ਸਿਆਸਤਦਾਨ, ਸਿਆਸੀ ਇੱਛਾ ਸ਼ਕਤੀ ਤੇ ਅਵਾਮ

ਸਿਆਸਤਦਾਨ, ਸਿਆਸੀ ਇੱਛਾ ਸ਼ਕਤੀ ਤੇ ਅਵਾਮ

ਅਮਨਦੀਪ ਸਿੰਘ ਸੇਖੋਂ

ਕਾਨਪੁਰ ਤੋਂ ਛਪਦੇ ਹਿੰਦੀ ਅਖਬਾਰ ‘ਪ੍ਰਤਾਪ’ ਵਿਚ 15 ਮਾਰਚ 1926 ਨੂੰ ‘ਪੰਜਾਬੀ ਯੁਵਕ’ ਦੇ ਨਾਂ ਹੇਠ ਲੇਖ ਛਪਿਆ ਸੀ। ਇਹ ਲੇਖ ਲਿਖਣ ਵਾਲਾ ਹੋਰ ਕੋਈ ਨਹੀਂ, ਭਗਤ ਸਿੰਘ ਸੀ ਅਤੇ ਲੇਖ ਦਾ ਸਿਰਲੇਖ ਸੀ: ‘ਹੋਲੀ ਦੇ ਦਿਨ ਖੂਨ ਦੇ ਛਿੱਟੇ- ਬੱਬਰ ਅਕਾਲੀ ਫਾਂਸੀ ਤੇ’। ਲੇਖ ਦੇ ਜਿਸ ਹਿੱਸੇ ਵੱਲ ਮੈਂ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ ਉਹ ਹੈ: “ਹੋਲੀ ਵਾਲੇ ਦਿਨ ... ਜਦ ਅਸੀਂ ਖੇਡਣ ਮੱਲਣ ਵਿਚ ਰੁੱਝੇ ਹੋਏ ਸਾਂ ਉਸ ਵੇਲੇ ... ਲਾਹੌਰ ਸੈਂਟਰਲ ਜੇਲ੍ਹ ਵਿਚ 6 ਬੱਬਰ ਅਕਾਲੀ ਫਾਂਸੀ ਉੱਤੇ ਲਟਕਾ ਦਿੱਤੇ ਗਏ। ... ਸ਼ਹਿਰ ਵਿਚ ਉਹੀ ਚਹਿਲ ਪਹਿਲ ਸੀ। ਆਉਣ ਜਾਣ ਵਾਲਿਆਂ ਤੇ ਉਵੇਂ ਹੀ ਰੰਗ ਸੁੱਟਿਆ ਜਾ ਰਿਹਾ ਸੀ। ... ਅਸੀਂ ਕਾਇਰ ਨਰ ਪਸ਼ੂ ਇੱਕ ਬਿੰਦ ਲਈ ਵੀ ਐਸ਼ ਆਰਾਮ ਛੱਡ ਕੇ ਬਹਾਦਰਾਂ ਦੀ ਮੌਤ ਉੱਤੇ ਆਹ ਭਰਨ ਦਾ ਹੌਸਲਾ ਨਹੀਂ ਕਰਦੇ।”

ਇਹ ਸੱਚ ਹੈ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਉੱਤੇ ਜਦ ਇਹ ਸਮਾਂ ਆਇਆ ਤਾਂ ਦੇਸ਼ ਉਨ੍ਹਾਂ ਦੀ ਅਜਿਹੀ ਅਣਦੇਖੀ ਨਾ ਕਰ ਸਕਿਆ, ਜਿਸ ਤਰ੍ਹਾਂ ਦੀ ਅਣਦੇਖੀ 6 ਬੱਬਰ ਅਕਾਲੀਆਂ ਦੀ ਕਰਨ ਦਾ ਉਲਾਂਭਾ ਭਗਤ ਸਿੰਘ ਨੇ ਆਪਣੇ ਉਸ ਲੇਖ ਵਿਚ ਦਿੱਤਾ ਹੈ ਪਰ ਇਹ ਵੀ ਸੱਚ ਹੈ ਕਿ ਭਗਤ ਸਿੰਘ ਦੇ ਸਾਥੀਆਂ, ਬੱਬਰ ਅਕਾਲੀਆਂ ਅਤੇ ਗ਼ਦਰੀ ਬਾਬਿਆਂ ਵਰਗੇ ਹੀ ਰਾਜਸੀ ਕੈਦੀ ਜੋ ਅਜੋਕੇ ਆਜ਼ਾਦ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਹਨ, ਦੀ ਅਣਦੇਖੀ ਕਰਦੇ ਹੋਏ ਅਸੀਂ ਭਗਤ ਸਿੰਘ ਦੇ ਉਸ ਉਲਾਂਭੇ ਦੇ ਅੱਜ ਵੀ ਭਾਗੀ ਹਾਂ।

15 ਜੂਨ ਤੋਂ 4 ਅਕਤੂਬਰ, 1929 ਤੱਕ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੰਮੀ ਭੁੱਖ ਹੜਤਾਲ ਕੀਤੀ ਸੀ ਜਿਸ ਨੂੰ ਸਾਡੀਆਂ ਫਿਲਮਾਂ ਨੇ ਚੰਗੇ ਖਾਣੇ ਅਤੇ ਹੋਰ ਸਹੂਲਤਾਂ ਦੀ ਮੰਗ ਤੱਕ ਸੀਮਤ ਕਰ ਕੇ ਦਿਖਾਇਆ ਪਰ ਅਸਲ ਵਿਚ ਇਹ ਭੁੱਖ ਹੜਤਾਲ ਦੋ ਮੰਗਾਂ ਨੂੰ ਲੈ ਕੇ ਸੀ। ਪਹਿਲੀ ਇਹ ਕਿ ਇਖ਼ਲਾਕੀ ਕੈਦੀਆਂ ਨਾਲ ਆਮ ਕੈਦੀਆਂ ਵਰਗਾ ਸਲੂਕ ਨਾ ਕੀਤਾ ਜਾਵੇ; ਦੂਜੀ ਇਹ ਕਿ ਕੈਦੀਆਂ ਨਾਲ ਵਿਹਾਰ ਵਿਚ ਨਸਲੀ ਵਿਤਕਰਾ ਬੰਦ ਕੀਤਾ ਜਾਵੇ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਤਰਕ ਸੀ ਕਿ ਰਾਜਸੀ ਕੈਦੀਆਂ ਦਾ ਜੁਰਮ ਚਾਹੇ ਕਿੰਨਾ ਵੀ ਸੰਗੀਨ ਹੋਵੇ, ਉਹ ਆਪਣੇ ਨਿੱਜੀ ਫਾਇਦੇ ਲਈ ਜੁਰਮ ਕਰਨ ਵਾਲੇ ਚੋਰਾਂ, ਕਾਤਲਾਂ ਅਤੇ ਬਲਾਤਕਾਰੀਆਂ ਦੇ ਜੁਰਮਾਂ ਤੋਂ ਵੱਖਰਾ ਹੁੰਦਾ ਹੈ। ਜੇ ਆਪਣੇ ਨਿੱਜੀ ਫਾਇਦੇ ਲਈ ਘਟੀਆ ਤੋਂ ਘਟੀਆ ਜੁਰਮ ਕਰਨ ਵਾਲੇ ਅੰਗਰੇਜ਼ ਕੈਦੀਆਂ ਨੂੰ ਸਿਰਫ ਉਨ੍ਹਾਂ ਦੇ ਗੋਰੇ ਚੰਮ ਕਰ ਕੇ ਜੇਲ੍ਹਾਂ ਵਿਚ ਸਰਕਾਰੀ ਮਹਿਮਾਨਾਂ ਵਾਂਗ ਰੱਖਿਆ ਜਾ ਸਕਦਾ ਹੈ ਤਾਂ ਰਾਜਸੀ ਕੈਦੀਆਂ ਨੂੰ ਕਿਉਂ ਨਹੀਂ? ਰਾਜਸੀ ਕੈਦੀਆਂ ਲਈ ਸ਼ਬਦ ਇਖ਼ਲਾਕੀ ਕੈਦੀ ਇਸ ਲਈ ਵਰਤਿਆ ਜਾਂਦਾ ਹੈ ਕਿਉਂਕਿ ਉਹ ਕਾਨੂੰਨ ਦੀ ਉਲੰਘਣਾ ਆਪਣੇ ਕਿਸੇ ਨਿੱਜੀ ਸਵਾਰਥ ਤੋਂ ਪ੍ਰੇਰਿਤ ਹੋ ਕੇ ਨਹੀਂ ਸਗੋਂ ਆਪਣੇ ਜ਼ਮੀਰ ਹੱਥੋਂ ਮਜਬੂਰ ਹੋ ਕੇ ਕਰਦੇ ਹਨ।

ਉਸ ਵੇਲੇ ਮੋਤੀ ਲਾਲ ਨਹਿਰੂ ਨੇ ਰਾਜਸੀ ਕੈਦੀਆਂ ਦੇ ਹੱਕ ਵਿਚ ਕੇਂਦਰੀ ਲੈਜਿਸਲੇਟਿਵ ਅਸੈਂਬਲੀ ਵਿਚ ਸਰਕਾਰੀ ਪੱਖ ਨੂੰ ਕਿਹਾ ਸੀ- “ਤੁਸੀਂ ਅਤਿ ਦਰਜੇ ਦੇ ਕਮੀਨੇ ਅਪਰਾਧੀ ਨੂੰ ਬਿਹਤਰ ਸਹੂਲਤਾਂ ਦੇਣ ਨੂੰ ਤਿਆਰ ਹੋ ਜੋ ਆਪਣੇ ਨਿੱਜੀ ਫਾਇਦੇ ਲਈ ਗਬਨ, ਲੁੱਟ ਅਤੇ ਧੋਖੇਧੜੀ ਕਰਦਾ ਹੈ ... ਪਰ ਕਿਉਂਕਿ ਉਹ ਕੋਈ ਬੈਂਕ ਡਾਇਰੈਕਟਰ ਹੈ ਅਤੇ ਸ਼ਾਹੀ ਜੀਵਨ ਜਿਊਣ ਦਾ ਆਦੀ ਹੈ, ਇਸ ਲਈ ਤੁਹਾਡੀ ਨਜ਼ਰ ਵਿਚ ਉਹ ਵਿਸ਼ੇਸ਼ ਸਹੂਲਤਾਂ ਦਾ ਹੱਕਦਾਰ ਹੈ ਪਰ ਜਦੋਂ ਗੱਲ ਆਉਦੀ ਹੈ ਇਨ੍ਹਾਂ ਨਿਰ-ਸਵਾਰਥ ਦੇਸ਼ਭਗਤਾਂ ਦੀ ਤਾਂ ... ਤੁਸੀਂ ਉਨ੍ਹਾਂ ਨੂੰ ਮੁਢਲੀਆਂ ਇਨਸਾਨੀ ਸਹੂਲਤਾਂ ਦੇਣ ਨੂੰ ਵੀ ਤਿਆਰ ਨਹੀਂ।”

ਕੀ ਸਾਡੇ ਆਜ਼ਾਦ ਦੇਸ਼ ਵਿਚ ਹਾਲਤ ਉਸ ਤੋਂ ਵੀ ਕਿਤੇ ਵੱਧ ਮਾੜੀ ਨਹੀਂ ਹੋ ਗਈ। ਜਦੋਂ ਦੇਸ਼ ਉੱਤੇ ਰਾਜ ਕਰਨ ਵਾਲੇ ਲੀਡਰਾਂ ਨੂੰ ਜੇਲ੍ਹਾਂ ਵਿਚ ਹਰ ਸਹੂਲਤ ਮਿਲੀ ਹੋਈ ਹੈ ਅਤੇ ਨਿਰ-ਸਵਾਰਥ ਭਾਵ ਨਾਲ ਸਮਾਜ ਸੇਵਾ ਕਰਨ ਵਾਲੇ ਲੇਖਕ, ਵਕੀਲ, ਡਾਕਟਰ ਅਤੇ ਸਾਹਿਤਕਾਰ ਜੇਲ੍ਹਾਂ ਵਿਚ ਨਰਕੀ ਜੀਵਨ ਬਤੀਤ ਕਰ ਰਹੇ ਹਨ। ਜਿਨ੍ਹਾਂ ਅਪਰਾਧਾਂ ਲਈ ਉਨ੍ਹਾਂ ਨੂੰ ਕੈਦ ਕੀਤਾ ਗਿਆ ਹੈ, ਉਨ੍ਹਾਂ ਦਾ ਸਾਬਿਤ ਹੋਣਾ ਤਾਂ ਦੂਰ, ਉਨ੍ਹਾਂ ਉੱਤੇ ਸੁਣਵਾਈ ਤੱਕ ਸ਼ੁਰੂ ਨਹੀਂ ਹੋਈ। ਜੋ ਜ਼ਮਾਨਤ ਕਿਸੇ ਭ੍ਰਿਸ਼ਟ ਲੀਡਰ ਨੂੰ ਪਹਿਲੀ ਪੇਸ਼ੀ ਉੱਤੇ ਮਿਲ ਜਾਂਦੀ, ਉਹ ਇਨ੍ਹਾਂ ਇਖਲਾਕੀ ਕੈਦੀਆਂ ਨੂੰ ਵਾਰ ਵਾਰ ਮੰਗਣ ਉੱਤੇ ਵੀ ਨਹੀਂ ਮਿਲ ਰਹੀ।

ਅਸੀਂ ਭਾਵੇਂ ਦੇਸ਼ ਦੀ ਹਰ ਸਮੱਸਿਆ ਲਈ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਦਾਰ ਗਰਦਾਨਣ ਦੇ ਪੱਖ ਵਿਚ ਨਾ ਵੀ ਹੋਈਏ ਤਾਂ ਵੀ ਰਾਜਸੀ ਕੈਦੀਆਂ ਬਾਰੇ ਉਸ ਦਾ ਦੋਹਰਾ ਰਵੱਈਆ ਅੱਜ ਦੇ ਹਾਲਾਤ ਲਈ ਜ਼ਿੰਮੇਦਾਰ ਹੈ। ਉਹ ਲੀਡਰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਭੁੱਖ ਹੜਤਾਲ ਸਮੇਂ ਉਨ੍ਹਾਂ ਨੂੰ ਮਿਲਣ ਲਾਹੌਰ ਆਉਂਦਾ ਹੈ ਅਤੇ ਆਪਣੀ ਆਤਮ ਕਥਾ ਵਿਚ ਨੈਨੀ ਜੇਲ੍ਹ ਦੌਰਾਨ ਆਪਣੇ ਤਜਰਬੇ ਦਰਜ ਕਰਦੇ ਹੋਏ ਇਹ ਲਿਖਦਾ ਹੈ ਕਿ “ਇਹ ਦੇਖ ਕੇ ਦੁੱਖ ਹੁੰਦਾ ਹੈ ਯੂਰੋਪੀਅਨ ਕੈਦੀਆਂ ਤੋਂ ਇਲਾਵਾ ਹੋਰ ਆਦਮੀਆਂ ਅਤੇ ਔਰਤਾਂ ਨਾਲ ਹੋਣ ਵਾਲਾ ਵਿਹਾਰ ਕਿਸੇ ਵੀ ਪੱਖੋਂ ਮਨੁੱਖਾਂ ਵਾਲਾ ਨਹੀਂ” ਪਰ ਇਹ ਲੀਡਰ 17 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਰਹਿੰਦਾ ਹੈ ਪਰ ਨਾ ਰਾਜਸੀ ਕੈਦੀਆਂ ਨੂੰ ਕੋਈ ਵੱਖਰਾ ਦਰਜਾ ਮਿਲਦਾ ਹੈ ਅਤੇ ਨਾ ਕੈਦੀਆਂ ਨੂੰ ਮਨੁੱਖੀ ਵਿਹਾਰ; ਤੇ ਅਜਿਹਾ ਇਸ ਲਈ ਕਿਉਂਕਿ ਅਸੀਂ ਵੋਟਾਂ ਪਾਉਣ ਸਮੇਂ ਲੀਡਰਾਂ ਦਾ ਜਲੌਅ ਦੇਖਦੇ ਹਾਂ, ਉਨ੍ਹਾਂ ਦਾ ਕੰਮ ਨਹੀਂ।

ਇਹ ਆਮ ਤੌਰ ਉੱਤੇ ਸੁਣਨ ਨੂੰ ਮਿਲਦਾ ਹੈ ਕਿ ਸਾਡੇ ਦੇਸ਼ ਕੋਲ ਅਥਾਹ ਸੋਮੇ ਹਨ ਜਿਨ੍ਹਾਂ ਨਾਲ ਦੇਸ਼ ਦੀ ਹਰ ਸਮੱਸਿਆ ਦਾ ਹੱਲ ਸੰਭਵ ਹੈ ਪਰ ਕਮੀ ਹੈ ਤਾਂ ਰਾਜਸੀ ਇੱਛਾ ਸ਼ਕਤੀ ਦੀ। ਇਹ ਰਾਜਸੀ ਇੱਛਾ ਸ਼ਕਤੀ ਪਈ ਕਿੱਥੇ ਹੁੰਦੀ ਹੈ ਜਿਸ ਦੀ ਸਾਡੇ ਦੇਸ਼ ਵਿਚ ਕਮੀਂ ਹੈ? ਅਸੀਂ ਅਕਸਰ ਇਸ ਨੂੰ ਲੀਡਰਾਂ ਵਿਚ ਤਲਾਸ਼ ਕਰਦੇ ਹਾਂ ਅਤੇ ਉਨ੍ਹਾਂ ਨੂੰ ਦੋਸ਼ ਦੇ ਕੇ ਬੈਠ ਜਾਂਦੇ ਹਾਂ ਜਿਵੇਂ ਨਹਿਰੂ ਦਾ ਪ੍ਰਸੰਗ ਆਇਆ ਹੀ ਹੈ ਪਰ ਭਗਤ ਸਿੰਘ ਆਪਣੇ ਲੇਖ ਵਿਚ ਇਸ ਰਾਜਸੀ ਇੱਛਾ ਸ਼ਕਤੀ ਦੀ ਕਮੀ ਦੀ ਜਨਤਾ ਵਿਚ ਦੇਖਦਾ ਹੈ। ਜੋ ਆਪਣੇ ਰੋਜ਼ਾਨਾ ਜੀਵਨ ਵਿਚ ਇਸ ਤਰ੍ਹਾਂ ਮਸਰੂਫ ਹੈ ਕਿ ਆਪਣੇ ਸ਼ਹਿਰ ਵਿਚ ਲੱਗੀ 6 ਬੱਬਰ ਅਕਾਲੀਆਂ ਦੀ ਫਾਂਸੀ ਉਸ ਦੇ ਹੋਲੀ ਦੇ ਤਿਉਹਾਰ ਨੂੰ ਰਤਾ ਵੀ ਫਿੱਕਾ ਨਹੀਂ ਪਾਉਂਦੀ!

