ਐੱਸਕੇ ਸੰਧੂ/ਮਹੇਸ਼ ਕੁਮਾਰ
ਕਣਕ ਅਤੇ ਝੋਨੇ ਤੋਂ ਇਲਾਵਾ ਮੱਕੀ ਪੰਜਾਬ ਦੀ ਮਹੱਤਵਪੂਰਨ ਫ਼ਸਲ ਹੈ। ਇਸ ਦੀ ਕਾਸ਼ਤ ਸਾਰਾ ਸਾਲ, ਵੱਖ ਵੱਖ ਮੌਸਮਾਂ ਵਿਚ ਹੁੰਦੀ ਹੈ। ਮਨੁੱਖਾਂ ਅਤੇ ਪਸ਼ੂਆਂ ਦੀ ਖ਼ੁਰਾਕ ਤੋਂ ਇਲਾਵਾ ਇਸ ਦੀ ਸਨਅਤੀ ਮਹੱਤਤਾ ਵੀ ਬਹੁਤ ਵਧ ਰਹੀ ਹੈ। ਪੰਜਾਬ ਵਿਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਆਲੂ ਅਤੇ ਮਟਰ ਦੀ ਫ਼ਸਲ ਤੋਂ ਬਾਅਦ ਫ਼ਸਲੀ ਚੱਕਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਪੱਕਣ ਸਮੇਂ ਵਧੇਰੇ ਤਾਪਮਾਨ ਕਾਰਨ ਜ਼ਿਆਦਾ ਸਿੰਜਾਈ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਫ਼ਸਲ ਦੀ ਸਮੇਂ ਸਿਰ ਬੈੱਡਾਂ ’ਤੇ ਬਿਜਾਈ ਅਤੇ ਤੁਪਕਾ ਸਿੰਜਾਈ ਰਾਹੀਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਮੱਕੀ ਦੀਆਂ ਉੱਨਤ ਕਿਸਮਾਂ
ਪੀਐੱਮਐੱਚ-10: ਇਹ ਇਕਹਿਰੇ ਮੇਲ ਦੀ ਦੋਗਲੀ ਕਿਸਮ ਹੈ। ਇਸ ਦਾ ਕੱਦ ਦਰਮਿਆਨਾ ਅਤੇ ਛੱਲੀਆਂ ਦਰਮਿਆਨੀ ਉੱਚਾਈ ਤੇ ਲਗਦੀਆਂ ਹਨ। ਇਹ ਤਕਰੀਬਨ 120 ਦਿਨਾਂ ਵਿਚ ਪੱਕਦੀ ਹੈ ਅਤੇ ਇਸ ਦਾ ਔਸਤ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ।
ਪੀ 1844: ਇਸ ਦੇ ਬੂਟੇ ਲੰਮੇ ਅਤੇ ਪੱਤੇ ਦਰਮਿਆਨੇ ਚੌੜੇ ਹੁੰਦੇ ਹਨ। ਇਹ ਤਕਰੀਬਨ 120 ਦਿਨ ਵਿਚ ਪੱਕਦੀ ਹੈ। ਇਸ ਦਾ ਔਸਤਨ ਝਾੜ 32 ਕੁਇੰਟਲ ਪ੍ਰਤੀ ਏਕੜ ਹੈ।
ਡੀਕੇਸੀ 9108: ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸ ਉੱਤੇ ਛੱਲੀਆਂ ਘੱਟ ਉੱਚਾਈ ਤੇ ਲੱਗਦੀਆਂ ਹਨ। ਇਹ ਤਕਰੀਬਨ 122 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 32 ਕੁਇੰਟਲ ਪ੍ਰਤੀ ਏਕੜ ਹੈ।
ਪੀਐੱਮਐੱਚ-8: ਇਸ ਦੋਗਲੀ ਕਿਸਮ ਦੇ ਪੌਦੇ ਦਰਮਿਆਨੇ ਉੱਚੇ ਅਤੇ ਛੱਲੀਆਂ ਦਰਮਿਆਨੀ ਉਚਾਈ ਤੇ ਲਗਦੀਆਂ ਹਨ। ਇਹ ਕਿਸਮ 117 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਕਿਸਮ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਹੈ।
ਪੀਐੱਮਐੱਚ-7: ਇਸ ਦਾ ਕੱਦ ਦਰਮਿਆਨਾ ਅਤੇ ਛੱਲੀਆਂ ਦਰਮਿਆਨੀ ਉਚਾਈ ਤੇ ਲੱਗਦੀਆਂ ਹਨ। ਇਹ ਕਿਸਮ 115 ਦਿਨਾਂ ਵਿਚ ਪੱਕਦੀ ਹੈ। ਇਸ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ।
ਪੀਐੱਮਐਚ-1: ਇਸ ਦੋਗਲੀ ਕਿਸਮ ਦੇ ਬੂਟੇ ਲੰਮੇ ਅਤੇ ਇਸ ਦਾ ਤਣਾ ਤਰਤੀਬਵਾਰ ਟੇਢਾ ਮੇਢਾ ਅਤੇ ਹਲਕੇ ਬੈਂਗਣੀ ਰੰਗ ਦਾ ਹੁੰਦਾ ਹੈ। ਇਹ ਕਿਸਮ ਤਕਰੀਬਨ 118 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 27.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਮੱਕੀ ਦੀ ਕਾਸ਼ਤ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ:
ਬੀਜ ਦੀ ਮਾਤਰਾ ਅਤੇ ਸੋਧ: ਵਧੇਰੇ ਝਾੜ ਲੈਣ ਲਈ 10 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹਾਰ ਰੁੱਤ ਦੀ ਮੱਕੀ ਦੀ ਸਫ਼ਲ ਕਾਸ਼ਤ ਵਿਚ ਬੀਜ ਦੀ ਸੋਧ ਦਾ ਅਹਿਮ ਯੋਗਦਾਨ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ ਕੀੜੇਮਾਰ ਦਵਾਈ ਗਾਂਚੋ (ਇਮਿਡਾਕਲੋਪਰਿਡ) 600 ਐੱਫਐੱਸ 6 ਮਿਲੀਲਿਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧੋ। ਕੀਟਨਾਸ਼ਕ ਨੂੰ ਦੋ ਹਿੱਸੇ (12 ਮਿਲੀਲਿਟਰ ਪ੍ਰਤੀ ਕਿਲੋ ਬੀਜ) ਪਾਣੀ ਵਿਚ ਮਿਲਾ ਕੇ ਲੇਟੀ ਬਣਾਓ ਅਤੇ ਚੰਗੀ ਤਰ੍ਹਾਂ ਬੀਜ ਵਿਚ ਰਲਾ ਦਿਓ; ਬੀਜ ਨੂੰ ਇਸ ਤਰ੍ਹਾਂ ਸੋਧੋ ਕੇ ਹਰ ਇੱਕ ਬੀਜ ਉੱਤੇ ਪਰਤ ਬਣ ਜਾਵੇ।
ਬਿਜਾਈ ਦਾ ਸਮਾਂ ਅਤੇ ਢੰਗ: ਬਹਾਰ ਰੁੱਤ ਦੀ ਫ਼ਸਲ ਤੋਂ ਜ਼ਿਆਦਾ ਝਾੜ ਲੈਣ ਲਈ ਇਸ ਦੀ ਬਿਜਾਈ 15 ਫਰਵਰੀ ਤੱਕ ਕਰ ਲੈਣੀ ਚਾਹੀਦੀ ਹੈ। ਪਿਛੇਤੀ ਬਿਜਾਈ ਕਰਨ ਨਾਲ ਝਾੜ ਉੱਤੇ ਮਾੜਾ ਅਸਰ ਪੈਂਦਾ ਹੈ। ਜ਼ਿਆਦਾ ਅਗੇਤੀ ਬਿਜਾਈ ਨਾਲ ਫ਼ਸਲ ਦੇ ਪੁੰਗਾਰ ਦਾ ਸਮਾਂ ਵਧ ਜਾਂਦਾ ਹੈ ਅਤੇ ਪੁੰਗਾਰ ਘੱਟ ਸਕਦਾ ਹੈ। ਮੱਕੀ ਦੀ ਬਿਜਾਈ ਪੂਰਵ-ਪੱਛਮ ਵੱਲ 60 ਸੈਟੀਂਮੀਟਰ ਦੀ ਵਿੱਥ ਤੇ ਵੱਟਾਂ ਬਣਾ ਕੇ, ਉਨ੍ਹਾਂ ਦੇ ਦੱਖਣ ਵਾਲੇ ਪਾਸੇ, 6 ਤੋਂ 7 ਸੈਂਟੀਮੀਟਰ ਦੀ ਉੱਚਾਈ ਤੇ ਚੋਕੇ ਲਾ ਕੇ ਕਰੋ ਤਾਂ ਜੋ ਸੂਰਜ ਦੀ ਊਰਜਾ ਵੱਧ ਪ੍ਰਾਪਤ ਹੋ ਸਕੇ। ਇਸੇ ਤਰ੍ਹਾਂ ਮੱਕੀ ਦੀ ਬਿਜਾਈ 67.5 ਸੈਂਟੀਮੀਟਰ ਚੌੜੇ ਬੈੱਡ ਬਣਾ ਕੇ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 18 ਸੈਂਟੀਮੀਟਰ ਰੱਖ ਕੇ ਵੀ ਕੀਤੀ ਜਾ ਸਕਦੀ ਹੈ। ਬੈੱਡ ਬਣਾਉਣ ਲਈ ਕਣਕ ਵਾਲੇ ਬੈੱਡ ਪਲਾਂਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੈੱਡਾਂ ਤੇ ਬਿਜਾਈ ਕਰਨ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਖਾਦਾਂ ਦੀ ਵਰਤੋਂ: ਮੱਕੀ ਦੀ ਫ਼ਸਲ ਖ਼ੁਰਾਕੀ ਤੱਤਾਂ ਨੂੰ ਬਹੁਤ ਮੰਨਦੀ ਹੈ ਪਰ ਫ਼ਸਲ ਵਿਚ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ਅਤੇ ਫ਼ਸਲ ਚੱਕਰ ਦੇ ਮੱਦੇਨਜ਼ਰ ਕਰੋ। ਮੱਕੀ ਦੀ ਫ਼ਸਲ ਵਿਚ ਰੂੜੀ ਦੀ ਗਲੀ ਹੋਈ ਖਾਦ ਛੇ ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਮੱਕੀ ਦੀਆਂ ਲੰਬੇ ਸਮੇਂ ਵਾਲੀਆਂ ਕਿਸਮਾਂ ਜਿਵੇਂ ਪੀਐੱਮਐੱਚ-10, ਪੀ 1844, ਡੀਕੇਸੀ 9108, ਪੀਐੱਮਐੱਚ 1 ਅਤੇ ਪੀਐੱਮਐੱਚ 8 ਲਈ 110 ਕਿਲੋ ਯੂਰੀਆ, 150 ਕਿਲੋ ਸੁਪਰਫਾਸਫੇਟ ਜਾਂ 55 ਕਿਲੋ ਡੀਏਪੀ ਖਾਦ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਘੱਟ ਸਮਾਂ ਲੈਣ ਵਾਲੀਆਂ ਕਿਸਮ ਪੀਐੱਮਐੱਚ 7 ਲਈ ਇਨ੍ਹਾਂ ਖਾਦਾਂ ਦੀ ਵਰਤੋਂ ਕ੍ਰਮਵਾਰ ਪ੍ਰਤੀ ਏਕੜ 75, 75 ਜਾਂ 27 ਅਤੇ 15 ਕਿਲੋ ਦੇ ਹਿਸਾਬ ਨਾਲ ਕਰੋ। ਲੋੜ ਪੈਣ ਤੇ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾ ਸਕਦਾ ਹੈ। ਜੇ ਡੀਏਪੀ 55 ਕਿਲੋ ਅਤੇ 27 ਕਿਲੋ ਪਾਈ ਹੋਵੇ ਤਾਂ ਯੂਰੀਆ 20 ਕਿਲੋ ਅਤੇ 10 ਕਿਲੋ ਕ੍ਰਮਵਾਰ ਘਟਾ ਦਿਓ। ਇਨ੍ਹਾਂ ਖਾਦਾਂ ਦਾ ਪੂਰਾ ਫ਼ਾਇਦਾ ਲੈਣ ਲਈ ਸਾਰੀ ਫਾਸਫੋਰਸ, ਪੋਟਾਸ਼ ਅਤੇ ਤੀਜਾ ਹਿੱਸਾ ਨਾਈਟ੍ਰੋਜਨ ਵਾਲੀ ਖਾਦ ਬਿਜਾਈ ਸਮੇਂ ਪਾਓ। ਬਾਕੀ ਰਹਿੰਦੀ ਨਾਈਟ੍ਰੋਜਨ ਵਾਲੀ ਖਾਦ ਦੋ ਹਿੱਸਿਆਂ ਵਿਚ ਪਾਓ। ਇੱਕ ਹਿੱਸਾ ਉਸ ਵੇਲੇ ਪਾਓ ਜਦੋਂ ਫ਼ਸਲ ਗੋਡੇ ਗੋਡੇ ਹੋ ਜਾਵੇ ਅਤੇ ਦੂਜਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦਿਓ।
ਨਦੀਨਾਂ ਦੀ ਰੋਕਥਾਮ: ਨਦੀਨ ਫ਼ਸਲ ਵਿਚ ਪਾਣੀ, ਖ਼ੁਰਾਕੀ ਤੱਤਾਂ, ਰੌਸ਼ਨੀ ਆਦਿ ਲਈ ਮੁਕਾਬਲਾ ਕਰਦੇ ਹਨ। ਪੂਰਾ ਝਾੜ ਲੈਣ ਲਈ ਸ਼ੁਰੂਆਤੀ 4-6 ਹਫ਼ਤੇ ਤੱਕ ਨਦੀਨਾਂ ਤੋਂ ਬਚਾਉ ਜ਼ਰੂਰੀ ਹੈ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਲਈ ਫ਼ਸਲ ਉੱਗਣ ਤੋਂ ਪਹਿਲਾਂ 800 ਗ੍ਰਾਮ ਐਟਰਾਟਫ 50 ਡਬਲਿਊਪੀ (ਐਟਰਾਜੀਨ) ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਵਿਚ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 10 ਦਿਨਾਂ ਦੇ ਅੰਦਰ ਅੰਦਰ 200 ਲਿਟਰ ਪਾਣੀ ਵਰਤ ਕੇ ਛਿੜਕਾਅ ਕਰਨ ਨਾਲ ਨਦੀਨਾਂ ਉੱਤੇ ਚੰਗੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ। ਇਹ ਨਦੀਨਨਾਸ਼ਕ ਘਾਹ ਜਾਤੀ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਕਰਦੀ ਹੈ। ਨਦੀਨਾਂ ਦੇ ਅਸਰਦਾਰ ਰੋਕਥਾਮ ਲਈ ਪਾਣੀ ਦੀ ਸਿਫ਼ਾਰਸ਼ ਮਾਤਰਾ ਵਿਚ ਵਰਤੋਂ ਕਰਨੀ ਜ਼ਰੂਰੀ ਹੈ। ਨਦੀਨਾਂ ਦੀ ਸਹੀ ਸਮੇਂ ਰੋਕਥਾਮ ਨਾਲ ਫ਼ਸਲ ਨੂੰ ਪਾਏ ਖ਼ੁਰਾਕੀ ਤੱਤਾਂ ਅਤੇ ਪਾਣੀ ਦਾ ਭਰਪੂਰ ਲਾਭ ਹੁੰਦਾ ਹੈ।
ਸਿੰਜਾਈ ਪ੍ਰਬੰਧ: ਫ਼ਸਲ ਦੀ ਹਾਲਤ ਅਤੇ ਮੌਸਮ ਦੇ ਹਿਸਾਬ ਨਾਲ ਹੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਪਹਿਲਾਂ ਪਾਣੀ ਬਿਜਾਈ ਦੇ 25-30 ਦਿਨਾਂ ਬਾਅਦ ਲਾਓ। ਇਸ ਤੋਂ ਬਾਅਦ 10 ਅਪਰੈਲ ਤੱਕ ਦੋ ਹਫ਼ਤੇ ਦੇ ਵਕਫ਼ੇ ਤੇ ਅਤੇ ਫ਼ਸਲ ਪੱਕਣ ਤੱਕ ਇੱਕ ਹਫ਼ਤੇ ਦੇ ਵਕਫ਼ੇ ਤੇ ਪਾਣੀ ਲਾਉਂਦੇ ਰਹੋ। ਸੂਤ ਕੱਤਣ ਅਤੇ ਦਾਣੇ ਪੈਣ ਦੇ ਸਮੇਂ ਦੌਰਾਨ ਫ਼ਸਲ ਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ।
