ਪ੍ਰੋ. ਸਾਧੂ ਸਿੰਘ
ਆਤਮ-ਨਿਰਭਰਤਾ, ਵਿਸ਼ਾਲ ਰਾਸ਼ਟਰ, ਸਵੱਛ ਭਾਰਤ, ਸਵਦੇਸ਼ੀ ਨਾਗਰਿਕਤਾ, ਕਿਰਸਾਨ ਕਲਿਆਣ, ਭਰਪੂਰ ਬੈਂਕ ਖਾਤੇ, ਕਿਸਾਨਾਂ ਲਈ ਪੂਰਾ ਦੇਸ਼ ਮੰਡੀਕਰਨ ਖੇਤਰ, ਕੁਝ ਕੁ ਅਜਿਹੇ ਭਵਿੱਖ ਮੁਖੀ ਆਦਰਸ਼ਕ ਸੰਕਲਪ ਚਿਤਵੇ ਗਏ ਹਨ ਜਿਨ੍ਹਾਂ ਦਾ ਨਗਾਰਾ ਸੁਤੰਤਰ ਭਾਰਤ ਵਿਚ ਅੱਜਕੱਲ੍ਹ ਦਿਨ ਰਾਤ ਵੱਜ ਰਿਹਾ ਹੈ। ਇਹ ਸੰਕਲਪ ਭਾਰਤੀ ਲੋਕਾਂ ਦੇ ਸੁਨਹਿਰੀ ਭਵਿੱਖ ਦਾ ਅਕਸ ਚਿਤਰਦੇ ਦਿਖਾਈ ਦਿੰਦੇ ਹਨ ਪਰ ਅਸਲ ਤਸਵੀਰ ਕੁਝ ਹੋਰ ਹੈ।
ਭਾਰਤ ਦੇ ਰੰਗ-ਰੂਪ ਅਤੇ ਪਸਾਰ ਨੂੰ ਮੁੱਖ ਰੱਖਦਿਆਂ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹ ਬਹੁ-ਕੌਮੀਅਤ ਉਪ ਮਹਾਂਦੀਪ ਦਾ ਪ੍ਰਮੁੱਖ ਖੇਤਰ ਹੈ। ਇਥੇ ਰੰਗ-ਰੂਪ, ਨਸਲ, ਭਾਸ਼ਾ, ਧਰਮ ਆਦਿ ਵੱਖ ਵੱਖ ਸਭਿਆਚਾਰਕ ਸੰਪਰਦਾਵਾਂ ਨਾਲ ਸਬੰਧਤ ਲੋਕ ਵਸਦੇ ਹਨ। ਅਨੇਕਤਾ ਵਿਚ ਏਕਤਾ ਦਾ ਸਰਬ ਪ੍ਰਮਾਣਿਤ ਸਿਧਾਂਤ ਭਾਰਤ ’ਤੇ ਸੌ ਫੀਸਦ ਢੁੱਕਦਾ ਹੈ। ਇਸੇ ਕਰਕੇ ਹੀ ਇਸ ਨੂੰ ਮਹਾਨ ਮੁਲਕ ਦਾ ਰੁਤਬਾ ਹਾਸਲ ਹੈ। ਮਹਾਨ ਲੇਖਕਾਂ, ਵਿਦਵਾਨਾਂ ਅਤੇ ਸਿਆਸਤਦਾਨਾਂ ਨੇ ਇਸ ਦੀ ਤੁਲਨਾ ਰੰਗ-ਬਰੰਗੇ ਫੁੱਲਾਂ ਦੇ ਗੁਲਦਸਤੇ ਨਾਲ ਕੀਤੀ ਹੈ ਪਰ ਅਣਸੁਖਾਵੀਂ ਗੱਲ ਇਹ ਹੈ ਕਿ ਇਹ ਖੂਬਸੂਰਤ ਤਸਵੀਰ ਚਿਤਵੇ ਗਏ ਆਤਮ-ਨਿਰਭਰਤਾ ਦੇ ਸੰਕਲਪ ਨੂੰ ਰਾਸ ਨਹੀਂ ਆ ਰਹੀ। ਸਿੱਟੇ ਵਜੋਂ ਗੁਲਦਸਤੇ ਨੂੰ ਹੀ ਤੋੜਨ-ਭੰਨਣ ਅਤੇ ਮੁੜ ਜੋੜਨ ਦੀ ਕਵਾਇਦ ਜਾਰੀ ਹੈ। ਭਾਰਤ ਦੇ ਮੌਜੂਦਾ ਰਹਬਿਰ ਸੁੰਦਰਤਾ ਦੀ ਇਸ ਮੂਰਤੀ ’ਤੇ ਰਾਸ਼ਟਰਵਾਦ ਦਾ ਮੁਲੰਮਾ ਚਾੜ੍ਹਨ ਲਈ ਉਤਾਵਲੇ ਹਨ। ਇਸ ਮਕਸਦ ਲਈ ਉਹ ਦਿਨ-ਰਾਤ ਉਨੀਂਦਰੇ ਅਤੇ ਪਰੇਸ਼ਾਨੀਆਂ ਦਾ ਸਫਰ ਹੰਢਾ ਰਹੇ ਹਨ। ਲੋਕ ਮਨਾਂ ਦੀ ਧੜਕਣ ਜਾਚੇ ਬਿਨਾ ਆਪਣੇ ਮਨ ਦੀ ਸੋਚ ਉਨ੍ਹਾਂ ਉੱਤੋਂ ਨਿਛਾਵਰ ਕਰ ਰਹੇ ਹਨ। ਇਹ ਅਜਿਹੀ ਪ੍ਰਕਿਰਿਆ ਹੈ ਜਿਸ ਨੇ ਸਮੁੱਚੇ ਭਾਰਤ ਨੂੰ ਹੀ ਅਗਨ ਪ੍ਰੀਖਿਆ ਵਿਚੋਂ ਲੰਘਣ ਲਈ ਮਜਬੂਰ ਕਰ ਦਿੱਤਾ ਹੈ।
ਇਸ ਅਗਨ ਪ੍ਰੀਖਿਆ ਦੀ ਤਾਜ਼ਾ ਮਿਸਾਲ ਕਿਸਾਨ ਅੰਦੋਲਨ ਹੈ। ਕਿਸਾਨ ਭੂਮੀ ਪੁੱਤਰ ਹੈ। ਅੰਨਦਾਤਾ ਹੈ। ਅਤੀਤ ਅਤੇ ਵਰਤਮਾਨ ਵਿਚ ਛਾਏ ਖੁਰਾਕ ਸੰਕਟਾਂ ਵਿਚੋਂ ਕਿਸਾਨ ਨੇ ਹੀ ਭਾਰਤ ਨੂੰ ਨਿਜਾਤ ਦਿਵਾਈ ਪਰ ਜੋ ਵਿਹਾਰ ਅੱਜ ਮੁਲਕ ਦੀ ਧਰਤ ਉੱਤੇ ਕਿਸਾਨ ਨਾਲ ਹੋ ਰਿਹਾ ਹੈ, ਉਸ ਦੀ ਚਰਚਾ ਕਰਨ ਤੋਂ ਕਲਮ ਵੀ ਕੰਬ ਰਹੀ ਹੈ। ਭੂਮੀ ਵਾਹਕ ਭੂਮੀ ਦੀ ਰੱਖਿਆ ਲਈ ਮੁਲਕ ਦੀ ਰਾਜਧਾਨੀ ਦੇ ਇਰਦ-ਗਿਰਦ ਸੜਕਾਂ ਉੱਤੇ ਅਣਮਨੁੱਖੀ ਜੀਵਨ ਬਸਰ ਕਰ ਰਿਹਾ ਹੈ। ਕੁਦਰਤ ਦੇ ਕਹਿਰ ਨਾਲ ਜੂਝ ਰਿਹਾ ਹੈ ਸਗੋਂ ਕਹਿਣਾ ਚਾਹੀਦਾ ਹੈ ਕਿ ਕੁਦਰਤ ਨਾਲੋਂ ਸਿਆਸੀ ਕ੍ਰੋਧ ਅਤੇ ਅਨਿਆਂ ਦੀਆਂ ਬੌਛਾੜਾਂ ਵਧੇਰੇ ਝੱਲ ਰਿਹਾ ਹੈ, ਫਿਰ ਵੀ ਜਿ਼ੰਦਗੀ ਲਈ ਜੂਝਣ ਦੀ ਉਮੀਦ ਸੰਭਾਲੀ ਬੈਠਾ ਹੈ। ਅਜਿਹੇ ਅਣਮਨੁੱਖੀ ਮੌਸਮਾਂ ਦੇ ਦੌਰ ਦੇ ਸਨਮੁਖ ਹੋ ਕੇ ਹੀ ਮਹਾਨ ਗੁਰੂਆਂ ਨੇ ਪ੍ਰਵਚਨ ਉਚਾਰੇ ਹੋਣਗੇ: ਦਾਵਾ ਅਗਨ ਸਭ ਵਣ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿੳ ਰੀ।
ਸ਼ਾਸਕਾਂ, ਰਾਜਿਆਂ, ਪਾਤਿਸ਼ਾਹਾਂ ਵੱਲੋਂ ਆਦਿ ਕਾਲ ਤੋਂ ਮਨੁੱਖ ਦਾ ਸ਼ੋਸ਼ਣ ਹੋ ਰਿਹਾ ਹੈ। ਇਤਿਹਾਸ ਦੇ ਹਰ ਦੌਰ ਦੀ ਤਤਕਾਲੀ ਲੇਖਣੀ ਨੇ ਜਬਰ-ਜ਼ੁਲਮ ਖਿਲਾਫ ਇੱਕਮੁੱਠ ਹੋ ਕੇ ਸੰਘਰਸ਼ ਦਾ ਸੰਦੇਸ਼ ਦੇਣਾ ਵੀ ਜਾਰੀ ਰੱਖਿਆ ਹੈ। ‘ਪੱਗੜੀ ਸੰਭਾਲ ਜੱਟਾ’ ਦੀ ਪੁਕਾਰ ਨੇ ਭਾਰਤੀਆਂ ਦੀ ਅਣਖ ਨੂੰ ਵੰਗਾਰਿਆ ਸੀ, ਅੰਗਰੇਜ਼ ਹਾਕਮਾਂ ਦੇ ਤਸ਼ੱਦਦ ਦਾ ਸਾਹਮਣਾ ਕਰਨ ਲਈ ਹਲੂਣਿਆ ਸੀ। ਸਿੱਖ ਗੁਰੂਆਂ ਨੇ ਆਪਣੇ ਬਾਣੀ ਰੂਪੀ ਸਾਹਿਤ ਅਤੇ ਸ਼ਹਾਦਤਾਂ ਸਦਕਾ ਜ਼ੁਲਮਾਂ ਦੇ ਪਹਾੜਾਂ ਨੂੰ ਢਾਅ ਲਾਈ।
ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਇੱਕ ਹੋਰ ਆਕਰਸ਼ਕ ਸੰਕਲਪ ਨੇ ਜਨਮ ਲਿਆ- ‘ਸਭ ਕਾ ਸਾਥ, ਸਭ ਕਾ ਵਿਕਾਸ’। ਇਸ ਸੰਕਲਪ ਅਧੀਨ ਜੋ ਯੋਜਨਾਵਾਂ ਵਿਉਂਤੀਆਂ ਗਈਆਂ, ਉਹ ਵਿਕਾਸਕਾਰੀ ਹੋਣ ਦੀ ਬਜਾਇ ਵਿਨਾਸ਼ਕਾਰੀ ਵਧੇਰੇ ਸਾਬਤ ਹੋਈਆਂ। ਨੋਟਬੰਦੀ ਵੀ ਇਸੇ ਕਾਲ ਵਿਚ ਲਾਗੂ ਹੋਈ। ਇਸ ਨੇ ਲੋਕਾਂ ਦੀਆਂ ਜੇਬਾਂ ਖਾਲੀ ਕੀਤੀਆਂ। ਲਹੂ-ਪਸੀਨਾ ਵਹਾ ਕੇ ਕੀਤੀਆਂ ਬੱਚਤਾਂ ਨੂੰ ਖੋਰਾ ਲਾਇਆ। ਕੰਮ ਤੋਂ ਹਟਾ ਕੇ ਬਜ਼ੁਰਗਾਂ, ਔਰਤਾਂ, ਮੁਲਜ਼ਮਾਂ ਨੂੰ ਹਫਤਿਆ ਬੱਧੀ ਬੈਂਕਾਂ ਅੱਗੇ ਖੱਜਲ-ਖੁਆਰ ਕੀਤਾ ਪਰ ਕਿਸੇ ਵੀ ਉੱਘੇ ਭਾਰਤੀ ਜਾਂ ਵਿਦੇਸ਼ੀ ਅਰਥਸ਼ਾਸਤਰੀ ਨੇ ਇਸ ਦੀ ਸ਼ਲਾਘਾ ਨਹੀਂ ਕੀਤੀ। ਨਾ ਹੀ ਮੀਡੀਆ ਵਿਚ ਇਸ ਦੀ ਕੋਈ ਹਾਂ-ਪੱਖੀ ਚਰਚਾ ਹੋਈ। ਭਾਰਤੀ ਲੋਕਾਂ ਦੀ ਖੁਸ਼ਹਾਲੀ ਲਈ ਚੁੱਕਿਆ ਗਿਆ ਪਹਿਲਾ ਕਦਮ ਹੀ ਨਕਾਰਾ ਸਾਬਤ ਹੋਇਆ।
ਮਹਾਨ ਅਤੇ ਵਿਸ਼ਾਲ ਰਾਸ਼ਟਰ ਦੀ ਨਵ-ਉਸਾਰੀ ਲਈ ਮੁਲਕ ਦੇ ਰਹਬਿਰ ਤਨੋ-ਮਨੋ ਸਮਰਪਿਤ ਜਾਪਦੇ ਹਨ; ਇਸ ਮੰਤਵ ਹਿਤ ਸਵੱਛ ਭਾਰਤ ਅਭਿਆਨ ਦੀ ਤਰਜ਼ ’ਤੇ ਨਾਗਰਿਕ ਸੋਧ ਬਿੱਲ ਆਇਆ। ਇਸ ਬਿੱਲ ਅਧੀਨ ਭਾਰਤ ਦੇ ਲੋਕਾਂ ਨੂੰ ਹੀ ਭਾਰਤੀ ਨਾਗਰਿਕ ਬਣਾਉਣ ਦਾ ਕਾਰਜ ਆਰੰਭ ਹੋਇਆ। ਨਾਗਰਿਕਤਾ ਸ਼ੁਧੀਕਰਨ ਅਭਿਆਨ ਦੇ ਦੌਰ ਵਿਚ ਜੇਐੱਨਯੂ ਅਤੇ ਹੋਰ ਸਿੱਖਿਆ ਸੰਸਥਾਵਾਂ ਵੀ ਹਿੰਸਾ ਦਾ ਸ਼ਿਕਾਰ ਹੋਈਆਂ। ਗਿਆਨ ਵਿਗਿਆਨ ਦੇ ਪਵਿੱਤਰ ਕਾਰਜ ਵਿਚ ਰੁੱਝੇ ਸਿੱਖਿਆ ਸ਼ਾਸਤਰੀ ਹਿੰਸਾਤਮਕ ਦਮਨ ਅਤੇ ਚੱਕਰਵਿਊ ਦੀ ਲਪੇਟ ਵਿਚ ਆਏ। ਇਸ ਅਮਾਨਵੀ ਘਟਨਾ-ਕ੍ਰਮ ਦੀ ਰਿਪੋਰਟ ਕਰਨ ਵਾਲੇ ਪੱਤਰਕਾਰਾਂ ਤੇ ਤਸ਼ੱਦਦ ਹੋਇਆ ਤੇ ਪਾਬੰਦੀਆਂ ਲੱਗੀਆਂ। ਲਿਖਣ ਬੋਲਣ ਦੇ ਜਮਹੂਰੀ ਹੱਕਾਂ ਨੂੰ ਦਬਾਇਆ ਗਿਆ। ਅੱਜ ਵੀ ਉਹ ਜੇਲ੍ਹਾਂ, ਥਾਣਿਆਂ ਅਤੇ ਕਚਹਿਰੀਆਂ ਵਿਚ ਮਹਾਨ ਭਾਰਤ ਦੇ ਨਾਗਰਿਕ ਹੋਣ ਦੇ ਸੁੱਖ ਹੰਢਾ ਰਹੇ ਹਨ।