ਸਾਡੇ ਵਿਚੋਂ ਹਰ ਕੋਈ ਆਪਣੇ ਰੋਜ਼ਾਨਾ ਜੀਵਨ ਵਿਚ ਘਿਰਿਆ ਹੋਇਆ ਹੈ। ‘ਸੋਸ਼ਲ ਕੰਸਟਰਕਸ਼ਨ ਆਫ ਰਿਐਲਿਟੀ’ ਦੇ ਲੇਖਕ ਪੀਟਰ ਬਰਜਰ ਅਨੁਸਾਰ ਸਾਡੇ ਲਈ ਅਸਲ ਜੀਵਨ ਉਹ ਹੁੰਦਾ ਹੈ ਜੋ ਸਾਡੀ ਦਖਲਅੰਦਾਜ਼ੀ ਦੇ ਦਾਇਰੇ ਵਿਚ ਆਉਂਦਾ ਹੋਵੇ। ਸਾਡੀ ਦਖਲਅੰਦਾਜ਼ੀ ਤੋਂ ਬਾਹਰ ਦੇ ਜੀਵਨ ਦੀ ਸੱਚਾਈ ਤੋਂ ਅਸੀਂ ਵਾਕਿਫ ਤਾਂ ਰਹਿੰਦੇ ਹਾਂ ਪਰ ਉਹ ਸਾਡੇ ਕਾਰਜ ਖੇਤਰ ਦਾ ਹਿੱਸਾ ਨਹੀਂ ਬਣਦਾ। ਨਾਟਕਕਾਰ/ਰੰਗਕਰਮੀ ਬਾਦਲ ਸਰਕਾਰ ਨੇ ਇਸੇ ਨੁਕਤੇ ਨੂੰ ਆਪਣੇ ਨਾਟਕ ‘ਬਾਕੀ ਇਤਿਹਾਸ’ ਵਿਚ ਫੜਿਆ ਹੈ ਜਿੱਥੇ ਇੱਕ ਪ੍ਰੋਫੈਸਰ ਮਨੁੱਖੀ ਇਤਿਹਾਸ ਪੰਨੇ ਫਰੋਲਦਾ ਹੋਇਆ ਜ਼ੁਲਮਾਂ ਦੀ ਲਗਾਤਾਰਤਾ ਦਾ ਅਜਿਹਾ ਨਜ਼ਾਰਾ ਦੇਖਦਾ ਹੈ ਕਿ ਉਸ ਨੂੰ ਜੀਵਨ ਜਿਊਣਾ ਨਿਰਰਥਕ ਜਾਪਦਾ ਹੈ। ਉਹ ਆਤਮ-ਹੱਤਿਆ ਦੀ ਤਿਆਰੀ ਵਿਚ ਹੀ ਹੁੰਦਾ ਹੈ ਕਿ ਉਸ ਦੇ ਨਿੱਜੀ ਇਤਿਹਾਸ ਵਿਚੋਂ ਉਸ ਨੂੰ ਇੱਕ ਚੰਗੀ ਖਬਰ ਮਿਲਦੀ ਹੈ ਕਿ ਉਸ ਦੀ ਤਰੱਕੀ ਹੋ ਗਈ ਹੈ। ਉਹ ‘ਬਾਕੀ ਇਤਿਹਾਸ’ ਨੂੰ ਪਾਸੇ ਧੱਕ ਕੇ ਇੱਕ ਫਿਰ ਤੋਂ ਜੀਵਨ ਜਿਊਣ ਵੱਲ ਮੁੜ ਆਉਂਦਾ ਹੈ। ਮਨੁੱਖ ਜਾਤੀ ਦੀ ਸਾਂਝੀ ਹੋਣੀ ਦੀ ਚੇਤਨਾ ਜਿੱਥੇ ਸਾਨੂੰ ਸੰਘਰਸ਼ਾਂ ਲਈ ਪ੍ਰੇਰਦੀ ਹੈ, ਉੱਥੇ ਸੰਘਰਸ਼ਾਂ ਦੀ ਇੱਕ-ਰਸ ਅਸਫਲਤਾ ਵਿਚੋਂ ਸਤਨਾਮ, ਇਫਰੋਜ਼ ਅਤੇ ਹਰਮਨ ਵਰਗੇ ਚੇਤੰਨ ਲੋਕ ਆਤਮ-ਹੱਤਿਆ ਵੀ ਕਰ ਲੈਂਦੇ ਹਨ।

