ਅਮਰਜੀਤ ਸਿੰਘ ਸੰਧੂ/ਪ੍ਰਿਤਪਾਲ ਸਿੰਘ
ਮਨੁੱਖੀ ਦਖ਼ਲਅੰਦਾਜ਼ੀ ਅਤੇ ਕੁਦਰਤੀ ਕਾਰਨਾਂ ਕਰ ਕੇ ਪਿਛਲੇ ਦੋ ਦਹਾਕਿਆਂ ਦੌਰਾਨ ਮੌਸਮ ਦੀ ਔਸਤ ਅਸਮਾਨਤਾ ਦੀ ਪਰਖ ਕਰਦਿਆਂ, ਅੰਤਰ-ਸਰਕਾਰੀ ਜਲਵਾਯੂ ਤਬਦੀਲ਼ੀ ਪੈਨਲ (ਆਈਪੀਸੀਸੀ) ਦੀ ਰਿਪੋਰਟ ਕਹਿੰਦੀ ਹੈ ਕਿ ਜਲਵਾਯੂ ਤਬਦੀਲੀ ਇਸ ਸਦੀ ਦੀ ਖੇਤੀ ਸਥਿਰਤਾ ਲਈ ਸਭ ਤੋਂ ਵੱਡੀ ਸਮੱਸਿਆ ਹੈ। ਇੱਕ ਅੰਦਾਜ਼ੇ ਅਨੁਸਾਰ ਤਾਪਮਾਨ ਵਿਚ ਇੱਕ ਦਰਜੇ ਦਾ ਵਾਧਾ ਕਣਕ, ਸਰ੍ਹੋਂ, ਆਲੂ, ਸੋਇਆਬੀਨ ਅਤੇ ਮੂੰਗਫਲੀ ਦਾ ਝਾੜ 3-7 ਫ਼ੀਸਦ ਤੱਕ ਘਟਾ ਸਕਦਾ ਹੈ। ਸੰਭਾਵਨਾ ਹੈ ਕਿ 2099 ਤੱਕ ਤਾਪਮਾਨ ਦਾ ਵਾਧਾ 2.5-4.9 ਫ਼ੀਸਦ ਹੋ ਸਕਦਾ ਹੈ। ਇਸ ਦੇ ਨਤੀਜੇ ਵਜੋਂ ਇਨ੍ਹਾਂ ਫ਼ਸਲਾਂ ਦੇ ਝਾੜ ਵਿਚ 10 ਤੋਂ 40% ਘਾਟ ਆ ਸਕਦੀ ਹੈ। ਤਾਪਮਾਨ ਵਧਣ ਕਰ ਕੇ ਜ਼ਮੀਨ ਵਿਚਲਾ ਜੈਵਿਕ ਮਾਦਾ ਜਲਦੀ ਅਪਘਟਿਤ ਹੋਵੇਗਾ, ਜ਼ਮੀਨ ’ਚੋਂ ਨਾਈਟ੍ਰੋਜਨ ਤੱਤ ਦਾ ਗੈਸਾਂ ਦੇ ਰੂਪ ’ਚ ਨਿਕਾਸ ਵਧੇਗਾ, ਨਤੀਜੇ ਵਜੋਂ ਉਪਜਾਊ ਸ਼ਕਤੀ ਘਟੇਗੀ। ਤਾਪਮਾਨ ਵਿਚ ਵਾਧੇ ਕਾਰਨ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਵਧੇਰੇ ਹਮਲੇ ਦੇ ਖ਼ਦਸਿ਼ਆਂ ਦੇ ਨਾਲ ਨਾਲ ਫ਼ਸਲਾਂ ਲਈ ਪਾਣੀ ਦੀ ਖ਼ਪਤ ਵੀ ਵਧੇਗੀ। ਤ੍ਰਾਸਦੀ ਇਹ ਹੈ ਕਿ ਪੰਜਾਬ ਮੁਲਕ ਦਾ ਸਭ ਤੋਂ ਉਪਜਾਊ ਖਿੱਤਾ ਹਰੀ ਕ੍ਰਾਂਤੀ ਦਾ ਸਿਹਰਾ ਬੰਨ੍ਹ ਕੇ ਆਪਣੇ ਕੁਦਰਤੀ ਸਰੋਤਾਂ ਦੀ ਕੀਮਤ ਤੇ ਮੁਲਕ ਦਾ ਢਿੱਡ ਭਰਦਾ ਰਿਹਾ ਹੈ; ਸਿੱਟੇ ਵਜੋਂ ਪਾਣੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਪੰਜਾਬ ਹੁਣ ਮਾਰੂਥਲ ਬਣਨ ਵੱਲ ਵਧ ਰਿਹਾ ਹੈ। ਇਸ ਦੇ ਨਾਲ ਨਾਲ ਖੇਤੀ ਪੈਦਾਵਾਰ ਵਿਚ ਹੋਰ ਜਿ਼ਕਰਯੋਗ ਵਾਧਾ ਨਹੀਂ ਹੋ ਰਿਹਾ; ਖੇਤੀ ਲਾਗਤਾਂ ਵਿਚ ਵਾਧਾ ਯਕੀਨਨ ਹੋ ਰਿਹਾ ਹੈ।
ਜਲਵਾਯੂ ਤਬਦੀਲੀ ਕਾਰਨ ਹੀ ਮੌਨਸੂਨ ਹਵਾਵਾਂ ਦੇ ਵਿਹਾਰ ਵਿਚ ਵਿਗਾੜ ਆਇਆ ਹੈ। ਅੰਕੜੇ ਦੱਸਦੇ ਹਨ ਕਿ ਮੌਨਸੂਨ ਰੁੱਤ (ਜੂਨ ਤੋਂ ਸਤੰਬਰ ਤੱਕ) ਦੌਰਾਨ ਭਾਵੇਂ ਮੀਂਹ ਜਿ਼ਆਦਾ ਵੀ ਪੈਣ ਮੀਂਹਾਂ ਦੇ ਦਿਨਾਂ ਦੀ ਗਿਣਤੀ ਘਟਣ ਕਾਰਨ ਕਿਸੇ ਸਮੇਂ ਸੋਕੇ ਵਰਗੇ ਹਾਲਾਤ ਬਣਦੇ ਹਨ ਤੇ ਕਿਤੇ ਹੜ੍ਹਾਂ ਦੀ ਮਾਰ ਪੈਂਦੀ ਹੈ। ਸਿੱਟੇ ਵਜੋਂ ਕਿਤੇ ਖੁਸ਼ਕੀ ਅਤੇ ਕਿਤੇ ਵਾਧੂ ਪਾਣੀ ਖੜ੍ਹਨ ਕਰ ਕੇ ਵੀ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ। ਮੀਂਹ ਦੇ ਜਿ਼ਆਦਾ ਪਾਣੀ ਨਾਲ ਜ਼ਮੀਨ ਵਿਚੋਂ ਉਪਜਾਊ ਤੱਤਾਂ ਦਾ ਰੋੜ੍ਹ ਵੀ ਪੈਦਾਵਾਰ ਘਟਾਉਂਦਾ ਹੈ। ਦੂਜੇ ਪਾਸੇ, ਸਰਦੀ ਦੌਰਾਨ ਮੀਂਹ ਦੀ ਘਾਟ ਖੇਤੀ ਉਤਪਾਦਨ ਉੱਪਰ ਪ੍ਰਤੀਕੂਲ ਅਸਰ ਪਾਉਂਦੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਜਲਵਾਯੂ ਤਬਦੀਲੀ ਕਾਰਨ ਗਰਮੀ ਰੁੱਤ ਦਾ ਪਸਾਰ ਹੋ ਰਿਹਾ ਹੈ। ਅਕਤੂਬਰ-ਨਵੰਬਰ ਦੌਰਾਨ ਵਧੇਰੇ ਔਸਤ ਤਾਪਮਾਨ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਉਪਰੰਤ ਬੀਜ ਦੀ ਜੰਮਣ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਫਰਵਰੀ-ਮਾਰਚ ਮਹੀਨੇ ਤਾਪਮਾਨ ਵਿਚ ਅਗੇਤਾ ਵਾਧਾ ਕਈ ਫ਼ਸਲਾਂ ਦੀ ਪਰਾਗਣ ਕਿਰਿਆ ਨੂੰ ਪ੍ਰਭਾਵਿਤ ਕਰ ਕੇ ਝਾੜ ਵਿਚ ਘਾਟ ਦਾ ਕਾਰਨ ਬਣਦਾ ਹੈ।
