ਐੱਮਕੇ ਭੱਦਰਕੁਮਾਰ
ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਦੀ ਸੀਨੀਅਰ ਡਿਪਲੋਮੈਟ ਜੇਪੀ ਸਿੰਘ ਦੀ ਅਗਵਾਈ ਹੇਠ 2 ਜੂਨ ਨੂੰ ਕੀਤੀ ਗਈ ਕਾਬੁਲ ਫੇਰੀ ਅਤੇ ਇਸ ਦੌਰਾਨ ਅਫ਼ਗ਼ਾਨਿਸਤਾਨ ਦੀ ਅੰਤਰਿਮ ਸਰਕਾਰ ਦੇ ਸੀਨੀਅਰ ਆਗੂਆਂ ਨਾਲ ਵਫ਼ਦ ਮੀਟਿੰਗ ਤੋਂ ਭਾਰਤ ਦੇ ਤਾਲਿਬਾਨ ਹਕੂਮਤ ਨਾਲ ਸਫ਼ਾਰਤੀ ਤਾਲਮੇਲ ਦੀ ਸ਼ੁਰੂਆਤ ਦਾ ਸੰਕੇਤ ਮਿਲਦਾ ਹੈ। ਇਸ ਦੌਰਾਨ ਨਵੀਂ ਦਿੱਲੀ ਨੇ ਤਾਲਿਬਾਨ ਨਾਲ ਮਿਲ ਕੇ ਕੰਮ ਕਰਨ ਦੇ ਆਪਣੇ ਇਰਾਦੇ ਦਾ ਸੁਨੇਹਾ ਕਾਬੁਲ ਪਹੁੰਚਾਇਆ ਹੈ। ਭਾਰਤ ਖਿੱਤੇ ਦੇ ਅਹਿਮ ਮੁਲਕਾਂ ਨਾਲ ਨੇੜਤਾ ਵਧਾਉਣ ਲਈ ਲਗਾਤਾਰ ਕਦਮ ਚੁੱਕ ਰਿਹਾ ਹੈ।
ਰੂਸ ਨੇ ਇਸ ਮਾਮਲੇ ਵਿਚ ਜੋ ਰਾਹ ਅਪਣਾਇਆ, ਉਹ ਗ਼ੌਰ ਕਰਨ ਵਾਲਾ ਹੈ। ਜਦੋਂ ਤਾਲਿਬਾਨ ਸਰਕਾਰ ਵੱਲੋਂ ਨਿਯੁਕਤ ਚਾਰਜ ਡੀ ਅਫੇਅਰਜ਼ (ਵਿਸ਼ੇਸ਼ ਦੂਤ ਜੋ ਸਫ਼ਾਰਤਖ਼ਾਨੇ ਵਿਚ ਰਾਜਦੂਤ ਤੋਂ ਹੇਠਲੇ ਦਰਜੇ ਦਾ ਅਧਿਕਾਰੀ ਹੁੰਦਾ ਹੈ ਤੇ ਰਾਜਦੂਤ ਦੀ ਗ਼ੈਰ-ਹਾਜ਼ਰੀ ਵਿਚ ਉਸ ਦੀ ਜਿ਼ੰਮੇਵਾਰੀ ਨਿਭਾਉਂਦਾ ਹੈ) ਜਮਾਲ ਨਾਸਿਰ ਗਾਰਵਲ ਮਾਰਚ ਮਹੀਨੇ ਮਾਸਕੋ ਪੁੱਜੇ ਅਤੇ ਰੂਸੀ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਮਾਨਤਾ ਦਿੱਤੀ ਤਾਂ ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖ਼ਾਰੋਵਾ ਨੇ ਇਸ ਕਾਰਵਾਈ ਨੂੰ ਅਫ਼ਗ਼ਾਨਿਸਤਾਨ ਨਾਲ ‘ਮੁਕੰਮਲ ਸਫ਼ਾਰਤੀ ਰਿਸ਼ਤੇ ਕਾਇਮ ਕਰਨ ਦੀ ਦਿਸ਼ਾ ਵਿਚ ਕਦਮ’ ਕਰਾਰ ਦਿੱਤਾ। ਉਂਝ ਉਨ੍ਹਾਂ ਇਹ ਵੀ ਕਿਹਾ ਕਿ ਅਜੇ ਤਾਲਿਬਾਨ ਹਕੂਮਤ ਨੂੰ ਮਾਨਤਾ ਦੇਣ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਫਿਰ 29 ਅਪਰੈਲ ਨੂੰ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਅਫ਼ਗ਼ਾਨ ਦੂਤ ਨੇ ਮਾਸਕੋ ਸਥਿਤ ਆਪਣੇ ਦਫ਼ਤਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
7 ਜੂਨ ਨੂੰ ਖ਼ਬਰ ਏਜੰਸੀ ਤਾਸ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਗਾਰਵਲ ਇਕ ਤਰ੍ਹਾਂ ‘ਰੂਸੀ ਦਾਵੋਸ’ ਵਜੋਂ ਜਾਣੇ ਜਾਂਦੇ ਸਮਾਗਮ ਸੇਂਟ ਪੀਟਰਸਬਰਗ ਇੰਟਰਨੈਸ਼ਨਲ ਇਕਨੌਮਿਕ ਫੋਰਮ ਵਿਚ ਸ਼ਿਰਕਤ ਕਰਨਗੇ ਜੋ 15 ਤੋਂ 18 ਜੂਨ ਤੱਕ ਹੋ ਰਿਹਾ ਹੈ। ਇਸ ਦੀ ਮੇਜ਼ਬਾਨੀ ਰੂਸੀ ਸਦਰ ਵਲਾਦੀਮੀਰ ਪੂਤਿਨ ਕਰਦਾ ਹੈ ਅਤੇ 1997 ਤੋਂ ਹੀ ਬੀਤੇ ਸਾਲਾਂ ਦੌਰਾਨ ਇਸ ਵਿਚ ਲਗਾਤਾਰ ਆਲਮੀ ਤੇ ਰੂਸੀ ਅਰਥਚਾਰਿਆਂ, ਸਮਾਜਿਕ ਮੁੱਦਿਆਂ ਅਤੇ ਤਕਨਾਲੋਜੀਕਲ ਵਿਕਾਸ ਬਾਰੇ ਚਰਚਾ ਕੀਤੀ ਜਾਂਦੀ ਹੈ।
ਰੂਸ ਨੇ ਤਾਲਿਬਾਨ ਨੂੰ ਅਮਰੀਕੀ ਤਰਜ਼ ਦੇ ਚਸ਼ਮੇ ਵਿਚੋਂ ਦੇਖਣ ਦੀ ਥਾਂ ਉਨ੍ਹਾਂ ਨਾਲ ਸਾਡੇ ਖਿੱਤੇ ਦੇ ਅਜਿਹੇ ਰੁੱਸੇ ਹੋਏ ਬਾਸ਼ਿੰਦਿਆਂ ਵਾਲਾ ਵਰਤਾਓ ਕਰਨਾ ਸ਼ੁਰੂ ਕੀਤਾ ਜੋ ਹੁਣ ਘਰ ਪਰਤ ਆਏ ਹਨ। ਬੀਤੀ 8 ਜੂਨ ਨੂੰ ਰੂਸੀ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ (ਰੂਸੀ ਭਾਸ਼ਾ ਵਿਚ) ’ਚ ਇਕ ਪ੍ਰੈਸ ਨੋਟ ਨਸ਼ਰ ਕੀਤਾ ਗਿਆ ਜਿਸ ਦਾ ਸਿਰਲੇਖ ਸੀ- ‘ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਬਾਰੇ’। ਇਸ ਵਿਚ ਇਸ ਗੱਲ ਉਤੇ ਜ਼ੋਰ ਦਿੱਤਾ ਗਿਆ ਕਿ ਤਾਲਿਬਾਨ ਅੰਦੋਲਨ ਨੂੰ ਜਥੇਬੰਦੀ ਵਜੋਂ ਸੰਯੁਕਤ ਰਾਸ਼ਟਰ (ਯੂਐੱਨ) ਵਿਚ ਕੋਈ ਦਹਿਸ਼ਤੀ ਜਥੇਬੰਦੀ ਨਹੀਂ ਮੰਨਿਆ ਗਿਆ ਅਤੇ ਜਿਹੜੀਆਂ ਪਾਬੰਦੀਆਂ ਲਾਗੂ ਹਨ, ਉਹ ਕੁਝ ਬੰਦਿਆਂ ਉਤੇ ਵਿਅਕਤੀਗਤ ਆਧਾਰ ’ਤੇ ਲਾਈਆਂ ਹਨ।
ਅਮਰੀਕਾ ਦੇ ਖ਼ਾਸ ਏਲਚੀ ਟੌਮ ਵੈਸਟ ਨੇ ਇਲਾਕੇ ਦੇ ਆਪਣੇ ਹਾਲੀਆ ਦੌਰੇ ਦੌਰਾਨ ਨਵੀਂ ਦਿੱਲੀ ਤੇ ਇਸਤਾਂਬੁਲ ਵਿਚ ਕੁਝ ਅਫ਼ਗ਼ਾਨ ਸਿਆਸੀ ਪਰਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਫੇਰੀ ਦੇ ਹਵਾਲੇ ਨਾਲ ਰੂਸੀ ਟਿੱਪਣੀਆਂ ਵਿਚ ਖੁੱਲ੍ਹੇਆਮ ਅਮਰੀਕੀਆਂ ਦੀ ‘ਅਫ਼ਗ਼ਾਨ ਮੁੱਦੇ ਉਤੇ ਤਾਜ਼ਾ ਵਿਚਾਰਾਂ ਦੀ ਕਮੀ’ ਲਈ ਅਫ਼ਸੋਸ ਜ਼ਾਹਿਰ ਕਰਦਿਆਂ ਆਖਿਆ ਗਿਆ ਕਿ ਅਮਰੀਕੀ ਅਜੇ ਵੀ ‘ਉਨ੍ਹਾਂ (ਅਫ਼ਗ਼ਾਨਿਸਤਾਨ ਵਿਚੋਂ ਭੱਜੇ ਹੋਏ ਸਿਆਸੀ ਪਰਵਾਸੀ) ਉਤੇ ਹੀ ਭਰੋਸਾ ਕਰ ਰਹੇ ਹਨ ਜੋ ਅਫ਼ਗ਼ਾਨਿਸਤਾਨ ਵਿਚ ਅਮਰੀਕਾ ਦੇ 20 ਸਾਲਾ ਲੋਕਤੰਤਰੀਕਰਨ ਦੇ ਤਜਰਬੇ ਦੀ ਨਾਕਾਮੀ ਦਾ ਸਾਕਾਰ ਰੂਪ ਹਨ… ਜੋ ਸੱਤਾ ਦੇ ਤਬਾਦਲੇ ਦੇ ਬਹੁਤ ਹੀ ਔਖੇ ਦੌਰ ਦੌਰਾਨ ਆਪਣੇ ਲੋਕਾਂ ਨੂੰ ਛੱਡ ਕੇ ਭੱਜ ਗਏ ਅਤੇ ਇਸ ਦੇ ਸਿੱਟੇ ਵਜੋਂ ਉਹ ਮੁਲਕ ਵਿਚ ਆਪਣਾ ਪ੍ਰਭਾਵ ਗੁਆ ਚੁੱਕੇ ਹਨ।’
ਇਹ ਸਿੱਧੀਆਂ ਤੇ ਸਾਫ਼ ਗੱਲਾਂ ਉਦੋਂ ਕੀਤੀਆਂ ਗਈਆਂ ਜਦੋਂ ਦੂਜੇ ਪਾਸੇ ਪੱਛਮੀ ਮੁਲਕਾਂ ਵੱਲੋਂ ‘ਤਾਲਿਬਾਨ ਨੂੰ ਨੁਕਸਾਨ ਪਹੁੰਚਾਉਣ ਲਈ’ ਉਨ੍ਹਾਂ ਖਿ਼ਲਾਫ਼ ਹਿਊਮਨ ਰਾਈਟਸ ਵਾਚ ਦੀਆਂ ਮਨੁੱਖੀ ਹੱਕਾਂ ਬਾਰੇ ਰਿਪੋਰਟਾਂ ਦੇ ਹਵਾਲੇ ਨਾਲ ਯੂਐੱਨ ਦੀਆਂ ਪਾਬੰਦੀਆਂ ਹੋਰ ਪੀਡੀਆਂ ਕਰਾਉਣ ਲਈ ਜ਼ੋਰਦਾਰ ਮੁਹਿੰਮ ਛੇੜੀ ਗਈ ਹੈ। ਇਸ ਸਭ ਕਾਸੇ ਦਾ ਮੰਤਵ ਤਾਲਿਬਾਨ ਨੂੰ ਘੇਰਨਾ ਅਤੇ ਸਜ਼ਾ ਦੇਣਾ ਹੈ ਕਿਉਂਕਿ ਪੱਛਮੀ ਮੁਲਕ ਅਫ਼ਗ਼ਾਨਿਸਤਾਨ ਦੇ ਆਲੇ-ਦੁਆਲੇ ਅਤੇ ਕੇਂਦਰੀ ਏਸ਼ੀਆ ਵਿਚ ਆਪਣੇ ਭੌਂ-ਸਿਆਸੀ ਹਿੱਤ ਪੂਰਨ ਲਈ ਤਾਲਿਬਾਨ ਨੂੰ ਆਪਣਾ ਹੱਥਠੋਕਾ ਬਣਨ ਵਾਸਤੇ ਲੁਭਾਉਣ ਵਿਚ ਨਾਕਾਮ ਰਹੇ ਹਨ। ਠੰਢੀ ਜੰਗ ਦੇ ਪੈਦਾ ਹੋਏ ਨਵੇਂ ਹਾਲਾਤ ਨੇ ਇਸ ਅਮਲ ਵਿਚ ਨਵੀਂ ਕਾਹਲ ਭਰ ਦਿੱਤੀ ਹੈ, ਜਿਵੇਂ ਯੂਐੱਨ ਸਲਾਮਤੀ ਕੌਂਸਲ ਦੀ ਤਾਲਿਬਾਨ ਉਤੇ ਪਾਬੰਦੀਆਂ ਲਾਉਣ ਸਬੰਧੀ ਹੋਣ ਵਾਲੀ ਅਹਿਮ ਮੀਟਿੰਗ ਤੋਂ ਪਹਿਲਾਂ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੇਨਾ ਬੇਅਰਬਕ ਦੀ ਅਚਨਚੇਤੀ ਪਾਕਿਸਤਾਨ ਫੇਰੀ ਤੋਂ ਜ਼ਾਹਿਰ ਹੈ। ਬੇਅਰਬਕ ਨੇ ਕਿਹਾ ਕਿ ਤਾਲਿਬਾਨ ਨੇ ਅਫ਼ਗ਼ਾਨਾਂ ਲਈ ‘ਬੇਅੰਤ ਤਕਲੀਫ਼ਾਂ ਤੇ ਭੁੱਖ’ ਲਿਆਂਦੀ ਹੈ ਅਤੇ ਮੁਲਕ ‘ਗ਼ਲਤ ਦਿਸ਼ਾ’ ਵਿਚ ਅੱਗੇ ਵਧ ਰਿਹਾ ਹੈ ਜਿਸ ਦੇ ਕੌਮਾਂਤਰੀ ਭਾਈਚਾਰੇ ਲਈ ਮਾੜੇ ਸਿੱਟੇ ਨਿਕਲਣਗੇ।
ਬੇਅਰਬਕ ਦਾ ਮਿਸ਼ਨ ਇਸ ਗੱਲ ਦੀ ਥਾਹ ਪਾਉਣਾ ਸੀ ਕਿ ਤਾਲਿਬਾਨ ਪ੍ਰਤੀ ਸਖ਼ਤ ਰਵੱਈਆ ਅਪਣਾਉਣ ਸਬੰਧੀ ਪੱਛਮ ਨਾਲ ਨਵਾਂ ਤਾਲਮੇਲ ਕਰਨ ਵਾਸਤੇ ਪਾਕਿਸਤਾਨ ਕਿੰਨਾ ਕੁ ਤਿਆਰ ਹੈ। ਗ਼ੌਰਤਲਬ ਹੈ ਕਿ ਪੱਛਮੀ ਮੁਲਕਾਂ ਦਾ ਅੰਦਾਜ਼ਾ ਹੈ, ਪਾਕਿਸਤਾਨੀ ਫ਼ੌਜ ਇਨ੍ਹੀਂ ਦਿਨੀਂ ਤਾਲਿਬਾਨ ਪ੍ਰਤੀ ਅਤੀਤ ਦੇ ਮੁਕਾਬਲੇ ਕਿਤੇ ਜਿ਼ਆਦਾ ਸਖ਼ਤ ਰੁਖ਼ ਅਪਣਾ ਕੇ ਲਾਹਾ ਲੈਣ ਦੀ ਕੋਸ਼ਿਸ਼ ਵਿਚ ਹੈ। ਜੇ ਪਾਕਿਸਤਾਨੀ ਫ਼ੌਜ ਆਪਣੇ ਰਵੱਈਏ ਵਿਚ ਤਬਦੀਲੀ ਲਿਆਉਂਦਿਆਂ ਤਾਲਿਬਾਨ ਪ੍ਰਤੀ ਆਪਣਾ ਰੁਖ਼ ਸਖ਼ਤ ਕਰਦੀ ਹੈ ਤਾਂ ਇਹ ਪੱਛਮ ਲਈ ਵਧੀਆ ਮੌਕਾ ਹੋ ਸਕਦਾ ਹੈ।
ਅਮਰੀਕਾ ਦੇ ਇੰਸਟੀਚਿਊਟ ਫਾਰ ਪੀਸ ਨੇ ਹਾਲ ਹੀ ਵਿਚ ਰਣਨੀਤੀ ਬਣਾਈ ਸੀ ਕਿ ਵਾਸ਼ਿੰਗਟਨ ਤੇ ਇਸਲਾਮਾਬਾਦ ਮਿਲ ਕੇ ਤਾਲਿਬਾਨ ਉਤੇ ਅਮਰੀਕਾ ਲਈ ਅਹਿਮੀਅਤ ਵਾਲੇ ਵੱਖੋ-ਵੱਖ ਸਿਆਸੀ ਮੁੱਦਿਆਂ ’ਤੇ ਰਜ਼ਾਮੰਦੀ ਲਈ ਦਬਾਅ ਪਾ ਸਕਦੇ ਹਨ। ਪਾਕਿਸਤਾਨ ਇਸ ਮਾਮਲੇ ਵਿਚ ‘ਤਾਲਿਬਾਨ ਨੂੰ ਆਪਣੀ ਮਾਨਤਾ ਦੀ ਸੂਚੀ ਤੋਂ ਬਾਹਰ ਕਰਨ ਦਾ ਸੰਕੇਤ ਦੇ ਕੇ’ ਮਦਦ ਕਰ ਸਕਦਾ ਹੈ ਅਤੇ ਨਾਲ ਹੀ ਇਹ ‘ਤਾਲਿਬਾਨ ਪ੍ਰਤੀ ਸਫ਼ਾਰਤੀ ਸਬੰਧਾਂ ਦਾ ਪੱਧਰ ਘਟਾ ਸਕਦਾ ਹੈ ਅਤੇ ਆਪਣੇ ਇਸ ਸੁਨੇਹੇ ਨੂੰ ਅਮਰੀਕੀ ਹਕੂਮਤ ਦੇ ਅਤਿਵਾਦ-ਵਿਰੋਧੀ ਮੁੱਦਿਆਂ ਨਾਲ ਜੋੜ ਸਕਦਾ ਹੈ।’
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੱਲੋਂ ਹਾਲ ਹੀ ਵਿਚ ਦੁਸ਼ਾਂਬੇ ਵਿਖੇ ਖੇਤਰੀ ਸੰਵਾਦ ਵਿਚ ਭਾਰਤੀ ਸੋਚ ਨੂੰ ਜ਼ਾਹਰ ਕਰਦਿਆਂ ਕੀਤੀਆਂ ਗਈਆਂ ਟਿੱਪਣੀਆਂ ਦੀ ਅਹਿਮੀਅਤ ਇਸੇ ਮੌਕੇ ਸਾਹਮਣੇ ਆਉਂਦੀ ਹੈ। ਉਨ੍ਹਾਂ ਦਹਿਸ਼ਤਗਰਦੀ ਅਤੇ ਦਹਿਸ਼ਤੀ ਗਰੁੱਪਾਂ ਨੂੰ ਨੱਥ ਪਾਉਣ ਸਬੰਧੀ ਅਫ਼ਗ਼ਾਨਿਸਤਾਨ ਦੀਆਂ ਸਮਰੱਥਾ ਨੂੰ ਮਜ਼ਬੂਤ ਕਰਨ ਬਾਰੇ ਹਕੀਕੀ ਪਹੁੰਚ ਨਾਲ ਸਰਸ਼ਾਰ ਭਾਰਤ ਦੀ ਨਵੀਂ ਨੀਤੀ ਦੇ ਵੇਰਵੇ ਬਿਆਨੇ ਅਤੇ ਨਾਲ ਹੀ ਇਹ ਉਮੀਦ ਜ਼ਾਹਿਰ ਕੀਤੀ ਕਿ ਖੇਤਰੀ ਸੰਵਾਦ ਦੇ ਮੈਂਬਰ ਮੁਲਕਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਅਫ਼ਗ਼ਾਨਿਸਤਾਨ ਨੂੰ ਖ਼ੁਸ਼ਹਾਲ ਤੇ ਸਮਰੱਥ ਮੁਲਕ ਦਾ ਰੂਪ ਦਿੱਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਨੂੰ ਮੁੜ ਅਸਥਿਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਇਸ ਦੌਰਾਨ ਇਨਸਾਨੀ ਲਾਮਬੰਦੀ ਤੇ ਹੋਰ ਇਮਦਾਦ ਮੁਹੱਈਆ ਕਰਵਾਏ ਜਾਣ ਵੱਲ ਤਵੱਜੋ ਦੀ ਲੋੜ ਹੈ। ਇਹ ਪੰਜਸ਼ੀਰ ਵਾਦੀ ਵਿਚਲੇ ਹਾਲਾਤ ਅਤੇ ਕੁਝ ਬਾਹਰਲੇ ਅਨਸਰਾਂ ਵੱਲੋਂ ਮੁਲਕ ਵਿਚ ਨਵੀਂ ਖ਼ਾਨਾਜੰਗੀ ਭੜਕਾਉਣ ਦੀਆਂ ਚਾਲਾਂ ਨੂੰ ਹਕੀਕੀ ਤੌਰ ’ਤੇ ਰੱਦ ਕਰ ਦੇਣਾ ਹੈ। ਡੋਵਾਲ ਨੇ ਅਫ਼ਗ਼ਾਨ ਸਮਾਜ ਦੇ ਸਾਰੇ ਤਬਕਿਆਂ ਦੀ ਨੁਮਾਇੰਦਗੀ ਦੀ ਲੋੜ ਉਤੇ ਜ਼ੋਰ ਦਿੱਤਾ ਤਾਂ ਕਿ ਆਬਾਦੀ ਦੇ ਸੰਭਵ ਹੱਦ ਤੱਕ ਸਭ ਤੋਂ ਵੱਡੇ ਹਿੱਸੇ ਦੀ ਸਾਂਝੀ ਤਾਕਤ ਨੂੰ ਮੁਲਕ ਦੀ ਮੁੜ-ਉਸਾਰੀ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਤੇ ਪ੍ਰੇਰਿਤ ਕੀਤਾ ਜਾ ਸਕੇ। ਇਸ ਦੇ ਬਾਵਜੂਦ ਉਨ੍ਹਾਂ ਆਪਣੇ ਵੱਲੋਂ ਹਦਾਇਤਮੁਖੀ ਹੋਣ ਤੋਂ ਬਚਾਅ ਕੀਤਾ ਅਤੇ ਇਸ ਤਰ੍ਹਾਂ ਸੱਚ ਤੇ ਸੁਲ੍ਹਾ ਦੀ ਤਲਾਸ਼ ਦੇ ਕੁਦਰਤੀ ਅਫ਼ਗ਼ਾਨ ਸੱਭਿਆਚਾਰ ਪ੍ਰਤੀ ਭਾਰਤ ਦੇ ਅਟੁੱਟ ਵਿਸ਼ਵਾਸ ਨੂੰ ਦੁਹਰਾਇਆ।
ਤਾਲਿਬਾਨ ਲੋਯਾ ਜਿਰਗਾ (ਮੁਲਕ ਦੀ ਰਵਾਇਤੀ ਸੰਸਦ) ਸੱਦਣ ਉਤੇ ਵੀ ਵਿਚਾਰ ਕਰ ਰਹੇ ਹਨ। ਪਿਛਲੀ ਅਫ਼ਗ਼ਾਨ ਹਕੂਮਤ ਦੇ ਜਿਹੜੇ ਅਹਿਲਕਾਰ ਕਾਬੁਲ ਤੋਂ ਭੱਜ ਗਏ ਸਨ, ਹੁਣ ਵਾਪਸ ਆ ਰਹੇ ਹਨ ਤੇ ਤਾਲਿਬਾਨ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ। ਹਾਲ ਹੀ ਵਿਚ ਕੌਮੀ ਸੁਰੱਖਿਆ ਕੌਂਸਲ ਦਾ ਸਾਬਕਾ ਅਧਿਕਾਰੀ, ਰੱਖਿਆ ਮੰਤਰਾਲੇ ਦਾ ਤਰਜਮਾਨ ਰਿਹਾ ਜਨਰਲ, ਸਾਬਕਾ ਡਿਪਟੀ ਮੰਤਰੀ ਆਦਿ ਪਰਤੇ ਹਨ। ਕਾਬੁਲ ਪਰਤਣ ਵਾਲੇ ਅਜਿਹੇ ਸਭ ਤੋਂ ਸਿਖਰਲੇ ਅਹੁਦੇ ਵਾਲਾ ਆਗੂ ਸਾਬਕਾ ਸਿੱਖਿਆ ਮੰਤਰੀ ਫ਼ਾਰੂਕ ਵਰਦਾਕ ਹੈ ਜਿਸ ਨੇ ਦੋਵਾਂ ਹਾਮਿਦ ਕਰਜ਼ਈ ਤੇ ਅਸ਼ਰਫ਼ ਗ਼ਨੀ ਸਰਕਾਰਾਂ ਵਿਚ ਕੰਮ ਕੀਤਾ ਤੇ ਉਸ ਦਾ ਵੀ ਤਾਲਿਬਾਨ ਨੇ ਨਿੱਘਾ ਸਵਾਗਤ ਕੀਤਾ। ਉਸ ਨੇ ਕਿਹਾ, “ਬਹੁਤ ਸਾਰੇ ਅਧਿਕਾਰੀ ਵਤਨ ਪਰਤਣ ਬਾਰੇ ਸੋਚ ਰਹੇ ਹਨ… ਕਿਸੇ ਵੀ ਇਨਸਾਨ ਦਾ ਮਾਣ-ਸਨਮਾਨ ਆਪਣੇ ਹੀ ਵਤਨ ਵਿਚ ਹੁੰਦਾ ਹੈ।”
ਦੋ ਦਹਾਕਿਆਂ ਤੋਂ ਇਹੋ ਸਾਹਮਣੇ ਆਇਆ ਹੈ ਕਿ ਪੱਛਮ ਨੂੰ ਨਾ ਤਾਲਿਬਾਨ ਦੀ ਸਮਝ ਹੈ ਤੇ ਨਾ ਹੀ ਅਫ਼ਗ਼ਾਨਿਸਤਾਨ ਦੀ। ਤਾਲਿਬਾਨ ਦਾ ਬੁਨਿਆਦਪ੍ਰਸਤਾਂ ਵਜੋਂ ਕੀਤਾ ਗਿਆ ਰੂੜ੍ਹੀਵਾਦੀ ਚਿਤਰਨ, ਹਕੀਕਤ ਤੋਂ ਕੋਹਾਂ ਦੂਰ ਸੀ। ਇਸ ਅੰਦੋਲਨ ਨੂੰ ਪੱਛਮੀ ਵਿਖਿਆਨਾਂ ਦੇ ਮੁਕਾਬਲੇ ਕਿਤੇ ਜਿ਼ਆਦਾ ਮਕਬੂਲ ਹਮਾਇਤ ਹਾਸਲ ਸੀ ਜਿਸ ਨੂੰ ਬੇਮਨੇ ਢੰਗ ਨਾਲ ਪ੍ਰਵਾਨ ਕੀਤਾ ਗਿਆ। ਤਾਲਿਬਾਨ ਧਰਤੀ ਪੁੱਤਰ ਹਨ ਅਤੇ ਉਹ ਕਿਸੇ ਦੇ ਵੀ ਹੱਥਠੋਕੇ ਨਹੀਂ। ਇਹੋ ਕਾਰਨ ਹੈ ਕਿ ਡੋਵਾਲ ਦੀਆਂ ਟਿੱਪਣੀਆਂ ਵਿਚਲੀ ਕਰੁਨਾ ਤੇ ਹਮਦਰਦੀ ਹਵਾ ਦੇ ਤਾਜ਼ਾ ਬੁੱਲੇ ਵਾਂਗ ਹੈ।
*ਲੇਖਕ ਭਾਰਤ ਦਾ ਸਾਬਕਾ ਰਾਜਦੂਤ ਹੈ।