ਜਨਮ ਦਿਵਸ ’ਤੇ ਵਿਸ਼ੇਸ਼

ਕਿਰਤੀਆਂ ਦੇ ਵਿਹੜੇ ਦਾ ਮਘਦਾ ਸੂਰਜ

ਕਿਰਤੀਆਂ ਦੇ ਵਿਹੜੇ ਦਾ ਮਘਦਾ ਸੂਰਜ

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

ਸੰਤ ਰਾਮ ਉਦਾਸੀ 20 ਅਪਰੈਲ 1939 ਨੂੰ ਜਿ਼ਲ੍ਹਾ ਬਰਨਾਲਾ ਦੇ ਪਿੰਡ ਰਾਏਸਰ, ਕੰਮੀਆਂ ਦੇ ਵਿਹੜੇ ਜੰਮਿਆ। ਉਹਦੇ ਪਿਤਾ ਮਿਹਰ ਸਿੰਘ ਨੇ ਸੀਰ ਕੀਤੇ, ਭੇਡਾਂ ਚਾਰੀਆਂ ਅਤੇ ਵਟਾਈ ਤੇ ਖੇਤੀ ਕੀਤੀ। ਉਹਦੀ ਮਾਤਾ ਧੰਨ ਕੌਰ ਨੇ ਚੱਕੀਆਂ ਪੀਹਣ ਤੋਂ ਲੈ ਕੇ ਜਿ਼ੰਮੀਦਾਰਾਂ ਦਾ ਗੋਹਾ ਕੂੜਾ ਕੀਤਾ। ਉਦਾਸੀ ਦਾ ਪੜਦਾਦਾ ਭਾਈ ਕਾਹਲਾ ਸਿੰਘ ਆਪਣੇ ਸਮੇਂ ਦਾ ਚੰਗਾ ਗਵੰਤਰੀ ਸੀ। ਉਦਾਸੀ ਨੂੰ ਸਰੋਦੀ ਆਵਾਜ਼ ਆਪਣੇ ਪੜਦਾਦੇ ਤੋਂ ਵਿਰਸੇ ਵਿਚ ਮਿਲੀ। ਪੜਦਾਦਾ ਮਹਿਫ਼ਲਾਂ ਦਾ ਸਿੰ਼ਗਾਰ ਸੀ। ਮਹਿਫ਼ਲੀਏ ਉਸ ਨੂੰ ਭਾਈਕੇ ਦਿਆਲਪੁਰੇ ਤੋਂ ਰਾਏਸਰ ਲੈ ਆਏ।

ਉਦਾਸੀ ਜਿਊਂਦਾ ਹੁੰਦਾ ਤਾਂ ਅਜੋਕੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦਾ ਮੁੱਖ ਬੁਲਾਰਾ ਹੋਣਾ ਸੀ। ਉਸ ਨੇ ਹਜ਼ਾਰਾਂ ਦੇ ਇਕੱਠਾਂ ਵਿਚ ਉੱਚੀ ਹੇਕ ਨਾਲ ਗਾਉਣਾ ਸੀ:

ਅਸੀਂ ਤੋੜੀਆਂ ਗ਼ੁਲਾਮੀ ਦੀਆਂ ਕੜੀਆਂ,

ਬੜੇ ਹੀ ਅਸੀਂ ਦੁਖੜੇ ਜਰੇ

ਆਖਣਾ ਸਮੇਂ ਦੀ ਸਰਕਾਰ ਨੂੰ,

ਉਹ ਗਹਿਣੇ ਸਾਡਾ ਦੇਸ ਨਾ ਧਰੇ...

ਉਹ ਲੋਕ-ਕਾਵਿ ਦਾ ਮਘਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਛਿਪ ਗਿਆ। ਕਵਿਤਾਵਾਂ ਲਿਖਦਾ ਤੇ ਗਾਉਂਦਾ ਕੇਵਲ 47 ਸਾਲ ਦੀ ਉੁਮਰੇ ਚਲਾਣਾ ਕਰ ਗਿਆ। ਜਦੋਂ ਉਹ ਗਾਉਂਦਾ ਤਾਂ ਉਹਦੀ ਰੋਹੀਲੀ ਲਲਕਾਰ ਹੋਰ ਪ੍ਰਚੰਡ ਹੋ ਜਾਂਦੀ। ਖੱਬਾ ਹੱਥ ਕੰਨ ’ਤੇ ਧਰ, ਸੱਜੀ ਬਾਂਹ ਆਕਾਸ਼ ਵੱਲ ਉਗਾਸਦਾ ਤਾਂ ਹਾਕ ਮਾਰਵੇਂ ਬੋਲ ਦੂਰ ਦੂਰ ਤਕ ਗੂੰਜਦੇ। ਉਹਦੀ ਬਾਗ਼ੀ ਸੁਰ ਹਜ਼ਾਰਾਂ ਸਰੋਤਿਆਂ ਨੂੰ ਝੰਜੋੜ ਦਿੰਦੀ। ਉਨ੍ਹਾਂ ਦੇ ਦਿਲਾਂ ਦਿਮਾਗਾਂ ਤੇ ਜੰਮਿਆ ਜ਼ੰਗਾਲ ਉੱਤਰ ਜਾਂਦਾ। ਉਹ ਹਿੱਕ ਦੇ ਤਾਣ ਨਾਲ ਗਾਉਂਦਾ:

ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,

ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ

ਝੋਰਾ ਕਰੀਂ ਨਾ ਕਿਲ੍ਹੇ ਆਨੰਦਪੁਰ ਦਾ,

ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ

ਉਦਾਸੀ ਦੇ ਪਿੰਡ ਰਾਏਸਰ ਤੋਂ ਮੇਰਾ ਪਿੰਡ ਚਕਰ ਥੋੜ੍ਹੀ ਹੀ ਦੂਰ ਹੈ। ਉਮਰ ਪੱਖੋਂ ਅਸੀਂ ਹਾਣੀ ਸਾਂ। ਜਦੋਂ ਉਹ ਚਕਰ ਆਉਂਦਾ ਤਾਂ ਉਹਦੇ ਗੀਤ ਸੁਣਨ ਦਾ ਮੌਕਾ ਮਿਲ ਜਾਂਦਾ। ਕਦੇ ਕਦੇ ਉਹ ਢੁੱਡੀਕੇ ਵੀ ਫੇਰੀ ਪਾਉਂਦਾ ਜਿਥੇ ਮੈਂ ਪੜ੍ਹਾਉਂਦਾ ਸਾਂ। ਉਨ੍ਹੀਂ ਦਿਨੀਂ ਕਾਲਜਾਂ ਵਿਚ ਉਦਾਸੀ ਉਦਾਸੀ ਹੁੰਦੀ। ਉਹ ਜਮਾਤੀ ਦੁਸ਼ਮਣਾਂ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਂਦਾ। ਕਵੀ ਦਰਬਾਰਾਂ ਵਿਚ ਸਿ਼ਵ ਕੁਮਾਰ ਦੀ ਆਪਣੀ ਥਾਂ ਸੀ, ਉਦਾਸੀ ਨੇ ਵਿਦਿਆਰਥੀ ਰੈਲੀਆਂ ਵਿਚ ਆਪਣੀ ਥਾਂ ਬਣਾ ਲਈ। ਸਿ਼ਵ ਕੁਮਾਰ ਪਿਆਰ ਮੁਹੱਬਤ, ਬਿਰਹਾ ਵਿਜੋਗ ਤੇ ਮੌਤ ਦੇ ਨਗ਼ਮੇ ਗਾਉਂਦਾ, ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ। ਦੋਵੇਂ ਆਵਾਜ਼ ਦੇ ਧਨੀ ਸਨ ਜੋ ਬਿਨਾਂ ਸਾਜ਼ਾਂ ਤੋਂ ਤਰੰਨਮ ਵਿਚ ਗਾਉਂਦੇ।

ਉਦਾਸੀ ਨਾਲ ਜੱਗੋਂ ਤੇਰ੍ਹਵੀਆਂ ਹੋਈਆਂ। ਲੋਕ ਹਿਤਾਂ ਨੂੰ ਪ੍ਰਨਾਈਆਂ ਨਜ਼ਮਾਂ ਲਿਖਣ ਤੇ ਗਾਉਣ ਬਦਲੇ ਸਮੇਂ ਦੇ ਹਾਕਮਾਂ ਦੀ ਵਹਿਸ਼ੀ ਪੁਲੀਸ ਨੇ 11 ਜਨਵਰੀ 1971 ਨੂੰ ਪੋਹ ਦੀ ਠਰੀ ਰਾਤੇ ਉਸ ਨੂੰ ਚੁੱਕ ਲਿਆ ਤੇ ਲੱਡਾ ਕੋਠੀ ਦੇ ਕਸਾਈਖਾਨੇ ਵਿਚ ਲਿਆ ਸੁੱਟਿਆ। ਬੁੱਢੀ ਮਾਂ ਜਿਵੇਂ ਕਿਵੇਂ ਲੱਡਾ ਕੋਠੀ ਪਹੁੰਚੀ। ਡਰ ਸੀ ਕਿ ਉਦਾਸੀ ਨੂੰ ਕਿਤੇ ਝੂਠੇ ਪੁਲੀਸ ਮੁਕਾਬਲੇ ਵਿਚ ਮਾਰ ਨਾ ਦਿੱਤਾ ਹੋਵੇ। ਹੰਝੂੂ ਕੇਰਦੀ ਮਾਤਾ ਨੇ ਡੀਐੱਸਪੀ ਅੱਗੇ ਅਰਜ਼ ਗੁਜ਼ਾਰੀ, “ਵੇ ਵੀਰਾ ਮੈਂ ਸੰਤ ਰਾਮ ਦੀ ਮਾਂ ਹਾਂ।”

ਉਦਾਸੀ ਮੂਧੇ ਮੂੰਹ ਬੇਸੁਰਤ ਪਿਆ ਸੀ। ਉਸ ਨੂੰ ਇੰਨਾ ਕੁੱਟਿਆ ਗਿਆ ਸੀ ਕਿ ਉੱਠ ਨਹੀਂ ਸੀ ਸਕਦਾ। ਪੁੱਠਾ ਟੰਗ ਕੇ ਸਿਰ ਡੰਡਿਆਂ ਨਾਲ ਭੰਨਿਆ ਗਿਆ ਸੀ। ਸਿਰ ਹੇਠਾਂ ਵੱਡੀ ਮੋਮਬੱਤੀ ਬਾਲ ਕੇ ਸੇਕ ਦਿੱਤਾ ਗਿਆ ਸੀ ਤਾਂ ਕਿ ਦਿਮਾਗ ਦੀ ਮਿੱਝ ਢਾਲ ਕੇ ਉਦਾਸੀ ਨੂੰ ਕਮਲ਼ਾ ਕਰ ਦਿੱਤਾ ਜਾਵੇ। ਮੁੜ ਕੇ ਨਾ ਉਹ ਲਿਖ ਸਕੇ, ਤੇ ਨਾ ਗਾ ਸਕੇ। ਹੱਥਾਂ ਦੇ ਪੋਟਿਆਂ ਨੂੰ ਸੂਈਆਂ ਮਾਰ ਕੇ ਛਾਣਨੀ ਕੀਤਾ ਹੋਇਆ ਸੀ। ਉਤੋਂ ਪੋਹ ਦੀ ਕੱਕਰ ਮਾਰੀ ਠਾਰੀ।

ਡੀਐੱਸਪੀ ਨੇ ਮਾਈ ਨੂੰ ਪੁੱਛਿਆ, “ਜੇ ਉਦਾਸੀ ਨੂੰ ਦੂਰੋਂ ਦਿਖਾ ਦੇਈਏ ਤਾਂ ਕੋਈ ਇਤਰਾਜ਼ ਤਾਂ ਨਹੀਂ?”

ਮਮਤਾ ਦੀ ਮਾਰੀ ਮਾਂ ਨੇ ਕਿਹਾ, “ਵੇ ਵੀਰਾ, ਮੈਂ ਗਰੀਬਣੀ ਨੇ ਕਾਹਦਾ ਇਤਰਾਜ਼ ਕਰਨੈਂ? ਥੋਡੇ ਰਹਿਮ ਨਾਲ ਮੇਰਾ ਪੁੱਤ ਮੈਨੂੰ ਦਿਸ ਜੇ। ਮੈਂ ਸਮਝ ਲੂੰ ਮੇਰਾ ਪੁੱਤ ਜਿਊਂਦੈ!”