ਜਲਵਾਯੂ ਤਬਦੀਲੀਆਂ ਭਾਵੇਂ ਸਬਜ਼ੀਆਂ, ਫ਼ਲਾਂ ਤੇ ਅਨਾਜ ਵਾਲੀਆਂ ਫ਼ਸਲਾਂ ਦੇ ਉਤਪਾਦਨ ਅਤੇ ਮਿਆਰ ਉੱਪਰ ਪ੍ਰਤੀਕੂਲ ਪ੍ਰਭਾਵ ਪਾਉਣਗੀਆਂ ਪਰ ਖੇਤੀ ਉਤਪਾਦਨ ਅਤੇ ਆਮਦਨ ਨੂੰ ਸਥਿਰ ਰੱਖਣ ਲਈ ਫ਼ਸਲ ਪ੍ਰਬੰਧ ’ਚ ਕੁਝ ਤਬਦੀਲੀਆਂ ਜਿਵੇਂ ਗਰਮੀ/ਸਰਦੀ ਰੋਧਕ ਜਾਂ ਸਹਿਣਸ਼ੀਲ ਫ਼ਸਲਾਂ ਤੇ ਕਿਸਮਾਂ ਦੀ ਚੋਣ, ਬਿਜਾਈ ਦਾ ਸਹੀ ਸਮਾਂ, ਬੀਜ ਦੀ ਸਹੀ ਮਾਤਰਾ, ਬਿਜਾਈ ਦਾ ਸਹੀ ਤਰੀਕਾ, ਉੱਤਮ ਸਿੰਜਾਈ ਪ੍ਰਬੰਧ, ਸੰਯੁਕਤ ਖਾਦ ਪ੍ਰਬੰਧ, ਸੰਯੁਕਤ ਕੀਟ ਪ੍ਰਬੰਧ ਅਤੇ ਬਿਮਾਰੀਆਂ ਦੀ ਰੋਕਥਾਮ ਦੇ ਨਾਲ ਨਾਲ ਕਟਾਈ/ਵਢਾਈ ਉਪਰੰਤ ਉਤਪਾਦ ਦੀ ਸਹੀ ਸੰਭਾਲ ਅਤੇ ਮੰਡੀਕਰਨ ਲਈ ਉਚੇਚਾ ਪ੍ਰਬੰਧ ਉਸਾਰਨ ਵੱਲ ਤਵੱਜੋ ਦੇਣ ਦੀ ਲੋੜ ਹੈ।
ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫਾਰਸ਼ਾਂ ਉੱਪਰ ਗ਼ੌਰ ਕਰ ਕੇ ਜਲਵਾਯੂ ਤਬਦੀਲੀਆਂ ਕਾਰਨ ਫ਼ਸਲਾਂ ਦੇ ਹੋਣ ਵਾਲਾ ਨੁਕਸਾਨ ਘਟਾਇਆ ਜਾ ਸਕਦਾ ਹੈ। ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ। ਚੰਗੇ ਝਾੜ ਲਈ ਕਣਕ ਦੀ ਬਿਜਾਈ ਸਮੇਂ ਸਿਰ ਕਰਨੀ ਜ਼ਰੂਰੀ ਹੈ। ਇਉਂ ਫ਼ਸਲ ਪੱਕਣ ਨੇੜੇ ਉੱਚੇ ਤਾਪਮਾਨ ਤੋਂ ਬਚੀਆਂ ਰਹਿੰਦੀਆਂ ਹਨ। ਢੁੱਕਵੇਂ ਸਮੇਂ ਤੋਂ ਬਿਜਾਈ ਵਿਚ ਇੱਕ ਹਫ਼ਤੇ ਦੀ ਪਿਛੇਤ ਝਾੜ ਤਕਰੀਬਨ 150 ਕਿਲੋ ਪ੍ਰਤੀ ਏਕੜ ਘਟਾ ਦਿੰਦੀ ਹੈ। ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਜੈਵਿਕ, ਜੀਵਾਣੂ ਅਤੇ ਰਸਾਇਣਕ ਖਾਦਾਂ ਦੇ ਸੁਮੇਲ ਦੀ ਵਰਤੋਂ ਲਾਹੇਵੰਦ ਹੈ। ਦਰਮਿਆਨੀਆਂ ਜ਼ਮੀਨਾਂ ਵਿਚ 90 ਕਿਲੋ ਯੂਰੀਆ ਅਤੇ 55 ਕਿਲੋ ਡੀਏਪੀ ਦੀ ਵਰਤੋਂ ਕੀਤੀ ਜਾਵੇ। ਪੋਟਾਸ਼ ਖਾਦ ਦੀ ਵਰਤੋਂ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿਚ ਹੀ ਕਰੋ। ਘਾਟ ਵਾਲੀਆਂ ਜ਼ਮੀਨਾਂ ਵਿਚ ਮੈਂਗਨੀਜ਼, ਜ਼ਿੰਕ ਅਤੇ ਗੰਧਕ ਦੀ ਪੂਰਤੀ ਕਰੋ। ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿਲੋ ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿਚ ਘੋਲ ਕੇ) ਦਾ ਪਹਿਲਾਂ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰੋ ਜਾਂ 15 ਗ੍ਰਾਮ ਸੈਲੀਸਿਲਕ ਏਸਿਡ ਨੂੰ 450 ਮਿਲੀਲਿਟਰ ਈਥਾਈਲ ਅਲਕੋਹਲ ਵਿਚ ਘੋਲਣ ਉਪਰੰਤ 200 ਲਿਟਰ ਪਾਣੀ ਵਿਚ ਘੋਲ ਕੇ ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜਾ ਸਿੱਟੇ ਵਿਚ ਦੁੱਧ ਪੈਣ ਸਮੇਂ ਕਰੋ। ਸਮੇਂ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਵਾਧੇ ਤੋਂ ਬਚਾਉਣ ਲਈ ਮੀਂਹ ਨੂੰ ਧਿਆਨ ਵਿਚ ਰੱਖਦੇ ਹੋਏ ਮਾਰਚ ਦੇ ਅਖ਼ੀਰ ਤੱਕ ਪਾਣੀ ਲਾਇਆ ਜਾ ਸਕਦਾ ਹੈ। ਇਹ ਖ਼ਿਆਲ ਹੋਵੇ ਕਿ ਪਾਣੀ ਲਾਉਣ ਸਮੇਂ ਹਵਾ ਨਾ ਚੱਲਦੀ ਹੋਵੇ, ਤਾਂ ਕਿ ਫ਼ਸਲ ਡਿੱਗ ਨਾ ਪਵੇ।
ਵੱਧ ਠੰਢੇ ਮੌਸਮ ਜਾਂ ਕੋਰੇ ਕਾਰਨ ਕਣਕ ਪੀਲੀ ਪੈ ਜਾਂਦੀ ਹੈ। ਅਜਿਹੇ ਹਾਲਾਤ ਵਿਚ ਨਾਈਟ੍ਰੋਜਨ ਦੀ ਘਾਟ ਪੂਰੀ ਕਰਨ ਲਈ 3% ਯੂਰੀਆ (3 ਕਿਲੋ ਯੂਰੀਆ ਪ੍ਰਤੀ 100 ਲਿਟਰ ਪਾਣੀ) ਦੇ ਘੋਲ ਦਾ ਛਿੜਕਾਅ ਕਰੋ। ਫ਼ਸਲ ਉਪਰ ਇੱਕਸਾਰ ਛਿੜਕਾਅ ਲਈ 300 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ। ਵਧੇਰੇ ਬਰਸਾਤ ਹੋਣ ਕਾਰਨ ਕਈ ਵਾਰੀ ਬਹੁਤੀਆਂ ਰੇਤਲੀਆਂ ਜ਼ਮੀਨਾਂ ਵਿਚ ਗੰਧਕ ਦੀ ਘਾਟ ਵੀ ਕਣਕ ਉੱਪਰ ਪੀਲੇਪਣ ਦੇ ਰੂਪ ਵਿਚ ਆ ਜਾਂਦੀ ਹੈ। ਇਸ ਘਾਟ ਕਾਰਨ ਉੱਪਰਲੇ ਨਵੇਂ ਨਿੱਕਲੇ ਪੱਤੇ ਪੀਲੇ ਪੈ ਜਾਂਦੇ ਹਨ ਪਰ ਪੱਤੇ ਦੀ ਨੋਕ ਹਰੇ ਰੰਗ ਦੀ ਹੀ ਦਿਖਾਈ ਦਿੰਦੀ ਹੈ। ਗੰਧਕ ਦੀ ਘਾਟ ਨੂੰ 50 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਖੜ੍ਹੀ ਫ਼ਸਲ ਵਿਚ ਵੀ ਛੱਟੇ ਨਾਲ ਪਾਇਆ ਜਾ ਸਕਦਾ ਹੈ।
