ਡਾ. ਪਿਆਰਾ ਲਾਲ ਗਰਗ
ਸਿਹਤ ਮਨੁੱਖੀ ਜੀਵਨ, ਗੁਣਵਤਾ ਵਾਲੀ ਜੀਵਨ ਸ਼ੈਲੀ, ਸੰਵਿਧਾਨ ਦੀ ਧਾਰਾ 21 ਤਹਿਤ ਮਿਲੇ ਜਿਊਣ ਦੇ ਮੂਲ ਅਧਿਕਾਰ, ਕਿਰਤ, ਆਰਥਿਕ ਵਿਕਾਸ ਅਤੇ ਸਮਾਜਿਕ ਸ਼ਾਂਤੀ ਦਾ ਉਹ ਕਾਰਕ ਹੈ ਜਿਸ ਉਪਰ ਮੁੱਢ ਕਦੀਮ ਤੋਂ ਲੋਕ ਬਣਦਾ ਧਿਆਨ ਦਿੰਦੇ ਆਏ ਹਨ। ਸਿਹਤ ਨੂੰ ਦੌਲਤ ਤੋਂ ਉਪਰ ਸਮਝਿਆ ਗਿਆ ਹੈ। ਰਾਜ਼ੀ ਰਹੇਂ, ਜਿਊਂਦਾ ਰਹਿ, ਲੰਮੀ ਉਮਰ ਹੋਵੇ ਆਦਿ ਅਸੀਸਾਂ ਇਸ ਦੀ ਜ਼ਾਮਨੀ ਹਨ। ਕਿਰਤ ਜੀਵਨ ਦਾ ਆਧਾਰ ਹੈ ਪਰ ਕਿਰਤ ਤੰਦਰੁਸਤ ਸਰੀਰ ਹੀ ਕਰ ਸਕਦਾ ਹੈ, ਇਸ ਵਾਸਤੇ ਹੁਣ ਜਦ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ ਤਾਂ ਜ਼ਰੂਰੀ ਹੈ ਕਿ ਹਰ ਸਿਆਸੀ ਪਾਰਟੀ ਅਤੇ ਵੋਟ ਪਾਉਣ ਵਾਲੇ ਹਰ ਸ਼ਖ਼ਸ ਨੂੰ ਮੋਟਾ ਜਿਹਾ ਗਿਆਨ ਹੋਵੇ ਕਿ ਸਿਹਤ ਜਾਂ ਤੰਦਰੁਸਤੀ ਕੀ ਹੈ? ਇਸ ਦੇ ਕਾਰਕ ਕੀ ਹਨ? ਕੀ ਉਪਲਬਧ ਹੈ ਤੇ ਕੀ ਹੋਣਾ ਚਾਹੀਦਾ ਹੈ? ਵਿਤ ਅਤੇ ਨੀਤੀ ਨੂੰ ਕਿਹੋ ਜਿਹਾ ਮੋੜਾ ਦੇਣ ਦੀ ਲੋੜ ਹੈ? ਇਸ ਵਾਸਤੇ ਚੋਣ ਮੁਕਾਬਲੇ ਵਿਚ ਉੱਤਰੀਆਂ ਸਾਰੀਆਂ ਪਾਰਟੀਆਂ, ਮੋਰਚੇ ਜਾਂ ਗੱਠਜੋੜਾਂ ਲਈ ਜ਼ਰੂਰੀ ਹੈ ਕਿ ਉਹ ਲੋਕਾਂ ਦੀ ਸਿਹਤ ਬਾਬਤ ਭਾਰਤੀ ਸੰਵਿਧਾਨ ਦੀ ਧਾਰਾ 21 ਤਹਿਤ ਜਿਊਣ ਦੇ ਅਧਿਕਾਰ ਨੂੰ ਸਹੀ ਅਰਥਾਂ ਵਿਚ ਅਮਲੀ ਜਾਮਾ ਪਹਿਣਾਉਣ ਲਈ ਨੀਤੀਗਤ ਫੈਸਲੇ, ਫੌਰੀ ਤੌਰ ਤੇ ਚੁੱਕੇ ਜਾਣ ਵਾਲੇ ਜ਼ਰੂਰੀ ਕਦਮ ਅਤੇ ਪਹਿਲ ਦੇ ਆਧਾਰ ’ਤੇ ਅਲਪਕਾਲੀਨ ਤੇ ਦੀਰਘਕਾਲੀਨ ਗਤੀਵਿਧੀਆਂ ਪਰਿਭਾਸ਼ਿਤ ਕਰਨ ਅਤੇ ਇਨ੍ਹਾਂ ਦਾ ਵੇਰਵਾ ਦੇਣ।
ਇਸ ਦਿਸ਼ਾ ਵਿਚ ਹੇਠ ਲਿਖੇ ਤੱਥਾਂ ਤੇ ਹਕੀਕਤਾਂ ਨੂੰ ਸਮਝਣਾ ਅਤੇ ਇਨ੍ਹਾਂ ਉਪਰ ਧਿਆਨ ਰੱਖਣਾ ਜ਼ਰੂਰੀ ਹੈ:
ਸਿਹਤ ਸੇਵਾਵਾਂ ਦੇ ਇਤਿਹਾਸ ਦੇ ਮੱਦੇਨਜ਼ਰ ਵਿਗਿਆਨ ਅਤੇ ਤੱਥਾਂ ਦੇ ਆਧਾਰ ਤੇ ਦ੍ਰਿਸ਼ਟੀਕੋਣ ਬਣਾਉਣਾ ਤੇ ਪੇਸ਼ ਕਰਨਾ। ਵਿਤੀ, ਮਨੁੱਖੀ ਤੇ ਸਾਜ਼ੋ-ਸਮਾਨ ਦੇ ਸਰੋਤਾਂ ਨੂੰ ਧਿਆਨ ਵਿਚ ਰੱਖ ਕੇ ਯੋਜਨਾਬੰਦੀ ਅਤੇ ਪਹਿਲਕਦਮੀਆਂ ਤੈਅ ਕਰਨੀਆਂ, ਲੋੜਾਂ ਦੀ ਨਿਸ਼ਾਨਦੇਹੀ ਕਰਨੀ। ਬਿਮਾਰੀਆਂ ਦੀਆਂ ਵੰਨਗੀਆਂ, ਨਵੀਆਂ ਚੁਣੌਤੀਆਂ, ਜੀਵਨ-ਸ਼ੈਲੀ, ਵਿਗਿਆਨਿਕ ਖੋਜਾਂ ਅਤੇ ਵਿਗਿਆਨਿਕ ਨਜ਼ਰੀਏ ਦੇ ਆਧਾਰ ਤੇ ਫ਼ੈਸਲੇ ਕਰਨ ਦਾ ਅਮਲ ਸ਼ੁਰੂ ਕਰਨਾ। ਸਥਾਨਕ ਪੱਧਰ ਤੇ ਪਿੰਡ, ਅਗਵਾੜ ਤੇ ਮੁਹੱਲਾ ਕਮੇਟੀਆਂ ਦੇ ਜ਼ਰੀਏ ਲੋਕਾਂ ਦੀ ਸਰਗਰਮ ਸ਼ਮੂਲੀਅਤ ਨਾਲ ਉਪਲਬਧ ਸਰੋਤਾਂ ਦੀ ਸੁਯੋਗ ਵਰਤੋਂ ਨਾਲ ਸਾਫ ਪਾਣੀ, ਲੋੜੀਂਦਾ ਸੰਤੁਲਿਤ ਭੋਜਨ, ਵਾਤਾਵਰਨ, ਖੁਸ਼ਹਾਲੀ, ਸੱਭਿਆਚਾਰ, ਰੁਜ਼ਗਾਰ, ਮਨੋਰੰਜਨ ਤੇ ਖੇਡਾਂ ਰਾਹੀਂ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਤੇ ਗਭਰੇਟਾਂ ਅਤੇ ਸਕੂਲੀ ਬੱਚਿਆਂ ਦੀ ਸਿਹਤ ਨੂੰ ਚੰਗਾ ਬਣਾਉਣਾ ਅਤੇ ਚੇਤਨਾ ਮੁਹਿੰਮ ਚਲਾਉਣੀ।
ਇਤਿਹਾਸ: ਸਿਹਤ ਪ੍ਰਣਾਲੀਆਂ ਦੇ ਇਤਿਹਾਸ ਨੂੰ ਅੱਖੋਂ ਪ੍ਰੋਖੇ ਕਰਕੇ ਅੱਜ ਸਾਡੇ ਸਾਹਮਣੇ, ਗੈਰ-ਵਿਗਿਆਨਿਕ ਹੱਲ ਪੇਸ਼ ਕੀਤੇ, ਪ੍ਰਚਾਰੇ ਤੇ ਲਾਗੂ ਕੀਤੇ ਜਾ ਰਹੇ ਹਨ। ਇਨ੍ਹਾਂ ਨਾਲ ਬਿਮਾਰੀਆਂ ਵੀ ਤੇ ਮੌਤਾਂ ਵੀ ਵਧ ਰਹੀਆਂ ਹਨ। ਵਿਗਿਆਨ ਦਾ ਪੱਲਾ ਛੱਡਿਆ ਜਾ ਰਿਹਾ ਹੈ। ਵਿਗਿਆਨਿਕ ਸਬੂਤ ਤੋਂ ਬਿਨਾਂ ਹੀ ਬਿਮਾਰੀਆਂ ਦੇ ਕਾਰਨਾਂ ਅਤੇ ਇਲਾਜ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ, ਲੋਕਾਂ ਦੇ ਖਰਚੇ ਵਧਾਏ ਜਾ ਰਹੇ ਹਨ। ਇਤਿਹਾਸਕ ਸਚਾਈ ਨੂੰ ਅੱਖੋਂ ਪ੍ਰੋਖੇ ਕਰਕੇ ਕਈ ਲੋਕ ਦਾਅਵੇ ਕਰ ਰਹੇ ਹਨ ਕਿ ਔਰਗੈਨਿਕ ਅਤੇ ਦੇਸੀ ਭੋਜਨ ਸਮੱਗਰੀ ਸਾਰੀਆਂ ਬਿਮਾਰੀਆਂ ਦਾ ਹੱਲ ਹੈ ਤੇ ਇਲਾਜ ਵੀ ਆਯੁਰਵੇਦ ਰਾਹੀਂ ਹੀ ਹੋ ਸਕਦਾ ਹੈ ਪਰ ਸਿਹਤ ਸੇਵਾਵਾਂ ਦੇ ਇਤਿਹਾਸ ਵਰਕੇ ਜੋ ਮੂੰਹੋਂ ਬੋਲਦੇ ਹਨ, ਉਹ ਕੁਝ ਹੋਰ ਹੀ ਹੈ। ਦਸਤਾਵੇਜ਼ੀ ਸਬੂਤ ਹਨ ਕਿ 1945 ਤੋਂ ਪਹਿਲਾਂ ਤਾਂ ਪੁਰਾਤਨ ਜੀਵਨ ਸ਼ੈਲੀ ਤੇ ਕੁਦਰਤੀ ਵਸਤਾਂ ਹੀ ਸਨ ਅਤੇ ਲੋਕ:
ਮੋਟਾ ਅਨਾਜ ਹੀ ਖਾਂਦੇ ਸਨ। ਦੇਸੀ ਬੀਜ ਤੇ ਖਾਦ ਹੀ ਵਰਤਦੇ ਸਨ। ਕੀਟ ਨਾਸ਼ਕ ਤੇ ਨਦੀਨ ਨਾਸ਼ਕ ਨਹੀਂ ਸਨ ਵਰਤਦੇ। ਘਰ ਦਾ ਸ਼ੁੱਧ ਦੁੱਧ, ਦੇਸੀ ਘਿਉ, ਦਹੀਂ, ਲੱਸੀ, ਗੁੜ, ਦਾਲਾਂ ਆਦਿ ਵਰਤਦੇ ਸਨ। ਕੋਈ ਐਂਟੀਬਿਾਇਟਿਕ ਆਈ ਹੀ ਨਹੀਂ ਸੀ, ਲੋਕ ਕਾੜ੍ਹੇ ਆਦਿ ਹੀ ਪੀਂਦੇ ਸਨ। ਪਰ ਇਸ ਦੇ ਦੇ ਬਾਵਜੂਦ ਜਦ ਅਸੀਂ ਪੰਜਾਬ ਵਿਚ 1857 ਤੋਂ 1947 ਤੱਕ ਬਿਮਾਰੀਆਂ, ਔਸਤ ਉਮਰ, ਮੌਤ ਦੀ ਔਸਤ ਉਮਰ, ਸ਼ਿਸ਼ੂ ਮੌਤ ਦਰ, ਜਣੇਪੇ ਦੌਰਾਨ ਮੌਤਾਂ ਦਾ ਲੇਖਾ ਜੋਖਾ ਕਰਦੇ ਹਾਂ ਤਾਂ ਇਹ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ:
1850 ਤੋਂ 1947 ਤੱਕ ਮਲੇਰੀਏ ਨਾਲ ਪੰਜਾਬ ਵਿਚ 51,77,407 ਮੌਤਾਂ ਹੋਈਆਂ, ਅੰਦਾਜ਼ਨ 52,000 ਮੌਤਾਂ ਹਰ ਸਾਲ। 1897 ਤੋਂ 1918 ਤੱਕ ਪਲੇਗ ਦੇ ਕੇਸ ਆਉਂਦੇ ਅਤੇ ਹਰ ਸਾਲ ਮਾਰਚ ਅਪਰੈਲ ਮਹੀਨੇ ਪਲੇਗ ਕਾਰਨ 1263 ਮੌਤਾਂ ਰੋਜ਼ਾਨਾ ਹੁੰਦੀਆਂ ਸਨ। ਚੇਚਕ (ਸਮਾਲ ਪੌਕਸ) ਨਾਲ 1868 ਤੋਂ 1947 ਤੱਕ 8,50,591 ਮੌਤਾਂ ਹੋਈਆਂ, ਹੈਜੇ ਨਾਲ 2,49,050 ਮੌਤਾਂ ਹੋਈਆਂ। ਸ਼ਿਸ਼ੂ ਮੌਤ ਦਰ 1947 ਵਿਚ 144 ਪ੍ਰਤੀ ਹਜ਼ਾਰ ਜਿਊਂਦੇ ਜੰਮੇ ਬੱਚਿਆਂ ਦੇ ਹਿਸਾਬ ਹੁੰਦੀਆਂ ਸਨ ਜੋ ਹੁਣ ਘਟ ਕੇ ਕੇਵਲ 20 ਰਹਿ ਗਈਆਂ। 1990 ਤੋਂ 1993 ਵਿਚਕਾਰ ਸਾਖਰਤਾ ਮੁਹਿੰਮ ਦੇਸ਼ ਭਰ ਵਿਚ ਜ਼ੋਰ ਨਾਲ ਚੱਲੀ ਜਿਸ ਕਰਕੇ 1990 ਦੀ ਸ਼ਿਸ਼ੂ ਮੌਤ ਦਰ 98 ਪ੍ਰਤੀ ਹਜ਼ਾਰ ਤੋਂ ਘਟ ਕੇ 1993 ਵਿਚ 78 ਪ੍ਰਤੀ ਹਜ਼ਾਰ ਰਹਿ ਗਈ। ਜਣੇਪੇ ਦੌਰਾਨ ਮੌਤ ਦਰ ਘਟੀ, ਔਸਤ ਉਮਰ ਵੱਖ ਵੱਖ ਮੁਲਕਾਂ ਵਿਚ 20-40 ਸਾਲ ਸੀ ਜੋ ਅੱਜ ਦੁਨੀਆ ਦੇ ਬਹੁਤੇ ਦੇਸ਼ਾਂ ਵਿਚ 60 ਤੋਂ ਉਪਰ ਹੈ। ਸਪੱਸ਼ਟ ਹੈ ਕਿ ਸਿਹਤ ਦਾ ਸੁਧਾਰ ਆਧੁਨਿਕ ਵਿਗਿਆਨ ਅਤੇ ਵਿਗਿਆਨਕ ਨਜ਼ਰੀਏ ਤੋਂ ਵਿਗਿਆਨਿਕ ਵਿਧੀ ਵਰਤ ਕੇ ਹੀ ਹੋ ਸਕਦਾ ਹੈ।
ਸੰਸਾਰ ਸਿਹਤ ਸੰਸਥਾ ਅਨੁਸਾਰ ਸਿਹਤ ਤੋਂ ਭਾਵ ਹੈ ਸਰੀਰਕ, ਮਾਨਸਿਕ ਤੇ ਸਮਾਜਿਕ ਤੰਦਰੁਸਤੀ ਨਾ ਕਿ ਕੇਵਲ ਬਿਮਾਰੀ ਦਾ ਨਾ ਹੋਣਾ। ਸਿਹਤ ਸੇਵਾਵਾਂ ਲਈ ਭਾਰਤ ਸਰਕਾਰ ਨੇ ਘੱਟੋ-ਘੱਟ ਮਾਪ ਦੰਡ ਤੈਅ ਕੀਤੇ ਹਨ ਜਿਨ੍ਹਾਂ ਨੂੰ ਲਾਗੂ ਕਰਨਾ ਲਾਜ਼ਮੀ ਹੈ। ਬਿਮਾਰੀਆਂ ਦੀ ਰੋਕਥਾਮ ਜਿ਼ਆਦਾ ਜ਼ਰੂਰੀ ਹੈ ਜਿਸ ਵਾਸਤੇ ਸਾਫ ਪਾਣੀ, ਸ਼ੁੱਧ ਹਵਾ, ਪਖਾਨੇ ਦਾ ਸਹੀ ਨਿਪਟਾਰਾ, ਲੋੜੀਂਦੀ ਮਾਤਰਾ ਵਿਚ ਸੰਤੁਲਿਤ ਭੋਜਨ ਜ਼ਰੂਰੀ ਹੈ। ਭੋਜਨ ਪਦਾਰਥਾਂ ਵਿਚ ਮਿਲਾਵਟ ਦੀ ਥਾਂ ਸ਼ੁੱਧ ਵਸਤਾਂ ਤੇ ਗੁਣਵੱਤਾ ਵਾਲੀਆਂ ਚੰਗੀਆਂ ਦਵਾਈਆਂ। ਬਿਮਾਰ ਹੋਣ ਤੇ ਘਰ ਦੇ ਨੇੜੇ ਤੇੜੇ ਜਾਂਚ ਇਲਾਜ ਤੇ ਮੁੜ ਵਸੇਬੇ ਦੇ ਪੁਖਤਾ ਪ੍ਰਬੰਧ ਅਤੇ ਲੋੜੀਂਦੀਆਂ ਦਵਾਈਆਂ ਤੇ ਸਾਜ਼ੋ-ਸਮਾਨ ਦਾ ਸਸਤਾ ਤੇ ਗੁਣਵੱਤਾ ਵਾਲਾ ਹੋਣਾ। ਸਿਹਤ ਅਮਲੇ ਦੀ ਸਿਖਲਾਈ, ਗੁਣਵੱਤਾ ਤੇ ਉਪਲਬਧਤਾ।
ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਸਿਹਤ ਬਾਬਤ ਚੋਣ ਮਨੋਰਥ ਪੱਤਰਾਂ ਵਿਚ ਮੁੱਖ ਨੁਕਤੇ ਹੇਠ ਦਿੱਤੇ ਅਨੁਸਾਰ ਹੋਣੇ ਚਾਹੀਦੇ ਹਨ:
ਇਲਾਜ ਨਾਲੋਂ ਪ੍ਰਹੇਜ ਚੰਗਾ ਦੇ ਮੁਹਾਵਰੇ ਅਨੁਸਾਰ ਬਿਮਾਰੀਆਂ ਦੀ ਰੋਕਥਾਮ ਲਈ ਸੰਤੁਲਿਤ ਭੋਜਨ, ਪੀਣ ਦਾ ਸਾਫ ਪਾਣੀ, ਮਨੁੱਖੀ ਮਲ ਮੂਤਰ ਦਾ ਯੋਗ ਨਿਪਟਾਰਾ, ਭੋਜਨ ਵਿਚ ਮਿਲਾਵਟਾਂ ਤੇ ਰੋਕ, ਕੁਪੋਸ਼ਨ ਕਾਰਨ ਹੋਣ ਵਾਲੀਆਂ ਬਿਮਾਰੀਆਂ, ਨਸ਼ਿਆਂ ਆਦਿ ਦਾ ਜਨਤਕ ਮੁਹਿੰਮਾਂ ਤੇ ਸਥਾਨਕ ਕਮੇਟੀਆਂ ਰਾਹੀਂ ਹੱਲ।
ਨਸ਼ੇ ਦੀ ਰੋਕਥਾਮ ਵਾਸਤੇ ਸਥਾਨਕ ਕਮੇਟੀਆਂ ਰਾਹੀਂ ਤਸਕਰਾਂ ਤੇ ਨਸ਼ੇੜੀਆਂ ਦੀ ਨਿਸ਼ਾਨਦੇਹੀ; ਉਨ੍ਹਾਂ ਨੂੰ ਜਨਤਕ ਦਬਾਅ ਰਾਹੀਂ ਇਸ ਪਾਸਿਉਂ ਹਟਾਉਣਾ ਤੇ ਨਸ਼ਾ ਛੁਡਾ ਕੇ ਸਰੀਰਕ, ਮਾਨਸਿਕ, ਸਮਾਜਿਕ ਤੇ ਆਰਥਿਕ ਮੁੜ ਵਸੇਬਾ ਕਰਨਾ। ਅੜਨ ਵਾਲਿਆਂ ਨੂੰ ਕਾਨੂੰਨ ਦੇ ਹਵਾਲੇ ਕਰਨਾ।