ਆਤਮ-ਨਿਰਭਰਤਾ ਦੇ ਸੰਕਲਪ ਅਧੀਨ ਭਾਰਤ ਦੀ ਖੁਸ਼ਹਾਲੀ ਲਈ ਅਨੇਕ ਪ੍ਰਕਾਰ ਦੇ ਸੁਪਨੇ ਸਾਜੇ ਜਾ ਰਹੇ ਹਨ। ਆਦਰਸ਼ਕ ਵਿਕਾਸ ਮਾਡਲ ਸਿਰਜਿਆ ਗਿਆ ਹੈ। ਇਸ ਵਿਕਾਸ ਦਾ ਘੋਖਣ ਵਾਲਾ ਪੱਖ ਇਹ ਹੈ ਕਿ ਕੀ ਮੁਲਕ ਦੇ ਲੋਕ ਆਰਥਿਕ ਤੌਰ ’ਤੇ ਸੌਖਾਲੇ ਹੋ ਰਹੇ ਹਨ? ਇਸ ਸਵਾਲ ਦਾ ਜਵਾਬ ਮੁਲਕ ਵਿਚ ਪਸਰੀ ਮੰਦਹਾਲੀ, ਬੇਰੁਜ਼ਗਾਰੀ, ਬੇਚੈਨੀ ਅਤੇ ਬਦਅਮਨੀ ਦੇ ਆਲਮ ਵਿਚੋਂ ਲੱਭਿਆ ਜਾ ਸਕਦਾ ਹੈ ਪਰ ਸੱਤਾਧਾਰੀ ਆਗੂਆਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ। ਸੰਸਾਰ ਪ੍ਰਸਿੱਧ ਨੋਬੇਲ ਇਨਾਮ ਜੇਤੂ ਅਰਥ ਵਿਗਿਆਨੀ ਡਾ. ਅਮਰਤਿਆ ਸੇਨ ਨੇ ਭਾਰਤ ਦੀ ਮੌਜੂਦਾ ਅਰਥ-ਵਿਵਸਥਾ ਨੂੰ ਵਿਕਾਸ ਮੁਖੀ ਨਹੀਂ ਮੰਨਿਆ ਪਰ ਉਸ ਦੇ ਆਰਥਿਕ ਗਿਆਨ ਅਤੇ ਦੂਰ-ਦ੍ਰਿਸ਼ਟੀ ਨੂੰ ਭਾਰਤੀ ਰਹਬਿਰਾਂ ਨੇ ਦਰਕਿਨਾਰ ਕਰ ਦਿੱਤਾ ਹੈ ਅਤੇ ਦੂਸਰੇ ਮੁਲਕਾਂ ਦੇ ਨਕਾਰੇ ਹੋਏ ਕਾਰਪੋਰੇਟ ਸਿਧਾਂਤ ਨੂੰ ਗਲੇ ਲਗਾ ਲਿਆ ਹੈ।
ਭਾਰਤੀ ਸਮਾਜ ਮਨੁੱਖੀ ਭਾਈਚਾਰੇ ਦੀ ਖੂਬਸੂਰਤ ਸੰਰਚਨਾ ਹੈ ਪਰ ਲੋਕ-ਵਿਰੋਧੀ ਤੱਤ ਇਸ ਨੂੰ ਭੰਨਣ-ਤੋੜਨ ਲਈ ਯਤਨਸ਼ੀਲ ਹਨ। ਮੌਕਾਪ੍ਰਸਤ ਧਿਰਾਂ ਨੇ ਮੁਲਕ ਦੀ ਸਿਆਸਤ ਵਿਚ ਅਜਿਹੀ ਕਾਵਾਂ ਰੌਲੀ ਪਾਈ ਹੋਈ ਹੈ ਕਿ ਸਾਰਥਕ ਆਵਾਜ਼ ਦੀ ਪਛਾਣ ਕਰਨੀ ਔਖੀ ਹੋ ਗਈ ਹੈ। ਉਂਜ, ਸੱਚੀਆਂ ਕਲਮਾਂ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ’ਤੇ ਵੀ ਅੱਖ ਰੱਖਦੀਆਂ ਹਨ। ਉਨ੍ਹਾਂ ਨੂੰ ਦਾਦ ਦੇਣੀ ਬਣਦੀ ਹੈ। ਇਸ ਪ੍ਰਸੰਗ ਵਿਚ ਇੱਕ ਪੱਤਰਕਾਰ ਦੀ ਕੀਤੀ ਸਟੋਰੀ ਦਾ ਜਿ਼ਕਰ ਜ਼ਰੂਰੀ ਹੈ। ਕਈ ਸਾਲ ਪਹਿਲਾਂ ਅੰਗਰੇਜ਼ੀ ਦੇ ਇੱਕ ਅਖਬਾਰ ਵਿਚ ਇਹ ਕਹਾਣੀ ਇਸ ਟਾਈਟਲ ਨਾਲ ਪ੍ਰਕਾਸ਼ਿਤ ਹੋਈ: ਹਮਲਾ ਪਛਾੜ ਦਿੱਤਾ ਗਿਆ। ਕਹਾਣੀ ਦਾ ਵਿਸਤਾਰ ਇਸ ਤਰ੍ਹਾਂ ਕੀਤਾ ਗਿਆ: ਦਿਨ ਛੁਪਾ ਦਾ ਵੇਲਾ ਸੀ। ਪੰਛੀ ਡਾਰਾਂ ਬੰਨ੍ਹੀ ਆਪਣੇ ਰੈਣ-ਬਸੇਰਿਆਂ ਵੱਲ ਜਾ ਰਹੇ ਸਨ। ਇੱਕ ਉੱਚੇ ਲੰਮੇ ਦਰੱਖਤ ਉੱਪਰ ਕਾਂ ਦਾ ਆਲ੍ਹਣਾ ਸੀ। ਆਲ੍ਹਣੇ ਵਿਚ ਉਸ ਦੇ ਆਂਡੇ ਸਨ। ਸੱਪ ਉਸ ਦਰੱਖਤ ’ਤੇ ਚੜ੍ਹ ਰਿਹਾ ਸੀ। ਕਾਂ ਨੇ ਹਾਕ ਮਾਰੀ ਲਾਈ। ਉੱਡੇ ਜਾਂਦੇ ਕਾਵਾਂ ਦਾ ਕਾਫਲਾ ਵਾਪਸ ਮੁੜ ਪਿਆ। ਆਪਣੀਆਂ ਚੁੰਝਾਂ ਦੇ ਵਾਰ ਨਾਲ ਹੀ ਉਨ੍ਹਾਂ ਕੋਬਰੇ ਦੀ ਘਾਤਕ ਨੀਤ ਨੂੰ ਮੋੜਾ ਦਿੱਤਾ। ਪੱਤਰਕਾਰ ਨੇ ਇਸ ਸਾਰੀ ਝਾਕੀ ਨੂੰ ਇਸ ਤਰ੍ਹਾਂ ਸਮਾਪਤ ਕੀਤਾ: ਕਾਸ਼ ਮਨੁੱਖੀ ਸਮਾਜ ਵਿਚ ਵੀ ਅਜਿਹੇ ਏਕੇ ਦੀ ਭਾਵਨਾ ਪੈਦਾ ਹੋ ਸਕੇ।
ਅੱਜ ਮੁਲਕ ਵਿਚ ਕਿਸਾਨ ਅੰਦੋਲਨ ਦੀ ਲਾਮਬੰਦੀ ਦੇਖ ਕੇ ਉਸ ਪੱਤਰਕਾਰ ਦੀਆਂ ਸ਼ੁਭ-ਇਛਾਵਾਂ ਪਰਵਾਨ ਚੜ੍ਹੀਆਂ ਜਾਪਦੀਆਂ ਹਨ। ਉਹ ਵਧਾਈ ਦਾ ਹੱਕਦਾਰ ਹੈ। ਸੱਚੀ-ਸੁੱਚੀ ਪੱਤਕਾਰੀ ਦਾ ਇਹੋ ਧਰਮ ਕਰਮ ਹੈ।
*ਸਾਬਕਾ ਲੋਕ ਸਭਾ ਮੈਂਬਰ।
ਸੰਪਰਕ: 75086-65151