ਹਵਾਲਦਾਰ ਬੈਰਕ ਵਿਚ ਜਾ ਕੇ ਉਦਾਸੀ ਨੂੰ ਹਲੂਣਨ ਲੱਗਾ, “ਓਏ ਉਦਾਸੀ! ਉੱਠ ਓਏ, ਤੇਰੀ ਮਾਂ ਤੈਨੂੰ ਮਿਲਣ ਆਈ ਐ। ਉੱਠ, ਨਹੀਂ ਤਾਂ ਮਰਜੂ ਓਹ ਵੀ।”

‘ਮਾਂ’ ਸ਼ਬਦ ਨੇ ਉਦਾਸੀ ਦੀ ਸੁਰਤ ਮੋੜੀ। ਕਿਤੇ ਉਹ ਸੱਚੀਂ ਨਾ ਸਾਹ ਖਿੱਚਜੇ। ਉਹ ਔਖਾ ਸੌਖਾ ਮਾਂ ਤੱਕ ਪੁੱਜਾ ਤੇ ਦੂਰ ਸੀ ਸੋਚ ਕੇ ਬੋਲਿਆ, “ਮਾਂ, ਮੈਂ ਠੀਕ ਠਾਕ ਆਂ।” ਮਾਂ ਨੇ ਪੀੜਾਂ ਪਰੁੰਨੇ ਘਾਇਲ ਪੁੱਤਰ ਨੂੰ ਬੁਕਲ `ਚ ਲੈ ਕੇ ਪਿਆਰ ਦਿੱਤਾ ਤੇ ਕਿਹਾ, “ਪੁੱਤ ਤੇਰਾ ਰੱਬ ਰਾਖਾ।”

ਨਕਸਲਬਾੜੀ ਲਹਿਰ ਨਾਲ ਪਰਨਾਇਆ ਹੋਣ ਕਰ ਕੇ ਉਹ ਗੁਰਦੁਆਰਿਆਂ ਦੀਆਂ ਸਟੇਜਾਂ ਉਤੇ ਵੀ ਇਨਕਲਾਬੀ ਸਿੱਖ ਵਿਰਸੇ ਦੀਆਂ ਬਾਤਾਂ ਹੀ ਪਾਉਂਦਾ। ਸਰਕਾਰੀ ਕਵੀ ਦਰਬਾਰਾਂ ਵਿਚ ਵੀ ਸਥਾਪਤੀ ਵਿਰੋਧੀ ਕਵਿਤਾਵਾਂ ਪੜ੍ਹਦਾ। ਅਫ਼ਸਰਾਂ ਦੀ ਉਹਨੇ ਕਦੇ ਖ਼ੁਸ਼ਾਮਦ ਨਹੀਂ ਕੀਤੀ ਤੇ ਨਾ ਹੀ ਸਰਕਾਰਾਂ ਦੇ ਸੋਹਲੇ ਗਾਏ। ਉਹ ਸਥਾਪਤੀ ਦੇ ਮੰਚ ਉਤੇ ਸਥਾਪਤੀ ਵਿਰੁੱਧ ਬੋਲਦਾ। ‘ਦਿੱਲੀਏ ਦਿਆਲਾ ਦੇਖ’ ਕਵਿਤਾ ਉਸ ਨੇ ਲਾਲ ਕਿਲ੍ਹੇ ਦੇ ਸਰਕਾਰੀ ਕਵੀ ਦਰਬਾਰ ਵਿਚ ਪੜ੍ਹੀ ਸੀ।

ਡਰੋਲੀ ਭਾਈ ਦਾ ਗੁਰਚਰਨ ਸਿੰਘ ਸੰਘਾ ਢੁੱਡੀਕੇ ਪੜ੍ਹਦਿਆਂ ਉਦਾਸੀ ਦਾ ਦੋਸਤ ਬਣ ਗਿਆ ਸੀ। ਸਮਾਂ ਪਾ ਕੇ ਉਹ ਸ੍ਰੀ ਹਜ਼ੂਰ ਸਾਹਿਬ ਤੋਂ ਨਿਕਲਦੇ ‘ਸੱਚਖੰਡ ਪੱਤਰ’ ਦਾ ਸੰਪਾਦਕ ਬਣਿਆ। ਉਹ ਉਦਾਸੀ ਦੇ ਅੰਤਲੇ ਸਮੇਂ ਦਾ ਚਸ਼ਮਦੀਦ ਗਵਾਹ ਹੈ।... 24 ਨਵੰਬਰ 2019 ਨੂੰ ਸਾਡਾ ਉਹੀ ਪੁਰਾਣਾ ਵਿਦਿਆਰਥੀ ਸੰਘਾ ਮੈਨੂੰ ਮੋਗੇ ਮਿਲਿਆ। ਉਸ ਨੇ ਆਖ਼ਰੀ ਗੱਲ ਦੱਸੀ: ਅਕਤੂਬਰ 1986 ਵਿਚ ਉਦਾਸੀ ਮੈਨੂੰ ਬਾਘੇ ਪੁਰਾਣੇ ਸਾਹਿਤ ਸਭਾ ਦੀ ਮੀਟਿੰਗ ਵਿਚ ਮਿਲਿਆ ਸੀ। ਉਥੇ ਤੈਅ ਹੋਇਆ ਕਿ ਗੁਰਗੱਦੀ ਦਿਹਾੜੇ ਨਾਂਦੇੜ ਦੇ ਕਵੀ ਦਰਬਾਰ ਵਿਚ ਉਹ ਵੀ ਸ਼ਾਮਲ ਹੋਵੇਗਾ। 1 ਨਵੰਬਰ 1986 ਤੋਂ ਪ੍ਰੋਗਰਾਮ ਸ਼ੁਰੂ ਹੋਏ। ਅਖ਼ੀਰਲੀ ਰਾਤ 5 ਨਵੰਬਰ ਨੂੰ ਉੱਚ ਪਾਏ ਦਾ ਕਵੀ ਦਰਬਾਰ ਹੋਇਆ ਜਿਸ ਵਿਚ ਉਦਾਸੀ ਨੇ ਬਹੁਤ ਉੱਚੀ ਗਾਇਆ ਤੇ ਬਾਜ਼ੀ ਲੈ ਗਿਆ। ਕਵੀ ਦਰਬਾਰ ਤੋਂ ਬਾਅਦ ਮੈਂ ਅਤੇ ਉਦਾਸੀ ਰਾਤ ਦੇ 2:45 ਵਜੇ ਤੱਕ ਇਕੱਠੇ ਬੈਠੇ। ਉਦਾਸੀ ਮੇਰੇ ਗਲ ਲੱਗ ਕੇ ਰੋਣ ਲੱਗਾ ... ਸੰਘੇ ਬਾਈ, ਮੈਂ ਜਿ਼ੰਦਗੀ ਤੋਂ ਤੰਗ ਆ ਗਿਆਂ। ਮੈਂ ਆਖਿਆ, ਉਦਾਸੀ ਤੂੰ ਘਬਰਾ ਨਾ। ਤੂੰ ਕੁੜੀਆਂ ਮੁੰਡੇ ਵਿਆਹ ਲੈ, ਫੇਰ ਜੋ ਕਹੇਂਗਾ, ਕਰਾਂਗਾ।...

... ਪ੍ਰੋ. ਬਲਕਾਰ ਸਿੰਘ ਅਤੇ ਉਦਾਸੀ ਦੀਆਂ ਟਿਕਟਾਂ ਬੁੱਕ ਸਨ। ਉਸ ਦੀ ਵਿਗੜੀ ਹਾਲਤ ਦੇਖ ਕੇ ਮੈਂ ਉਹਨੂੰ ਆਪਣੇ ਕੋਲ ਰੱਖਣ ਦਾ ਬੜਾ ਯਤਨ ਕੀਤਾ ਪਰ ਉਸ ਨੇ ਨਾਂਹ ਕਰ ਦਿੱਤੀ। ਸਵੇਰੇ ਸਾਝਰੇ ਹੀ ਉਹ ਬਲਕਾਰ ਸਿੰਘ ਨਾਲ ਗੱਡੀ ਚੜ੍ਹ ਗਿਆ। ਗੱਡੀ ਵਿਚ ਸੁੱਤੇ ਪਏ ਦੀ ਉਹਦੀ ਮੌਤ ਹੋ ਗਈ। ਉਹਦਾ ਸਸਕਾਰ ਮਨਵਾੜ ਦੇ ਸਿਵਿਆਂ ਵਿਚ ਕੀਤਾ ਗਿਆ ਤੇ ਹਜ਼ੂਰ ਸਾਹਿਬ ਭੋਗ ਪਾਉਣ ਪਿੱਛੋਂ ਫੁੱਲ ਗੋਦਾਵਰੀ ਨਦੀ ਵਿਚ ਤਾਰੇ ਗਏ।

ਅਜਿਹੀ ਹੋਣੀ ਸੀ ਪੰਜਾਬ ਦੇ ਜਾਏ, ਲੋਕ-ਕਾਵਿ ਦੇ ਮਘਦੇ ਸੂਰਜ, ਕੰਮੀਆਂ ਕਿਰਤੀਆਂ ਦੇ ਲੋਕ ਕਵੀ ਦੀ! ਉਸ ਨੇ ‘ਵਸੀਅਤ’ ਲਿਖੀ:

ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ...

ਸੰਪਰਕ: +1-905-799-1661

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All