ਵੱਖ ਵੱਖ ਉਮਰ ਵਰਗਾਂ ਦੀ ਸਿਹਤ ਵਾਸਤੇ ਉਨ੍ਹਾਂ ਉਮਰ ਵਰਗਾਂ ਦੇ ਸਮੂਹ ਬਣਾ ਕੇ ਸਿਹਤ ਸੇਵਾਵਾਂ ਦੀ ਬਿਹਤਰੀ ਕਰਨੀ। ਸੂਬੇ ਦੇ ਅਰਥਚਾਰੇ ਨੂੰ ਠੀਕ ਰੱਖਣ ਅਤੇ ਕਾਮਾ ਸ਼ਕਤੀ ਦੀ ਕੰਮ ਕਰਨ ਦੀ ਸਮਰੱਥਾ ਬਣਾਈ ਰੱਖਣ ਵਾਸਤੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ, ਬਿਮਾਰੀ ਹੋਣ ਤੋਂ ਰੋਕਣ ਵਾਸਤੇ, ਬਿਮਾਰੀ ਹੋਣ ਤੇ ਘਰ ਦੇ ਨੇੜੇ ਮੁਫ਼ਤ ਤੇ ਜਲਦੀ ਜਾਂਚ ਅਤੇ ਇਲਾਜ ਉਪਲਬਧ ਕਰਵਾਉਣ ਦਾ ਪ੍ਰਬੰਧ ਕਰਨ ਦਾ ਅਹਿਦ ਕਰਨਾ।
ਘਰ ਦੇ ਨੇੜੇ ਮੁਢਲੀ ਸਹਾਇਤਾ ਅਤੇ ਚੇਤਨਾ ਵਾਸਤੇ 500 ਦੀ ਆਬਾਦੀ ਲਈ ਜਾਂ ਹਰੇ ਪਿੰਡ/ਬਹਿਕ/ਬਸਤੀ/ਦੇਹ ਵਿਚ ਜੋ ਵੀ ਘੱਟ ਹੋਵੇ, ਇੱਕ ‘ਆਸ਼ਾ’ (ਏਐੱਸਐੱਚਏ-ਐਕਰੀਡੇਟਡ ਸੋਸ਼ਲ ਹੈਲਥ ਐਕਟਿਵਿਸਟ)। ਇਸ ਤਰ੍ਹਾਂ 75000 ‘ਆਸ਼ਾ’ ਦੀ ਲੋੜ ਹੋਵੇਗੀ ਅਤੇ ਹਰ ਇੱਕ ਨੂੰ 2500 ਰੁਪਿਆ ਮਹੀਨਾ ਮਾਣ-ਭੱਤੇ ਦੇ ਹਿਸਾਬ ਦੇ ਕੇ 225 ਕਰੋੜ ਸਾਲਾਨਾ ਦੀ ਰਾਸ਼ੀ ਦੀ ਲੋੜ ਹੈ ਜਿਸ ਨਾਲ 75000 ਨੂੰ ਅਰਧ-ਰੁਜ਼ਗਾਰ ਵੀ ਮਿਲੇਗਾ।
ਟੀਕਾਕਰਨ ਮੁਹਿੰਮ, ਘਰ ਦੇ ਨੇੜੇ ਮਾਂ ਤੇ ਬੱਚੇ ਦੀ ਸਿਹਤ, ਗਰਭ ਦੌਰਾਨ ਦੇਖ ਭਾਲ ਤੇ ਜਾਂਚ, ਸੁਰੱਖਿਅਤ ਜਣੇਪਾ ਤੇ ਉਪਰਲੇ ਭੋਜਨ ਬਾਬਤ ਹਰ ਤਿੰਨ ਹਜ਼ਾਰ ਦੀ ਆਬਾਦੀ ਉਪਰ ਜਾਂ ਹਰ ਪਿੰਡ, ਬਹਿਕ ਵਿਚ ਪੁਖਤਾ ਪ੍ਰਬੰਧਾਂ ਦੀ ਲੋੜ ਹੈ। ਇਸ ਵਾਸਤੇ 9000 ਸਿਹਤ ਅਤੇ ਤੰਦਰੁਸਤੀ ਕੇਂਦਰ ਸਥਾਪਤ ਕਰਨ ਦੀ ਲੋੜ ਹੈ।
ਘਰ ਨੇੜੇ ਮੁੱਢਲੀ ਜਾਂਚ ਤੇ ਇਲਾਜ (ਹਰ 10,000 ਦੀ ਆਬਾਦੀ ਉਪਰ ਇੱਕ ਡਾਕਟਰ, ਅਗਲੇ ਪੱਧਰਾਂ ਉੱਪਰ ਹਸਪਤਾਲ ਦਾਖਲ ਹੋ ਕੇ ਉਚੇਰੇ ਇਲਾਜ ਲਈ ਪ੍ਰਬੰਧ ਵਿਚ ਹਰ 30,000 ਦੀ ਆਬਾਦੀ ਉਪਰ 10 ਬੈੱਡ ਦਾ ਹਸਪਤਾਲ ਜਿੱਥੇ ਚੱਤੋ-ਪਹਿਰ ਐਮਰਜੈਂਸੀ ਸੇਵਾਵਾਂ ਦਾ ਆਊਟਡੋਰ ਤੇ ਇਨਡੋਰ ਇਲਾਜ ਦਾ ਪ੍ਰਬੰਧ ਹੋਵੇਗਾ। ਇਸ ਤੋਂ ਅੱਗੇ ਹਰ ਇੱਕ ਲੱਖ ਦੀ ਆਬਾਦੀ ਉਪਰ 30 ਬੈੱਡ ਦਾ ਹਸਪਤਾਲ ਅਤੇ ਘੱਟੋ-ਘੱਟ ਮੈਡੀਕਲ, ਸਰਜੀਕਲ, ਜ਼ਨਾਨਾ ਰੋਗਾਂ ਤੇ ਬੱਚਿਆਂ ਦੇ ਰੋਗਾਂ ਦੀਆਂ ਸੇਵਾਵਾਂ ਹਰ ਰੋਜ਼ ਅਤੇ ਬਾਕੀ ਮਾਹਿਰਾਂ ਦੀਆਂ ਹਫਤੇ ਵਿਚ ਇੱਕ ਇੱਕ ਦਿਨ ਦੇ ਸਪੈਸ਼ਲ ਕਲੀਨਿਕਾਂ ਰਾਹੀਂ ਸੇਵਾਵਾਂ।
ਹਰ ਤਹਿਸੀਲ ਪੱਧਰ ਤੇ 50-100 ਬਿਸਤਰਿਆਂ ਦਾ ਹਸਪਤਾਲ, ਹਰ ਵਕਤ ਐਮਰਜੈਂਸੀ ਸੇਵਾਵਾਂ ਲਈ ਪੰਜ ਪੰਜ ਐਮਰਜੈਂਸੀ ਮੈਡੀਕਲ ਅਫਸਰ ਅਤੇ ਮੈਡੀਕਲ, ਸਰਜੀਕਲ, ਜ਼ਨਾਨਾ ਰੋਗਾਂ, ਬੱਚਿਆਂ ਦੇ ਰੋਗਾਂ, ਛਾਤੀ ਤੇ ਟੀਬੀ ਰੋਗ, ਅੱਖਾਂ, ਕੰਨ, ਨੱਕ, ਗਲਾ, ਮਾਨਸਿਕ ਰੋਗਾਂ, ਚਮੜੀ ਰੋਗਾਂ, ਹੱਡੀ ਰੋਗਾਂ ਤੇ ਬੇਹੋਸ਼ੀ ਵਾਲੇ ਡਾਕਟਰ ਅਤੇ ਅਪਰੇਸ਼ਨਾਂ ਤੇ ਰੀਹੈਬੀਲੀਟੇਸ਼ਨ ਸੇਵਾਵਾਂ ਦਾ ਪੁਖਤਾ ਪ੍ਰਬੰਧ। ਹਰ ਦਸ ਲੱਖ ਦੀ ਆਬਾਦੀ ਉਪਰ ਪੰਜ ਸੌ ਬੈੱਡ ਦਾ ਹਸਪਤਾਲ ਤੇ ਜਿ਼ਲ੍ਹਾ ਮੈਡੀਕਲ ਕਾਲਜਾਂ ਵੱਲ ਵਧ ਕੇ ਸਿਹਤ ਅਤੇ ਮੈਡੀਕਲ ਅਮਲੇ ਦੀ ਉਚ ਸਿਖਲਾਈ ਤੇ ਉਚ ਇਲਾਜ ਦਾ ਪ੍ਰਬੰਧ। ਹਰ ਡਿਵੀਜ਼ਨ ਵਿਚ, ਭਾਵ ਹਰ ਪੰਜਾਹ ਲੱਖ ਦੀ ਆਬਾਦੀ ਉਪਰ ਸਰਬ ਉਚ ਇਲਾਜ ਲਈ ਸਰਬ ਉਚ ਮੈਡੀਕਲ ਸੰਸਥਾ।
ਕਲਸਟਰ ਤੋਂ ਬਲਾਕ ਪੱਧਰ, ਤਹਿਸੀਲ, ਜਿ਼ਲ੍ਹਾ ਅਤੇ ਸੂਬਾ ਪੱਧਰ ਉਪਰ ਬਦਲਵੀਆਂ ਇਲਾਜ ਪ੍ਰਣਾਲੀਆਂ ਦਾ ਹਸਪਤਾਲ ਆਧੁਨਿਕ ਹਸਪਤਾਲ ਦੇ ਨਾਲ ਲੱਗਦਾ ਹੋਵੇਗਾ ਪਰ ਇਨ੍ਹਾਂ ਦੀ ਆਪਸ ਵਿਚ ਕੋਈ ਦਾਖਲ ਅੰਦਾਜ਼ੀ ਨਹੀਂ ਹੋਵੇਗੀ ਅਤੇ ਇਲਾਜ ਦਾ ਪ੍ਰਭਾਵ ਅਤੇ ਪ੍ਰਾਪਤੀਆਂ ਵਿਗਿਆਨਿਕ ਲੀਹਾਂ ਉਪਰ ਸਾਬਤ ਕਰਨੀਆਂ ਹੋਣਗੀਆਂ। ਲੋਕਾਂ ਦੀ ਮਰਜ਼ੀ ਹੋਵੇਗੀ ਕਿ ਕਿੱਥੋਂ ਇਲਾਜ ਕਰਵਾਉਂਦੇ ਹਨ।
ਮੁਫਤ ਇਲਾਜ ਜਾਂ ਇਲਾਜ ਦਾ ਖਰਚਾ ਤਦ ਹੀ ਸਰਕਾਰੀ ਖਜ਼ਾਨੇ ’ਚੋਂ ਅਦਾ ਕੀਤਾ ਜਾਵੇ, ਜੇ ਇਲਾਜ ਸਰਕਾਰੀ ਹਸਪਤਾਲ ’ਚ ਕਰਵਾਇਆ ਹੋਵੇ। ਬਾਕੀ ਪ੍ਰਾਈਵੇਟ ਇਲਾਜ ਲਈ ਸਿਹਤ ਬੀਮਾ ਅਤੇ ਆਮਦਨ ਟੈਕਸ ਰਿਆਇਤਾਂ ਜੋ ਉਪਲਬਧ ਹਨ, ਲੋਕ ਨਿਜੀ ਪੱਧਰ ਤੇ ਵਰਤ ਸਕਣਗੇ। ਭਾਰਤ ਅੰਦਰ ਪ੍ਰਾਈਵੇਟ ਹਸਪਤਾਲ ਦੇ ਕੇਵਲ ਉਸ ਇਲਾਜ ਦਾ ਖਰਚਾ ਸਰਕਾਰ ਝੱਲੇਗੀ ਜਿਸ ਬਾਬਤ ਪਾਤਰ ਨੂੰ ਸੂਬਾਈ ਮੈਡੀਕਲ ਬੋਰਡ ਵੱਲੋਂ ਪ੍ਰਮਾਣ ਜਾਰੀ ਕੀਤਾ ਗਿਆ ਹੋਵੇ ਕਿ ਸੰਬੰਧਿਤ ਇਲਾਜ ਕਿਸੇ ਵੀ ਸਰਕਾਰੀ ਸੰਸਥਾ ਵਿਚ ਉਪਲਬਧ ਨਹੀਂ ਸੀ। ਨਿਜੀ ਹਸਪਤਾਲਾਂ ਅਤੇ ਮੈਡੀਕਲ ਸਿੱਖਿਆ ਦਾ ਪੁਖਤਾ ਕੰਟਰੋਲ ਕੀਤਾ ਜਾਵੇ। ਨਿਜੀ ਸੰਸਥਾਵਾਂ ਦੀਆਂ ਫੀਸਾਂ ਤੇ ਦਾਖਲਿਆਂ ਉਪਰ ਕਾਨੂੰਨ ਮੁਤਾਬਕ ਕੰਟਰੋਲ। (ਚੱਲਦਾ)
ਸੰਪਰਕ: 99145-05009