ਬਹੁਤੇ ਕਿਸਾਨ ਛੋਲਿਆਂ ਦੀ ਕਾਸ਼ਤ ਹਰੇ ਛੋਲੀਏ ਲਈ ਕਰਦੇ ਹਨ। ਦੇਖਿਆ ਗਿਆ ਹੈ ਕਿ ਅਕਤੂਬਰ ਵਿਚ ਬੀਜੀ ਫ਼ਸਲ ਨੂੰ ਵਿਲਟ (ਮੁਰਝਾਓ) ਰੋਗ ਪੈ ਜਾਂਦਾ ਹੈ। ਨਵੰਬਰ ਅਖ਼ੀਰ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਬੀਜੇ ਛੋਲਿਆਂ ਇਹ ਰੋਗ ਕਾਫ਼ੀ ਘਟ ਪੈਂਦਾ ਹੈ। ਅਗੇਤੇ ਬੀਜੇ ਆਲੂਆਂ ਦੀ ਫ਼ਸਲ ਵਿਚ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਜ਼ਿਆਦਾ ਹੋ ਜਾਂਦਾ ਹੈ ਅਤੇ ਪਿਛੇਤੇ ਬੀਜੇ ਆਲੂਆਂ ਨੂੰ ਕੋਰੇ ਦੀ ਮਾਰ ਝੱਲਣੀ ਪੈਂਦੀ ਹੈ, ਇਸ ਲਈ ਆਲੂਆਂ ਦੀ ਬਿਜਾਈ ਸਹੀ ਸਮੇਂ ਤੇ ਹੀ ਕਰਨੀ ਚਾਹੀਦੀ ਹੈ। ਬਰਸੀਮ ਦੀ ਬੀਜ ਵਾਲੀ ਫ਼ਸਲ ਤੇ ਵੱਧ ਤਾਪਮਾਨ ਦਾ ਅਸਰ ਘਟਾਉਣ ਲਈ ਅਤੇ ਬੀਜ ਦਾ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) (2 ਕਿਲੋ ਪੋਟਾਸ਼ੀਅਮ ਨਾਈਟ੍ਰੇਟ 100 ਲਿਟਰ ਪਾਣੀ ਪ੍ਰਤੀ ਏਕੜ) ਦੇ ਦੋ ਛਿੜਕਾਅ ਹਫ਼ਤੇ ਹਫ਼ਤੇ ਦੇ ਵਕਫ਼ੇ ਨਾਲ ਫੁੱਲ ਸ਼ੁਰੂ ਹੋਣ ਤੇ ਕਰੋ ਜਾਂ 7.5 ਗ੍ਰਾਮ ਸੈਲੀਸਿਲਕ ਐਸਿਡ, 225 ਮਿਲੀਲਿਟਰ ਈਥਾਈਲ ਅਲਕੋਹਲ ਵਿਚ ਘੋਲ ਕੇ ਇਸ ਮਿਸ਼ਰਨ ਨੂੰ 100 ਲਿਟਰ ਪਾਣੀ ਵਿਚ ਘੋਲ ਲਉ। ਇਹ ਘੋਲ ਪ੍ਰਤੀ ਏਕੜ ਇਕ ਸਪਰੇਅ ਲਈ ਹੈ। ਇਸ ਤਰ੍ਹਾਂ ਦੇ ਘੋਲ ਦੀਆਂ ਦੋ ਸਪਰੇਆਂ ਇਕ ਹਫ਼ਤੇ ਦੇ ਵਕਫ਼ੇ ਨਾਲ ਫ਼ੁੱਲ ਸ਼ੁਰੂ ਹੋਣ ਤੇ ਕਰੋ। ਇਹ ਛਿੜਕਾਅ ਬਰਸੀਮ ਦੇ ਬੀਜ ਉੱਪਰ ਗਰਮੀ ਦੇ ਪ੍ਰਭਾਵ ਨੂੰ ਘੱਟ ਕਰਨ ਵਿਚ ਵੀ ਮਦਦ ਕਰਦੇ ਹਨ।
*ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ।