ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਜੂਨ
ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਰਾਜਸਥਾਨ ਦੇ ਉਦੈਪੁਰ ਵਿੱਚ ਕੀਤੀ ਵਰਕਸ਼ਾਪ ਦੇ ਫ਼ੈਸਲਿਆਂ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਲਈ ਚੰਡੀਗੜ੍ਹ ਕਾਂਗਰਸ ਵੱਲੋਂ ਅੱਜ ਇਥੇ ਦੋ ਦਿਨਾਂ ਦੀ ਵਰਕਸ਼ਾਪ ