ਅਮੋਲਕ ਸਿੰਘ
ਪਹਿਲੀ ਅਪਰੈਲ 1944 ਨੂੰ ਮਾਂ ਰਣਬੀਰ ਕੌਰ ਅਤੇ ਪਿਤਾ ਭਾਗ ਸਿੰਘ ਦੇ ਘਰ ਢੁੱਡੀਕੇ ਪਿੰਡ ਜਨਮੇ ਅਮਰਜੀਤ ਸਿੰਘ ਢੁੱਡੀਕੇ ਲੋਕ-ਪੱਖੀ ਲਹਿਰ ਦੇ ਕਾਫ਼ਲੇ ਨੂੰ 29 ਜਨਵਰੀ 2022 ਨੂੰ ਸਦੀਵੀ ਵਿਛੋੜਾ ਦੇ ਗਏ। ਗ਼ਦਰ ਲਹਿਰ ਦੇ ਮਹਾਨ ਸ਼ਹੀਦ ਈਸ਼ਰ ਸਿੰਘ ਢੁੱਡੀਕੇ ਉਨ੍ਹਾਂ ਦੇ ਦਾਦਾ ਜੀ ਸਨ।
ਇਸ ਮੌਕੇ ਅਮਰਜੀਤ ਸਿੰਘ ਢੁੱਡੀਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸੀਨੀਅਰ ਮੈਂਬਰ ਸਨ। ਉਹ ਵਿੱਤ ਦਾ ਆਡਿਟ ਲੇਖਾ ਜੋਖਾ ਕਰਨ ਦੀ ਜ਼ਿੰਮੇਵਾਰੀ ਵੀ ਅਦਾ ਕਰਦੇ ਸਨ। ਉਹ ਗ਼ਦਰੀ ਬਾਬੇ ਦੇਸ਼ ਭਗਤ ਯਾਦਗਾਰ ਕਮੇਟੀ, ਢੁੱਡੀਕੇ ਦੇ ਮੈਂਬਰ ਅਤੇ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਦੇ ਮੁਦੱਈ ਸਨ।
ਗ਼ਦਰੀ ਸ਼ਹੀਦ ਈਸ਼ਰ ਸਿੰਘ ਅਮਰੀਕਾ ਦੀ ਧਰਤੀ ’ਤੇ ਇਨਕਲਾਬੀ ਗ਼ਦਰ ਲਹਿਰ ਦੇ ਨਾਮਵਰ ਸੰਗਰਾਮੀਏ ਸਨ। ਉਨ੍ਹਾਂ ਦੇ ਪੋਤੇ ਅਮਰਜੀਤ ਸਿੰਘ ਢੁੱਡੀਕੇ ਨੇ ਗ਼ਦਰ ਲਹਿਰ ਦੇ ਉਦੇਸ਼ਾਂ ਦੀ ਪੂਰਤੀ ਲਈ ਮਸ਼ਾਲ ਜਗਦੀ ਰੱਖ ਰਹੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਆਖ਼ਰੀ ਦਮ ਤੱਕ ਸ਼ਾਨਦਾਰ ਭੂਮਿਕਾ ਨਿਭਾਈ।
ਅਮਰਜੀਤ ਦੇ ਜੀਵਨ ਸਫ਼ਰ ਦੇ ਬਿਖੜੇ ਪੈਂਡਿਆਂ ਉਪਰ ਝਾਤ ਮਾਰਨ ਤੋਂ ਪਹਿਲਾਂ ਅਜੋਕੇ ਅਤੇ ਆਉਣ ਵਾਲੇ ਸਮਿਆਂ ਲਈ ਪ੍ਰੇਰਨਾਦਾਇਕ ਰੌਸ਼ਨ ਮਿਸਾਲ ਸਾਂਝੀ ਕਰਨਾ ਵਧੇਰੇ ਮਹੱਤਵ ਭਰਿਆ ਜਾਪਦਾ ਹੈ।