ਬਹਾਰ ਰੁੱਤ ਦੀ ਮੱਕੀ ਵਿਚ ਤੁਪਕਾ ਸਿੰਜਾਈ ਵਿਧੀ ਅਪਣਾ ਕੇ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਤੁਪਕਾ ਸਿੰਜਾਈ ਵਿਧੀ ਲਈ 120 ਸੈਂਟੀਮੀਟਰ ਹੇਠਲੇ ਪਾਸੇ ਅਤੇ 80 ਸੈਂਟੀਮੀਟਰ ਉੱਪਰੋਂ ਚੌੜੇ ਬੈੱਡ ਬਣਾਓ। ਇਨ੍ਹਾਂ ਤੇ 60 ਸੈਂਟੀਮੀਟਰ ਦੀ ਦੂਰੀ ਤੇ ਮੱਕੀ ਦੀਆਂ ਦੋ ਕਤਾਰਾਂ ਵਿਚ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖ ਕੇ ਬੀਜੋ। ਇਨ੍ਹਾਂ ਦੋ ਕਤਾਰਾਂ ਵਿਚ ਇਕ ਡਰਿੱਪ ਲਾਈਨ ਦੀ ਵਰਤੋਂ ਕਰੋ।
ਫ਼ਸਲ ਦੀ ਵਾਢੀ ਅਤੇ ਦਾਣੇ ਕੱਢਣਾ: ਛੱਲੀਆਂ ਦੇ ਪਰਦੇ ਸੁੱਕ ਜਾਣ ਅਤੇ ਦਾਣੇ ਪੱਕ ਕੇ ਸਖ਼ਤ ਹੋ ਜਾਣ ਤਾਂ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ। ਹਰੇ ਬੂਟਿਆਂ ਨੂੰ ਚਾਰੇ ਵਾਸਤੇ ਵਰਤਿਆ ਜਾ ਸਕਦਾ ਹੈ। ਛੱਲੀਆਂ ਦੇ ਚੰਗੀ ਤਰ੍ਹਾਂ ਸੁੱਕ ਜਾਣ ਤੇ ਹੀ ਦਾਣੇ ਕੱਢੋ। ਬਹਾਰ ਰੁੱਤ ਵਿਚ ਹਰੀਆਂ ਛੱਲੀਆਂ ਦਾ ਢੁਕਵਾਂ ਮੰਡੀਕਰਨ ਕਰ ਕੇ ਇਸ ਨੂੰ ਹੋਰ ਲਾਹੇਵੰਦ ਬਣਾਇਆ ਜਾ ਸਕਦਾ ਹੈ।
ਕੀੜੇ ਅਤੇ ਬਿਮਾਰੀਆਂ: ਬਹਾਰ ਰੁੱਤ ਦੀ ਫ਼ਸਲ ਤੇ ਸ਼ਾਖ ਦੀ ਮੱਖੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ। ਇਸ ਆਮ ਤੌਰ ਤੇ ਛੋਟੀ ਫ਼ਸਲ (4-10 ਦਿਨ) ਤੇ ਹਮਲਾ ਕਰ ਕੇ ਬੂਟਿਆਂ ਨੂੰ ਸੁਕਾ ਦਿੰਦੀ ਹੈ। ਵੱਡੀ ਫ਼ਸਲ ਉੱਪਰ ਹਮਲੇ ਕਾਰਨ ਬੂਟੇ ਝੁਰੜ-ਮੁਰੜ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ ਗਾਚੋ ਨਾਲ ਬੀਜ ਦੀ ਸੋਧ ਆਸਾਨ ਅਤੇ ਕਾਰਗਾਰ ਢੰਗ ਹੈ। ਹਮਲੇ ਤੋਂ ਬਾਅਦ ਫ਼ਸਲ ਦੇ ਨੁਕਸਾਨ ਨੂੰ ਕੀਟਨਾਸ਼ਕਾਂ ਦੀ ਸਪਰੇਅ ਕਰ ਕੇ ਅਸਰਦਾਰ ਢੰਗ ਨਾਲ ਨਹੀਂ ਰੋਕਿਆ ਜਾ ਸਕਦਾ।
*ਮੱਕੀ ਸੈਕਸ਼ਨ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ, ਲੁਧਿਆਣਾ।