜਾ ਕੇ ਕੀਤੀ ਇਸ ਕਾਰਵਾਈ ਤੋਂ ਪੂਤਿਨ ਦੀਆਂ ਲਾਲਸਾਵਾਂ ਜ਼ੋਰ ਵੀ ਫੜ ਸਕਦੀਆਂ ਹਨ ਪਰ ਮੈਕਿੰਡਰ ਦਾ ਜ਼ਾਵੀਆ ਤੇ ਵਡੇਰੀਆਂ ਵਿਚਾਰਧਾਰਕ ਚੁਣੌਤੀਆਂ ਫਿਰ ਵੀ ਪਹਿਲਾਂ ਵਾਂਗ ਹੀ ਬਣੀਆਂ ਰਹਿਣਗੀਆਂ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ, ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।