ਦੇਸ਼ ਭਗਤ ਯਾਦਗਾਰ ਹਾਲ ’ਚ 1992 ਤੋਂ ਪਹਿਲੀ ਨਵੰਬਰ ਨੂੰ ਹਰ ਸਾਲ ਮੇਲਾ ਗ਼ਦਰੀ ਬਾਬਿਆਂ ਦਾ ਲੱਗਦਾ ਹੈ। ਭਾਰਤ ਦੇ ਆਜ਼ਾਦੀ ਸੰਗਰਾਮ ’ਚ ਸੁਨਹਿਰੀ ਅੱਖਰਾਂ ’ਚ ਨਾਮ ਦਰਜ਼ ਕਰਵਾਉਣ ਵਾਲੀ ਗ਼ਦਰ ਪਾਰਟੀ ਦੇ ਪਹਿਲੇ ਸਪਲੀਮੈਂਟਰੀ ਲਾਹੌਰ ਸਾਜ਼ਿਸ਼ ਕੇਸ, ਬਰਮਾ/ਮਾਂਡਲੇ ਸਾਜ਼ਿਸ਼ ਕੇਸ ਅਤੇ ਪੱਧਰੀ ਕੇਸ ਅੰਦਰ ਸ਼ਹੀਦੀ ਜਾਮ ਪੀਣ ਵਾਲੇ, ਅਥਾਹ ਕੁਰਬਾਨੀਆਂ ਸੰਗ ਆਜ਼ਾਦੀ ਦੀ ਨਿਵੇਕਲੀ ਅਮਰ ਗਾਥਾ ਸਿਰਜਣ ਵਾਲੇ ਸੰਗਰਾਮੀਆਂ ਦੀ ਸ਼ਤਾਬਦੀ (1916-2016) ਨੂੰ ਸਮਰਪਿਤ ਕੀਤਾ ਗਿਆ ਸੀ 1 ਨਵੰਬਰ 2016 ਨੂੰ 25ਵਾਂ ਮੇਲਾ ਗ਼ਦਰੀ ਬਾਬਿਆਂ ਦਾ। ਇਹ ਗ਼ਦਰੀ ਬਾਬਿਆਂ ਦੇ ਮੇਲੇ ਦੀ ਸਿਲਵਰ ਜੁਬਲੀ ਦਾ ਵੀ ਮੌਕਾ ਸੀ। ਇਸ ਸ਼ਤਾਬਦੀ ਵਰ੍ਹੇ ਮੌਕੇ ਅਮਰਜੀਤ ਸਿੰਘ ਢੁੱਡੀਕੇ ਨੇ ਮੇਲੇ ਦੌਰਾਨ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ। ਮੇਲੇ ਦੇ ਭਰੇ ਪੰਡਾਲ ’ਚ ਢੁੱਡੀਕੇ ਵਾਸੀਆਂ ਨਾਲ ਅਮਰਜੀਤ ਦਾ ਪੁੱਤਰ ਕੰਵਰਦੀਪ ਸਿੰਘ ਅਤੇ 12 ਵਰ੍ਹਿਆਂ ਦਾ ਪੋਤਾ ਨਵਰੋਜ਼ ਉਮਰ ਵੀ ਆਇਆ ਸੀ।
ਮੇਲੇ ’ਚ ਹਰ ਸਾਲ ਵਾਂਗ ਸੰਗੀਤ ਓਪੇਰਾ ਰੂਪੀ ਝੰਡੇ ਦਾ ਗੀਤ 100 ਤੋਂ ਵੱਧ ਕਲਾਕਾਰਾਂ ਨੇ ਪੇਸ਼ ਕੀਤਾ। ਇਸ ਓਪੇਰੇ ਦੇ ਇੱਕ ਮਹੱਤਵਪੂਰਨ ਦ੍ਰਿਸ਼ ਵਿੱਚ ਆਜ਼ਾਦੀ, ਜਮਹੂਰੀਅਤ, ਬਰਾਬਰੀ ਅਤੇ ਨਿਆਂ ਭਰੇ ਸਮਾਜ ਦੀ ਸਿਰਜਣਾ ਲਈ ਅੱਜ ਵੀ ਗ਼ਦਰੀ ਝੰਡਾ ਬੁਲੰਦ ਰੱਖਣ ਵਾਲੇ ਕਾਫ਼ਲੇ ਦੀ ਝਲਕੀ ਦਾ ਨਾਇਕ ਅਮਰਜੀਤ ਢੁੱਡੀਕੇ ਦਾ 12 ਵਰ੍ਹਿਆਂ ਦਾ ਪੋਤਰਾ ਨਵਰੋਜ਼ ਸੀ। ਆਪਾ-ਧਾਪੀ, ਨਿੱਜਵਾਦ, ਪਰਿਵਾਰਵਾਦ, ਖਪਤ ਸਭਿਆਚਾਰ ਦੇ ਦੌਰ ’ਚ ਅਮਰਜੀਤ ਨੇ ਇਸ ਮੌਕੇ ਮਾਣਮੱਤੇ ਅੰਦਾਜ਼ ’ਚ ਕਿਹਾ: ‘‘ਇਸ ਜਾਨ ਕਾ ਕਿਆ; ਯੇਹ ਜਾਨ ਤੋਂ ਆਨੀ ਜਾਨੀ ਹੈ। ਮੈਨੂੰ ਇਹ ਗੌਰਵ ਹੈ ਕਿ ਮੈਂ ਗ਼ਦਰੀ ਸ਼ਹੀਦ ਈਸ਼ਰ ਸਿੰਘ ਢੁੱਡੀਕੇ ਦੇ ਪੋਤੇ ਨੇ ਜਿਸ ਮਾਰਗ ਪੈਰ ਧਰਿਆ ਅੱਜ ਗ਼ਦਰੀ ਝੰਡੇ ਨੂੰ ਚੁੰਮ ਕੇ, ਅੰਬਰੀਂ ਲਹਿਰਾਉਂਦਿਆਂ ਅੱਗੋਂ ਮੇਰੇ ਪੋਤੇ ਨਵਰੋਜ਼ ਨੇ ਵੀ ਉਨ੍ਹਾਂ ਪੈੜਾਂ ਦੀ ਧੂੜ ਮੱਥੇ ਲਾਉਣ ਦਾ ਅਹਿਦ ਲਿਆ ਹੈ। ਇਸ ਦਾ ਸਬੰਧ ਅਤੇ ਪ੍ਰਭਾਵ ਸਾਡੇ ਪਰਿਵਾਰ ਜਾਂ ਸਾਕ-ਸਬੰਧੀਆਂ ਤੱਕ ਨਹੀਂ ਸਗੋਂ ਭਾਈ ਲਾਲੋਆਂ ਦੇ ਵਡੇਰੇ ਪਰਿਵਾਰ ਤੱਕ ਹੈ ਕਿ ਆਓ! ਨਵੇਂ ਸਮਾਜ ਦੀ ਸਿਰਜਣਾ ਲਈ ਆਪਣੇ ਧੀਆਂ ਪੁੱਤਾਂ ਨੂੰ ਨਵੀਂ ਚੇਤਨਾ ਦਾ ਜਾਗ ਲਾਈਏ। ਇਹ ਸੰਕੇਤ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਅੱਗੇ ਬਦੇਸ਼ੀ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਤੋਂ ਮੁਕਤੀ ਦਾ ਕਾਰਜ ਅਜੇ ਅੱਧਵਾਟੇ ਹੈ। ਉਸ ਦੀ ਪੂਰਤੀ ਲਈ ਸਾਬਤ ਕਦਮੀ, ਸੂਝ-ਬੂਝ ਅਤੇ ਦ੍ਰਿੜ੍ਹ ਇਰਾਦੇ ਨਾਲ ਲੋਕ-ਕਾਫ਼ਲੇ ਜੋੜਦਿਆਂ ਸਦਾ ਸਫ਼ਰ ’ਤੇ ਰਹਿਣਾ ਹੋਵੇਗਾ।’’
ਮੇਲਾ 2016 ’ਚ ਗ਼ਦਰੀ ਝੰਡਾ ਲਹਿਰਾਉਣ ਸਮੇਂ ਮੁੱਖ ਬੁਲਾਰੇ ਅਮਰਜੀਤ ਸਿੰਘ ਢੁੱਡੀਕੇ ਨੇ ਆਪਣੇ ਸੰਬੋਧਨ ’ਚ ਜੋ ਕਿਹਾ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਉਹ ਆਪਣੇ ਆਪ ’ਚ ਵਡਮੁੱਲੀ ਧਰੋਹਰ ਹੈ। ਉਸ ਤਕਰੀਰ ਦੇ ਕੁਝ ਅੰਸ਼ ਅਮਰਜੀਤ ਸਿੰਘ ਦੀ ਸੋਚ-ਦ੍ਰਿਸ਼ਟੀ ਦਾ ਮੂੰਹ ਬੋਲਦਾ ਸਬੂਤ ਹਨ:
‘‘ਜਦੋਂ ਗੋਰੇ ਹਾਕਮ ਬਹੁ-ਧਰਮੀ, ਬਹੁ-ਜਾਤੀ, ਬਹੁ-ਭਾਸ਼ਾਈ ਮੁਲਕ ’ਤੇ ਆਪਣੇ ਰਾਜ ਭਾਗ ਦਾ ਸ਼ਿਕੰਜਾ ਕਸ ਕੇ ਰੱਖਣ ਲਈ ਫ਼ਿਰਕੂ ਤਣਾਅ, ਵੰਡੀਆਂ ਅਤੇ ਨਫ਼ਰਤ ਦੇ ਹਥਿਆਰ ਵਰਤ ਰਹੇ ਸਨ, ਉਸ ਮੌਕੇ ਗ਼ਦਰੀ ਬਾਬਿਆਂ ਨੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਅੱਜ ਫ਼ਿਰਕੂ ਜ਼ਹਿਰ ਹੋਰ ਵੀ ਤੇਜ਼ੀ ਨਾਲ ਸਾਡੇ ਸਮਾਜ ਅੰਦਰ ਫੈਲਾਈ ਜਾ ਰਹੀ ਹੈ। ਸਾਡਾ ਇਹ ਫ਼ਰਜ਼ ਹੈ ਕਿ ਗ਼ਦਰੀ ਝੰਡੇ ਦੇ ਰੰਗਾਂ ’ਚ ਸਮੋਏ ਉਦੇਸ਼ਾਂ ਉਪਰ ਡਟ ਕੇ ਪਹਿਰਾ ਦੇਣ ਲਈ ਅੱਗੇ ਆਈਏ।
ਜੇ ਭਾਰਤ ਦੇ ਮੌਜੂਦਾ ਰਾਜਨੀਤਕ ਪ੍ਰਬੰਧ ’ਤੇ ਨਿਗ੍ਹਾ ਮਾਰੀਏ ਤਾਂ ਇਹ ਅਮਲੀ ਰੂਪ ਵਿਚ ਜਮਹੂਰੀ, ਫੈਡਰਲ ਅਤੇ ਕਲਿਆਣਕਾਰੀ ਨਹੀਂ। ਲੋਕਾਂ ਵੱਲੋਂ ਰੱਦ ਕੀਤੇ ਨੇਤਾ ਲੋਕਾਂ ਉਪਰ ਰਾਜ ਕਰਨ ਲਈ ਥੋਪ ਦਿੱਤੇ ਜਾਂਦੇ ਹਨ। ਫਿਰ ਭਲਾ ਵੋਟਾਂ ਰਾਹੀਂ ਪ੍ਰਗਟ ਹੋਈ ਲੋਕ ਰਾਇ ਦਾ ਕੀ…? ਕੀ ਗ਼ਦਰੀ ਬਾਬੇ ਇਹੋ ਜਿਹੀ ਜਮਹੂਰੀਅਤ ਚਾਹੁੰਦੇ ਸਨ?’’
ਉਨ੍ਹਾਂ ਕਿਹਾ, ‘‘70 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆਂ ਪਰ ਦੇਸ਼ ਦਾ ਅੰਨਦਾਤਾ ਖ਼ੁਦਕੁਸ਼ੀਆਂ ਕਰ ਰਿਹਾ ਹੈ। ਕਮਿਸ਼ਨ ਬਣਦੇ ਨੇ, ਯੂਨੀਵਰਸਿਟੀਆਂ ਦੇ ਮਾਹਿਰਾਂ ਤੋਂ ਰਾਇ ਜਾਣਨ ਦੀਆਂ ਖ਼ਬਰਾਂ ਵੀ ਆਉਂਦੀਆਂ ਹਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਆ ਜਾਂਦੀ ਹੈ ਪਰ ਸਰਕਾਰਾਂ ਵੱਡੇ ਘਰਾਣਿਆਂ ਦੇ ਇਸ਼ਾਰਿਆਂ ’ਤੇ ਮਨਆਈਆਂ ਹੀ ਕਰਦੀਆਂ ਹਨ। ਕੀ ਸਾਡੇ ਗ਼ਦਰੀ ਬਾਬੇ ਅਜਿਹੇ ਰਾਜ ਪ੍ਰਬੰਧ ਦੀ ਗੱਲ ਕਰਦੇ ਸੀ? ਵਿਦਿਅਕ ਪ੍ਰਣਾਲੀ ਦਾ ਵਪਾਰੀਕਰਨ ਅਤੇ ਨਿੱਜੀਕਰਣ ਕਰ ਦਿੱਤਾ। ਇਹੋ ਦੁਰਦਸ਼ਾ ਸਿਹਤ, ਰੁਜ਼ਗਾਰ, ਬਿਜਲੀ, ਪਾਣੀ ਅਤੇ ਸੜਕਾਂ ਆਦਿ ਦੀ ਕਰ ਦਿੱਤੀ। ‘ਵਿਕਾਸ’ ਉਪਰਲੇ ਮੁੱਠੀ ਭਰ ਘਰਾਣਿਆਂ ਲਈ ਹੈ, ਬਾਕੀ ਦੇਸ਼ ਕੋਲੋਂ ਆਏ ਦਿਨ ਸਭ ਕੁਝ ਖੋਹਿਆ ਜਾ ਰਿਹਾ ਹੈ।
ਗ਼ਦਰੀ ਬਾਬਿਆਂ ਨੇ ਸੰਪੂਰਨ ਆਜ਼ਾਦੀ, ਜਮਹੂਰੀਅਤ, ਧਰਮ-ਨਿਰਪੱਖਤਾ, ਜਾਤ-ਪਾਤ, ਫ਼ਿਰਕਾਪ੍ਰਸਤੀ ਦੇ ਕੋਹੜ ਤੋਂ ਮੁਕਤ, ਸਾਂਝੀਵਾਲਤਾ ਵਾਲੇ ਸਮਾਜ ਦੀ ਸਿਰਜਣਾ ਵਾਲੇ ਭਾਰਤ ਦੀ ਗੱਲ ਕੀਤੀ ਸੀ। ਉਨ੍ਹਾਂ ਦਾ ਨਿਸ਼ਾਨਾ ਕੁੱਲ ਦੁਨੀਆਂ ਦੀਆਂ ਗ਼ੁਲਾਮ ਕੌਮਾਂ ਦੀ ਆਜ਼ਾਦੀ, ਦੱਬੇ ਕੁਚਲੇ ਲੋਕਾਂ ਦੀ ਮੁਕਤੀ ਕਰਕੇ ਖ਼ੁਸ਼ੀਆਂ, ਖੇੜਿਆਂ ਭਰੇ ਸੰਸਾਰ ਦੀ ਸਿਰਜਣਾ ਵੱਲ ਵਧਣਾ ਸੀ।’’ ਅਮਰਜੀਤ ਸਿੰਘ ਢੁੱਡੀਕੇ ਨੇ ਬੋਲਦਿਆਂ ਭਰੇ ਮਨ ਨਾਲ ਕਿਹਾ ਸੀ, ‘‘ਸਾਡੇ ਹਾਕਮ ਗੁਆਂਢੀਆਂ ਨਾਲ ਆਢਾ ਲਾਈ ਰੱਖਦੇ ਹਨ। ਜਦੋਂਕਿ ਸਾਂਝੀ ਧਰਤੀ ਦੀ ਆਜ਼ਾਦੀ ਲਈ ਅਥਾਹ ਕੁਰਬਾਨੀਆਂ ਕਰਨ ਵਾਲੇ ਭਰਾਵਾਂ ਵਿੱਚ ਭਰਾ-ਮਾਰ ਜੰਗ ਭੜਕਾ ਕੇ 10 ਲੱਖ ਲੋਕਾਂ ਦੀਆਂ ਲੋਥਾਂ ਉਪਰ ਤਖ਼ਤ ਧਰ ਕੇ ਰਾਜ ਕਰਦੇ ਹੁਕਮਰਾਨ ਲੋਕਾਂ ਦੀ ਆਪਸੀ ਸਾਂਝ, ਸਾਂਝੀ ਵਿਰਾਸਤ ਦੇ ਸ਼ਾਨਾਮੱਤੇ ਇਤਿਹਾਸ ਉਪਰ ਪੋਚਾ ਫੇਰ ਰਹੇ ਹਨ।’’
ਆਪਣੇ ਸੰਬੋਧਨ ’ਚ ਉਨ੍ਹਾਂ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਘਟਨਾ, ਹੈਦਰਾਬਾਦ ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ, ਘੱਟਗਿਣਤੀ ਅਤੇ ਦਲਿਤ ਭਾਈਚਾਰਿਆਂ ਖਿਲਾਫ਼ ਨਫ਼ਰਤੀ ਮੁਹਿੰਮਾਂ, ਹਿੰਸਕ ਭੀੜਾਂ, ਬੁੱਧੀਜੀਵੀਆਂ ’ਤੇ ਹਮਲੇ ਦਾ ਜ਼ਿਕਰ ਕਰਦਿਆਂ ਗ਼ਦਰ ਲਹਿਰ ਦੇ ਸਮੂਹ ਵਾਰਸਾਂ ਨੂੰ ਇੱਕਜੁੱਟ ਹੋਕੇ ਲੋਕਾਂ ਨੂੰ ਚੇਤੰਨ, ਜਥੇਬੰਦ ਅਤੇ ਲੋਕ ਸੰਘਰਸ਼ ਲਈ ਸੂਝਵਾਨ ਕਰਨ ’ਤੇ ਜ਼ੋਰ ਦਿੱਤਾ।
ਅਮਰਜੀਤ ਦੇ ਦਾਦਾ ਜੀ ਗ਼ਦਰੀ ਸ਼ਹੀਦ ਢੁੱਡੀਕੇ ਆਰਥਿਕ ਤੰਗੀਆਂ ਕਾਰਨ 1907 ਵਿੱਚ ਰੋਟੀ ਰੋਜ਼ੀ ਖ਼ਾਤਰ ਵੈਨਕੂਵਰ (ਕੈਨੇਡਾ) ਗਏ। ਦੋ ਭਰਾਵਾਂ ਦੀ ਮੌਤ ਕਾਰਨ 1911 ਵਿਚ ਹਿੰਦੋਸਤਾਨ ਪਰਤੇ। ਉਹ 1912 ਵਿਚ ਫਿਰ ਕੈਨੇਡਾ ਗਏ। ਗ਼ਦਰ ਪਾਰਟੀ ਦੀ ਬੁਨਿਆਦ ਰੱਖਣ ਵੇਲੇ 1913 ’ਚ ਗ਼ਦਰ ਪਾਰਟੀ ’ਚ ਸ਼ਾਮਲ ਹੋ ਗਏ। ਉਹ 1914 ਵਿਚ ਫਰਾਂਸਿਸੀ ਜਹਾਜ਼ ਰਾਹੀਂ ਮੁਲਕ ਦੇ ਆਜ਼ਾਦੀ ਸੰਗਰਾਮ ’ਚ ਕੁੱਦਣ ਲਈ ਵਤਨ ਪਰਤੇ। ਉਨ੍ਹਾਂ ਨੇ ਬੇਮਿਸਾਲ ਸਰਗਰਮੀਆਂ ਕੀਤੀਆਂ। ਉਨ੍ਹਾਂ ਸਮੇਤ ਉੱਤਮ ਸਿੰਘ ਹਾਂਸ ਕਲਾਂ, ਰੂੜ ਸਿੰਘ ਤਲਵੰਡੀ ਭੰਗੇਰੀਆਂ, ਰੰਗਾ ਸਿੰਘ ਖੁਰਦਪੁਰ ਅਤੇ ਬੀਰ ਸਿੰਘ ਬਾਹੋਵਾਲ ਸਮੇਤ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ 18 ਜੂਨ 1916 ਨੂੰ ਲਾਹੌਰ ਕੇਂਦਰੀ ਜੇਲ੍ਹ ਵਿਚ ਫਾਂਸੀ ਚਾੜ੍ਹੇ ਗਏ।
ਅਮਰਜੀਤ ਦੇ ਮਾਪਿਆਂ ਦੇ ਘਰ ਅੰਤਾਂ ਦੀ ਆਰਥਿਕ ਤੰਗੀ ਛਾ ਗਈ। ਉਨ੍ਹਾਂ ਦੀਆਂ ਵੱਡੀਆਂ ਭੈਣਾਂ ਦੀ ਸ਼ਾਦੀ ਵੀ ਬਹੁਤ ਮੁਸ਼ਕਲ ਹਾਲਾਤ ਵਿਚ ਹੋਈ। ਚੂਹੜਚੱਕ ਸਕੂਲ ’ਚ ਪੜ੍ਹੇ। ਉਹ ਅਜੇ 18 ਵਰ੍ਹਿਆਂ ਦਾ ਸੀ ਜਦੋਂ ਵਿਸ਼ੇਸ਼ ਇਮਤਿਹਾਨ ਪਾਸ ਕਰ ਕੇ ਜੰਮੂ ਡਾਕਘਰ ’ਚ ਨੌਕਰੀ ਮਿਲੀ। ਨੌਕਰੀ ਸਮੇਂ ਵੀ ਪੜ੍ਹਦਾ ਰਿਹਾ। ਹਲਵਾਰਾ ਅਤੇ ਜਗਰਾਓਂ ਡਾਕਘਰ ਨੌਕਰੀ ਸਮੇਂ ਡਾਕ-ਤਾਰ ਕਾਮਿਆਂ ਦੀ ਜਥੇਬੰਦੀ ’ਚ ਸਰਗਰਮ ਰਹੇ। 2003 ਵਿਚ ਸੇਵਾਮੁਕਤ ਹੋ ਕੇ ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਿਚ ਪਹਿਲਾਂ ਨਾਲੋਂ ਵੀ ਵੱਧ ਯੋਗਦਾਨ ਪਾਉਣ ਲੱਗੇ। ਗ਼ਦਰੀ ਬਾਬੇ ਦੇਸ਼ ਭਗਤ ਯਾਦਗਾਰ ਕਮੇਟੀ ਢੁੱਡੀਕੇ ਦੀ ਸਥਾਪਨਾ ਕੀਤੀ। ਦੌਧਰ ਵੱਲ ਸੂਏ ’ਤੇ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਗ਼ਦਰੀ ਦੇਸ਼ ਭਗਤ ਮੀਟਿੰਗਾਂ ਕਰਦੇ ਸਨ, ਉੱਥੇ ਗ਼ਦਰੀ ਯਾਦਗਾਰ ਦੀ ਉਸਾਰੀ ਕੀਤੀ। ਪਿੰਡ ਵਿਚ ਗ਼ਦਰੀ ਦੇਸ਼ ਭਗਤਾਂ ਦਾ ਮੇਲਾ ਲਾਉਣ ਲੱਗੇ। ਗ਼ਦਰੀਆਂ ਦੀਆਂ ਇਤਿਹਾਸਕ ਯਾਦਾਂ ਸਾਂਭਣ ਲਈ ਯਾਦਗਾਰ ਉਸਾਰਨ ਸਮੇਤ ਵਿਚਾਰ-ਚਰਚਾਵਾਂ ਦਾ ਵੀ ਸਿਲਸਿਲਾ ਆਰੰਭ ਕੀਤਾ।
ਗੁਜਰਾਤ ਵਿਚ ਆਏ ਭਿਆਨਕ ਭੁਚਾਲ ਮੌਕੇ ਪਿੰਡ ਦੇ ਘਰ-ਘਰ ਜਾ ਕੇ ਰਾਹਤ ਸਮੱਗਰੀ ਇਕੱਠੀ ਕੀਤੀ ਜੋ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਗੁਜਰਾਤ ਵਿਖੇ ਭੁਚਾਲ ਪੀੜਤਾਂ ਦੀ ਸਹਾਇਤਾ ਲਈ ਭੇਜੀ ਗਈ। ਦਿੱਲੀ ਕਿਸਾਨ ਅੰਦੋਲਨ ਨਾਲ ਜੁੜੇ ਰਹੇ। ਉਹ ਕੁਝ ਦਿਨ ਪਹਿਲਾਂ ਹੀ ਮਾੜੀ ਸਿਹਤ ਦੇ ਬਾਵਜੂਦ ਚੂਹੜਚੱਕ ਵਿਖੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਿਜਦਾ ਕਰਨ ਅਤੇ ਮੋਰਚਾ ਫ਼ਤਹਿ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਮਾਗਮ ’ਚ ਸ਼ਾਮਲ ਹੋਏ।
ਅੱਜ ਉਹ ਭਾਵੇਂ ਸਾਡੇ ਦਰਮਿਆਨ ਨਹੀਂ ਰਹੇ, ਪਰ ਉਨ੍ਹਾਂ ਦਾ ਜੀਵਨ ਸਾਡੇ ਲਈ ਰੌਸ਼ਨ ਪੈੜਾਂ ਛੱਡ ਗਿਆ।
ਸੰਪਰਕ: 98778-68710