ਸਾਡੇ ਦੇਸ਼ ਦੀ ਜੋ ਜਨਤਾ ਬੱਬਰ ਅਕਾਲੀਆਂ, ਕਾਕੋਰੀ ਦੇ ਸ਼ਹੀਦਾਂ ਅਤੇ ਗ਼ਦਰੀਆਂ ਦੀ ਹੋਣੀ ਬਾਰੇ ਅਵੇਸਲੀ ਸੀ, ਉਹ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਸਮੇਂ ਦੜ ਵੱਟ ਕੇ ਨਹੀਂ ਰਹਿ ਸਕੀ, ਕਿਉਂਕਿ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਆਪਣੇ ਲਗਾਤਰ ਸੰਘਰਸ਼ਾਂ ਰਾਹੀਂ ਰਾਜਸੀ ਕੈਦੀਆਂ ਦੇ ਸਵਾਲ ਨੂੰ ਜਨਤਾ ਦੇ ਰੋਜ਼ਾਨਾ ਜੀਵਨ ਦੇ ਦਾਇਰੇ ਵਿਚ ਲਿਆ ਖੜ੍ਹਾ ਕੀਤਾ ਸੀ। ਕਿਸੇ ਰਾਜਸੀ ਤਹਿਰੀਕ ਦੀ ਸਫਲਤਾ ਇਸੇ ਗੱਲ ਵਿਚ ਹੁੰਦੀ ਹੈ ਕਿ ਉਹ ਰਾਜਸੀ ਸਵਾਲਾਂ ਨੂੰ ਲੋਕਾਂ ਦੇ ਕਾਰਜ ਖੇਤਰ ਵਿਚ ਲੈ ਆਵੇ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਦੇਵੇ। ਜਦੋਂ ਭਗਤ ਸਿੰਘ ਦੀ ਭੁੱਖ ਹੜਤਾਲ ਦੇ ਸਮਰਥਨ ਵਿਚ ਦੇਸ਼ ਭਰ ਦੀਆਂ ਕਈ ਜੇਲ੍ਹਾਂ ਦੇ ਰਾਜਸੀ ਕੈਦੀ ਭੁੱਖ ਹੜਤਾਲ ਕਰਦੇ ਹਨ ਤਾਂ ਘਰ ਬੈਠ ਕੇ ਵਰਤ ਰੱਖਣ ਵਾਲਿਆਂ ਦੀ ਗਿਣਤੀ ਵੀ ਕੁਝ ਘੱਟ ਨਹੀਂ ਸੀ। ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਰਾਜਨੀਤੀ ਦੇ ਕੇਂਦਰ ਵਿਚ ਲੈ ਆਂਦਾ ਸੀ ਅਤੇ ਰਾਮ ਮੰਦਿਰ ਦੇ ਨਿਰਮਾਣ ਲਈ ਹਰ ਘਰ ਤੋਂ ਇੱਕ ਇੱਟ ਮੰਗਣ ਦੀ ਰਣਨੀਤੀ ਨੇ ‘ਰਾਜਸੀ ਰਾਮ’ ਨੂੰ ਜਨਤਾ ਦੇ ਰੋਜ਼ਾਨਾ ਜੀਵਨ ਦੇ ਕਾਰਜ-ਖੇਤਰ ਵਿਚ ਲੈ ਆਂਦਾ ਸੀ। ਜਨਤਾ ਦੇ ਮੁੱਦਿਆਂ ਦੀ ਗੱਲ ਕਰਨ ਵਾਲਿਆਂ ਨੇ ਵੀ ਜੇ ਜਨਤਾ ਦੇ ਮੁੱਦਿਆਂ ਨੂੰ ਰਾਜਨੀਤੀ ਦੇ ਕੇਂਦਰ ਵਿਚ ਲਿਆਉਣਾ ਹੈ ਤਾਂ ਉਨ੍ਹਾਂ ਨੂੰ ਵੀ ਇਹ ਮੁੱਦੇ ਜਨਤਾ ਦੇ ਕਾਰਜ-ਖੇਤਰ ਵਿਚ ਲਿਆਉਣੇ ਪੈਣਗੇ। ਇਕੱਲਾ ਲੀਡਰਾਂ ਨੂੰ ਦੋਸ਼ ਦੇਣ ਨਾਲ ਕੰਮ ਨਹੀਂ ਸਰਨਾ।
ਸੰਪਰਕ: 70099-11489

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All