ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਅਵੀਜੀਤ ਪਾਠਕ

ਮੱਧ ਪ੍ਰਦੇਸ਼ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਅਖੌਤੀ ਲਵ ਜਹਾਦ ਨੂੰ ਰੋਕਣ ਅਤੇ ਦੰਡ ਦੇਣ ਲਈ ਕੀਤੀਆਂ ਜਾ ਰਹੀਆਂ ਕਾਨੂੰਨੀ ਪੇਸ਼ਬੰਦੀਆਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿਹੋ ਜਿਹੇ ਸਮਾਜਿਕ ਰਸਾਤਲ ਦੇ ਦੌਰ ਵਿਚੋਂ ਲੰਘ ਰਹੇ ਹਾਂ। ਇਕ ਲੇਖੇ ਜਦੋਂ ਪਿੱਤਰਸੱਤਾ ਅਤੇ ਮਜ਼ਹਬੀ ਕੱਟੜਤਾ ਸਾਡੀ ਚੇਤਨਾ ਦੇ ਨਕਸ਼ ਘੜਨ ਲੱਗ ਜਾਵੇ ਤਾਂ ਅਸੀਂ ਡਰ ਜਿਹੇ ਜਾਂਦੇ ਹਾਂ ਕਿ ਮੁਹੱਬਤ ਆਖ਼ਿਰ ਹੈ ਕੀ: ਇਸ ਦਾ ਬੇਰੋਕ ਵਹਿਣ, ਹਰ ਕਿਸਮ ਦੇ ਹੱਦਾਂ ਬੰਨਿਆਂ ਤੋਂ ਪਾਰ ਜਾਣ ਦੀ ਇਸ ਦੀ ਸ਼ਕਤੀ, ਦਿਸਹੱਦਿਆਂ ਦਾ ਸੁਮੇਲ ਬਾਰੇ ਸੋਚਣ ਲੱਗਦੇ ਹਾਂ। ਜਦੋਂ ਅਸੀਂ ਮੁਹੱਬਤ ਦੀ ਜਾਦੂਈ ਸ਼ਕਤੀ ਤੇ ਸ਼ੱਕ ਕਰਨ ਲੱਗ ਪੈਂਦੇ ਹਾਂ ਤਾਂ ਅਸੀਂ ਸਟੇਟ (ਨਿਜ਼ਾਮ) ਨੂੰ ਆਪਣੀ ਪਾਕ-ਸਾਫ਼ ਅਤੇ ਅੰਦਰੂਨੀ ਸਥਾਨ ਵਿਚ ਦਖ਼ਲ ਦੇਣ ਦਾ ਸੱਦਾ ਦੇ ਦਿੰਦੇ ਹਾਂ ਜੋ ਮੁਹੱਬਤ ਦੇ ਰਿਸ਼ਤਿਆਂ ਜਾਂ ਅਕੀਦੇ ਦੀ ਪਸੰਦ ਲਈ ਬਣੀ ਹੈ। ਸੰਭਵ ਹੈ ਕਿ ਜਿਹੜਾ ਸਮਾਜ ਮੁਹੱਬਤ ਦੇ ਆਨੰਦ ਤੋਂ ਡਰਦਾ ਹੈ ਤਾਂ ਉਹ ਸੱਤਾ ਦੀ ਪਰਿਕਰਮਾ ਵੀ ਕਰਨ ਲੱਗ ਪਵੇ। ਸੱਭਿਆਚਾਰਕ ਤੌਰ ਤੇ ਇਹ ਪਿਛਾਂਹਖਿੱਚੂ ਬਣ ਜਾਂਦਾ ਹੈ। ਕੀ ਇਹ ਉਹੀ ਰਾਜਸੀ-ਸੱਭਿਆਚਾਰਕ ਧਰਾਤਲ ਹੈ ਜੋ ਭਾਰਤੀ ਸਮਾਜ ਦੀ ਪਛਾਣ ਬਣ ਚੁੱਕਿਆ ਹੈ? ਇਸ ਸਵਾਲ ਤੋਂ ਕਿਸੇ ਵੀ ਸੂਰਤ ਅੱਖਾਂ ਨਹੀਂ ਚੁਰਾਈਆਂ ਜਾ ਸਕਦੀਆਂ।

ਇਸ ਤੋਂ ਪਹਿਲਾਂ ਕਿ ਅਸੀਂ ‘ਲਵ ਜਹਾਦ’ ਦੀ ਚਰਚਾ ਕਰੀਏ, ਸਾਨੂੰ ਇਹ ਮੰਨਣਾ ਪਵੇਗਾ ਕਿ ਤੈਅਸ਼ੁਦਾ ਜਾਂ ਰਵਾਇਤੀ ਵਿਆਹ (arranged marriage) ਦੇ ਨਾਂ ਤੇ ਕੀ ਕੁਝ ਹੁੰਦਾ ਹੈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ ਕਿ ਖ਼ਾਨਦਾਨੀ/ਜਾਤੀ ਪਿਛੋਕੜ, ਵਰ ਦੀ ਆਰਥਿਕ ਹੈਸੀਅਤ ਜਾਂ ਕੰਨਿਆ ਦੀ ਸਰੀਰਕ ਖ਼ੂਬਸੂਰਤੀ ਦੀਆਂ ਗਿਣਤੀਆਂ ਮਿਣਤੀਆਂ ਇਸ ਕਿਸਮ ਦੇ ਵਿਆਹ ਦੀ ਗੱਲਬਾਤ ਦੀ ਨਿੱਖੜਵੀਂ ਪਛਾਣ ਹੁੰਦੀ ਹੈ। ਮੁਹੱਬਤ ਨਾਲ ਇਸ ਦਾ ਕੋਈ ਵਾਸਤਾ ਨਹੀਂ ਹੁੰਦਾ ਸਗੋਂ ਨਿਰਾ ਹਿਸਾਬ ਕਿਤਾਬ ਹੁੰਦਾ ਹੈ। ਅਸੀਂ ਵਿਆਹ ਦੇ ਇਸ਼ਤਿਹਾਰਾਂ ਵਿਚ ਇਹੋ ਜਿਹੇ ਵਣਜ ਤੇ ਜਾਤੀ/ਧਾਰਮਿਕ ਜੁਗਾੜ ਦਾ ਤਰਕ ਹੀ ਦੇਖਦੇ ਹਾਂ ਅਤੇ ਤਰ੍ਹਾਂ ਤਰ੍ਹਾਂ ਦੇ ਦਾਜ (ਜਿਨ੍ਹਾਂ ਨੂੰ ਅਕਸਰ ਤੋਹਫ਼ੇ ਕਹਿ ਦਿੱਤਾ ਜਾਂਦਾ ਹੈ) ਦੱਸਦੇ ਹਨ ਕਿ ਅਸੀਂ ਇਸ ਜੁਗਾੜ ਨੂੰ ਬਾਖ਼ੂਬੀ ਸਮਝਦੇ ਹਾਂ ਪਰ ਬਿਨਾਂ ਸ਼ਰਤ ਮੁਹੱਬਤ ਦਾ ਆਨੰਦ ਸਾਨੂੰ ਪ੍ਰੇਸ਼ਾਨ ਕਰਦਾ ਹੈ। ਇਸ ਕਿਸਮ ਦੇ ਵਿਆਹ ਔਰਤ ਦੀ ਹੈਸੀਅਤ ਨੂੰ ਹੀ ਖਤਮ ਕਰ ਦਿੰਦੇ ਹਨ ਅਤੇ ਇਹ ਮੰਨ ਲਿਆ ਜਾਂਦਾ ਹੈ ਕਿ ਉਹ ਤਾਂ ਬਸ ‘ਸੋਹਣੀਆਂ ਮੂਰਤਾਂ’ ਹਨ ਜਿਨ੍ਹਾਂ ਨੂੰ ਐੱਮਬੀਏ ਗ੍ਰੈਜੂਏਟ, ਡਾਕਟਰ, ਇੰਜਨੀਅਰ, ਐੱਨਆਰਆਈ ਤੇ ਆਈਏਐੱਸ ਅਫ਼ਸਰ ਜਿਹੇ ਸਫ਼ਲ ਪੁਰਸ਼ ਸਹੀ ਜਾਤ ਤੇ ਧਰਮ ਦੇਖ ਪਰਖ ਕੇ ਲੈ ਜਾਣਗੇ ਤੇ ਬਚਾਅ ਕੇ ਰੱਖਣਗੇ।

ਕੀ ਕਿਸੇ ਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਦਾਜ ਅਤੇ ਅਣਖ ਦੇ ਨਾਂ ਤੇ ਹੁੰਦੀਆਂ ਹੱਤਿਆਵਾਂ ਅਤੇ ਜਾਤੀ/ਪਿਤਰੀ/ ਸੰਕੀਰਨ ਹਿੰਸਾ ਦੇ ਦੌਰ ਵਿਚ ਜੀਅ ਰਹੇ ਹਾਂ? ਉਂਜ, ਸ਼ਾਇਦ ਹੀ ਕਦੇ ਸਿਆਸੀ ਜਮਾਤ ਜਾਂ ਸੱਤਾਧਾਰੀ ਪ੍ਰਬੰਧ ਇਸ ਦਲਿੱਦਰੀ ਅਤੇ ਕੱਟੜ ਰਵਾਇਤ ਨੂੰ ਨਿੰਦਦੇ ਨਜ਼ਰ ਆਉਣਗੇ। ਇਹ ਕਿਹੋ ਜਿਹੇ ਸਫ਼ਰ ਤੇ ਅਸੀਂ ਨਿੱਕਲ ਪਏ ਹਾਂ। ‘ਡਿਸਕਵਰੀ ਆਫ ਇੰਡੀਆ’ ਵਿਚ ਨਹਿਰੂ ਇਸ ਗੱਲ ਦੀ ਲੋੜ ਮਹਿਸੂਸ ਕਰਦੇ ਹਨ ਕਿ ਸਾਨੂੰ ‘ਅਤੀਤ ਦੀ ਲਾਸ਼’ ਨੂੰ ਆਪਣੇ ਮੋਢਿਆਂ ਤੋਂ ਲਾਹੁਣਾ ਪੈਣਾ ਹੈ। ਸਮਾਂ ਪਾ ਕੇ ਗਾਂਧੀ ਨੇ ਵੀ ਅੰਤਰ ਜਾਤੀ ਵਿਆਹਾਂ ਦੀ ਡਟ ਕੇ ਪੈਰਵੀ ਕਰਨੀ ਸ਼ੁਰੂ ਕਰ ਦਿੱਤੀ ਸੀ। ਜਾਪਦਾ ਹੈ ਕਿ ਅਸੀਂ ਖੁੱਲ੍ਹੇਪਣ, ਜਮਹੂਰੀ ਅਤੇ ਉਦਾਰਵਾਦੀ ਨਵੇਂ ਭਾਰਤ ਲਈ ਜਦੋਜਹਿਦ ਨੂੰ ਭੁਲਾ ਦਿੱਤਾ ਹੈ ਸਗੋਂ ਅਸੀਂ ਵੱਧ ਤੋਂ ਵੱਧ ਪਿੱਤਰਸੱਤਾਵਾਦੀ ਅਤੇ ਸੱਭਿਆਚਾਰਕ ਤੌਰ ਤੇ ਪਿਛਾਂਹਖਿੱਚੂ ਬਣ ਰਹੇ ਹਾਂ। ਸਿਤਮ ਦੀ ਗੱਲ ਇਹ ਹੈ ਕਿ ਆਧੁਨਿਕਤਾ ਦੇ ਲਬਾਦੇ ਜਾਂ ਨਵਉਦਾਰਵਾਦੀ ਖਪਤਵਾਦ ਦੇ ਹੁੰਦਿਆਂ-ਸੁੰਦਿਆਂ ਮਜ਼ਹਬੀ ਕੱਟੜਤਾ ਅਤੇ ਜਾਤੀ/ਪਿੱਤਰੀ/ਸੰਕੀਰਨ ਸੋਚ ਸਾਡੀ ਸਮੂਹਕ ਚੇਤਨਾ ਦੇ ਚਿੰਨ ਬਣੇ ਹੋਏ ਹਨ।

ਇਸ ਅਮਲ ਦੌਰਾਨ ਦੋ ਚੀਜ਼ਾਂ ਵਾਪਰੀਆਂ ਹਨ। ਪਹਿਲੀ, ਮਨ ਬਹੁਤ ਤੇਜ਼ੀ ਨਾਲ ਕੁੰਦ ਹੁੰਦੇ ਜਾ ਰਹੇ ਹਨ। ਅਸੀਂ ਇਕ ਰਾਸ਼ਟਰਵਾਦੀ ਹਿੰਦੂ ਬਨਾਮ ਸ਼ੱਕੀ ਮੁਸਲਮਾਨ, ਸ਼ੁੱਧ ਬ੍ਰਾਹਮਣ ਬਨਾਮ ਪਤਿਤ ਦਲਿਤ ਜਾਂ ਰਾਖੇ ਪੁਰਸ਼ ਅਤੇ ਆਗਿਆਕਾਰ ਔਰਤ -ਜਿਹੇ ਘੜੇ ਗਏ ਮਾਹੌਲ ਵਿਚ ਪਲ ਰਹੇ ਹਾਂ। ਪ੍ਰਚਲਤ ਸੱਭਿਆਚਾਰਕ ਰਾਜਨੀਤੀ, ਮੀਡੀਆ ਉਦਯੋਗ ਅਤੇ ਇੱਥੋਂ ਤੱਕ ਵਿਦਿਅਕ ਸਰਗਰਮੀਆਂ ਵੀ ਇਸੇ ਮਨੋਦਸ਼ਾ ਨੂੰ ਪਾਲ ਰਹੀਆਂ ਹਨ। ਇਹ ਗੁਫ਼ਾ ਵਾਂਗ ਬੰਦ ਹੈ; ਇਹ ਵਖਰੇਵਿਆਂ ਦੀਆਂ ਦੀਵਾਰਾਂ ਖੜ੍ਹੀਆਂ ਕਰਦੀ ਹੈ ਅਤੇ ਹੱਦਾਂ ਟੁੱਟਣ ਦੇ ਆਸਾਰ ਤੋਂ ਘਬਰਾਉਂਦੀ ਹੈ। ਦੂਜੀ, ਮਨਾਂ ਦੇ ਕੁੰਦ ਹੋਣ ਨਾਲ ਹੁਣ ਰਖਵਾਲੀ ਜਾਂ ਜਾਸੂਸੀ ਸਾਨੂੰ ਪ੍ਰੇਸ਼ਾਨ ਨਹੀਂ ਕਰਦੀ ਸਗੋਂ ਇਸ ਨੂੰ ਪਵਿੱਤਰ ਦਰਜਾ ਦਿੱਤਾ ਜਾ ਰਿਹਾ ਹੈ। ਅਸੀਂ ਕੀ ਖਾਂਦੇ ਪੀਂਦੇ ਹਾਂ, ਕਿਸ ਨੂੰ ਮਿਲਦੇ ਹਾਂ -ਹਰ ਚੀਜ਼ ਤੇ ਸੱਭਿਆਚਾਰ ਦੇ ਆਪੂੰ ਬਣੇ ਰਾਖਿਆਂ ਵਲੋਂ ਕਰੀਬੀ ਨਜ਼ਰ ਰੱਖੀ ਜਾਂਦੀ ਹੈ। ਅਸੀਂ ਲਗਾਤਾਰ ਆਪਣੇ ‘ਦੁਸ਼ਮਣ’ ਘੜਦੇ ਰਹਿੰਦੇ ਹਾਂ।

ਇਸ ਸਭ ਕਾਸੇ ਦਾ ਨਤੀਜਾ ਹੈ ਸੱਤਾਵਾਦ ਦੀ ਆਮਦ ਜੋ ਸਾਡੀ ਸੋਚ ਅਤੇ ਹੋਂਦ ਦਾ ਤੌਰ ਤਰੀਕਾ ਬਣ ਗਿਆ ਹੈ ਜੋ ਧੁਰੋਂ ਪੂਰੀ ਤਰ੍ਹਾਂ ਪਿੱਤਰਸੱਤਾਵਾਦੀ ਅਤੇ ਦਮਨਕਾਰੀ ਵੀ ਹੈ। ਇਹ ਅਜਿਹੀ ਪਛਾਣ ਘੜਦਾ ਹੈ ਜੋ ਰਾਸ਼ਟਰ ਜਾਂ ਮਜ਼ਹਬ ਦੇ ਘੜੇ ਘੜਾਏ ਸਾਰ ਤੇ ਆਧਾਰਿਤ ਹੈ; ਇਹ ਮੁਕਤ ਹੋਂਦ ਦੀ ਧਾਰਨਾ ਨੂੰ ਰੱਦ ਕਰਦਾ ਹੈ; ਇਹ ਇਕਸਾਰ ਮਨਾਂ ਦੀ ਚਾਹਤ ਰੱਖਦਾ ਹੈ। ਇਹ ਔਰਤ ਵਿਰੋਧੀ ਹੈ; ਇਹ ਮੰਨ ਕੇ ਚਲਦਾ ਹੈ ਕਿ ਪੁਰਸ਼ ਦਾ ਔਰਤ ਅਤੇ ਉਸ ਦੀ ਜਿਸਮਾਨੀ ਤੇ ਜ਼ਿੰਦਗੀ ਦੀ ਹਰ ਪਸੰਦ ਨਾਪਸੰਦ ਉਪਰ ਮੁਕੰਮਲ ਕੰਟਰੋਲ ਹੋਣਾ ਜ਼ਰੂਰੀ ਹੈ। ਸਿੱਟੇ ਵਜੋਂ ਇਹ ਮੁਹੱਬਤ ਦਾ ਵੀ ਵਿਰੋਧੀ ਹੈ। ਸੱਤਾਵਾਦੀ ਮਨ ਖੁੱਲ੍ਹ ਕੇ ਅਤੇ ਬਿਨਾਂ ਸ਼ਰਤ ਮੁਹੱਬਤ ਨਹੀਂ ਕਰ ਸਕਦਾ। ਇਸ ਨੂੰ ਇਨਸਾਨ ਦੀ ਜ਼ਿੰਦਗੀ ਅਤੇ ਮੁਹੱਬਤ ਦੇ ਅਸਰ ਤੋਂ ਡਰ ਲਗਦਾ ਹੈ। ਮੁਹੱਬਤ ਇਨਸਾਨ ਦੀਆਂ ਖੜ੍ਹੀਆਂ ਕੀਤੀਆਂ ਸਾਰੀਆਂ ਰੋਕਾਂ ਨੂੰ ਨਕਾਰਦੀ ਹੈ। ਮੁਹੱਬਤ ਦੀ ਇਹ ਤਾਕਤ ਅਤੇ ਇਸ ਦੇ ਬੇਰੋਕ ਵਹਿਣ ਨੂੰ ਕੋਈ ਕੱਟੜ ਸੱਭਿਆਚਾਰ ਸਹਿਣ ਨਹੀਂ ਕਰਦਾ।

ਇਸੇ ਪ੍ਰਸੰਗ ਵਿਚ ਅਸੀਂ ‘ਲਵ ਜਹਾਦ’ ਦੀ ਸਿਆਸਤ ਅਤੇ ਵਿਆਕਰਨ ਨੂੰ ਸਮਝ ਸਕਦੇ ਹਾਂ। ਅੰਤਰ-ਮਜ਼ਹਬੀ ਵਿਆਹ ਤੇ ਇਸ ਕਰ ਕੇ ਸ਼ੱਕ ਕੀਤਾ ਜਾਂਦਾ ਹੈ ਕਿਉਂਕਿ ਇਹ ਸਾਡੀਆਂ ਮਿੱਥੀਆਂ ਧਾਰਮਿਕ ਪਛਾਣਾਂ ਤੋਂ ਪਾਰ ਜਾਣ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੇ ਹਨ ਤੇ ਸੱਤਾਵਾਦੀ ਇਸ ਨੂੰ ਸਹਿਣ ਨਹੀਂ ਕਰਦੇ। ਲਿਹਾਜ਼ਾ, ਇਸ ਵਿਚਾਰ ਨੂੰ ਹੀ ਭੰਡਿਆ ਅਤੇ ਬਦਨਾਮ ਕੀਤਾ ਜਾਂਦਾ ਹੈ। ਇਸ ਨੂੰ ਸਾਜ਼ਿਸ਼ ਜਾਂ ਕਿਸੇ ਮੁਸਲਮਾਨ ਵਲੋਂ ਕਿਸੇ ਹਿੰਦੂ ਨਾਲ ਵਿਆਹ ਕਰਵਾ ਕੇ ਸਿਰਫ਼ ਉਸ ਦਾ ਧਰਮ ਪਰਿਵਰਤਨ ਕਰਾਉਣ ਦੀ ਰਣਨੀਤੀ ਵਜੋਂ ਦੇਖਿਆ ਤੇ ਦਿਖਾਇਆ ਜਾਂਦਾ ਹੈ। ਇਹ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਕਿ ਕਿਸੇ ਔਰਤ ਦੀ ਕੋਈ ਆਪਣੀ ਹੈਸੀਅਤ ਜਾਂ ਮਰਜ਼ੀ ਵੀ ਹੁੰਦੀ ਹੈ। ਇਸ ਲਈ ਕਿਸੇ ਕੱਟੜਪੰਥੀ ਦੀ ਨਜ਼ਰ ਵਿਚ ਕੋਈ ਅੰਤਰ-ਮਜ਼ਹਬੀ ਵਿਆਹ ‘ਜਹਾਦ’ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਦੇਖੋ, ਸੱਤਾਵਾਦ ਦੇ ਯੁੱਗ ਵਿਚ ਹਰ ਚੀਜ਼ ਕਿਵੇਂ ਉਲਟ ਪੁਲਟ ਹੋ ਗਈ ਹੈ। ਸਰਕਾਰ ਦੀ ਕਿਸੇ ਨੀਤੀ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸਾਰੇ ਲੋਕ ‘ਦੇਸ਼ ਵਿਰੋਧੀ’ ਕਰਾਰ ਦੇ ਦਿੱਤੇ ਜਾਂਦੇ ਹਨ; ਐੱਨਆਰਸੀ/ਸੀਏਏ ਦੀ ਆੜ ਹੇਠ ਕੀਤੀ ਜਾ ਰਹੀ ਸਿਆਸਤ ਤੇ ਕਿੰਤੂ ਕਰਨ ਵਾਲੇ ਵਿਚਾਰਸ਼ੀਲ ਵਿਦਿਆਰਥੀਆਂ ਨੂੰ ‘ਅਰਬਨ ਨਕਸਲ’ ਦਾ ਲਕਬ ਦੇ ਦਿੱਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਸੱਚੀ ਦੇਸ਼ਭਗਤੀ ਦਾ ਮਤਲਬ ਹੈ ‘ਜੈਸ਼੍ਰੀ ਰਾਮ’ ਦੇ ਨਾਅਰੇ ਲਾ ਕੇ ਝੂੰਮਣਾ; ਕਸ਼ਮੀਰ ਵਾਦੀ ਦੇ ਸਾਰੇ ਮੁਸਲਮਾਨਾਂ ਨੂੰ ਸੰਭਾਵੀ ਦਹਿਸ਼ਤਗਰਦ ਮੰਨਣਾ ਅਤੇ ਹਰ ਥਾਈਂ ਇਸਲਾਮ ਦਾ ਹਊਆ ਖੜ੍ਹਾ ਕਰਨਾ। ਪਿਛਲੇ ਕੁਝ ਸਮੇਂ ਤੋਂ ਅਸੀਂ ‘ਲਵ ਜਹਾਦ’ ਦੀ ਜੋ ਸਿਆਸਤ ਦੇਖ ਰਹੇ ਹਾਂ, ਉਹ ਮਜ਼ਹਬੀ ਰਾਸ਼ਟਰਵਾਦ ਦੀ ਪਿੱਤਰਵਾਦੀ ਵਿਚਾਰਧਾਰਾ ਦੀ ਹੀ ਉਪਜ ਹੈ।

ਕੋਈ ਵੀ ਕੱਟੜ ਵਿਚਾਰਧਾਰਾ (ਹਿੰਦੂ ਹੋਵੇ ਜਾਂ ਇਸਲਾਮੀ) ਸੁਤੰਤਰ ਮੁਹੱਬਤ ਨੂੰ ਬਰਦਾਸ਼ਤ ਨਹੀਂ ਕਰਦੀ। ਕੱਟੜਤਾ, ਹਕੀਕੀ ਧਾਰਮਿਕਤਾ ਦੇ ਖ਼ਿਲਾਫ਼ ਹੈ; ਇਹ ਉਹ ਕੁਝ ਨਹੀਂ ਜੋ ਪੁਜਾਰੀ ਸਾਨੂੰ ਦੱਸਦੇ ਤੇ ਪ੍ਰਚਾਰਦੇ ਹਨ। ਮੁਹੱਬਤ ਜ਼ਿੰਦਗੀ ਦੀ ਕਰਤਾਰੀ ਊਰਜਾ ਅਤੇ ਸਦੀਵੀ ਫੁਹਾਰਾ ਹੈ, ਤੇ ਇਹੀ ਸੱਚਾ ਧਰਮ ਹੈ। ਮੁਹੱਬਤ ਇਨਕਲਾਬੀ ਹੈ, ਮੁਹੱਬਤ ਫਾਸ਼ੀਵਾਦ ਲਈ ਨਾਬਰੀ ਹੈ। ਅਫ਼ਸੋਸ ਇਹ ਹੈ ਕਿ ਅਸੀਂ ਅਜੇ ਇਸ ਨੂੰ ਮਾਨਣ ਲਈ ਤਿਆਰ ਨਹੀਂ ਹਾਂ।

*ਲੇਖਕ ਸਮਾਜ ਸ਼ਾਸਤਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All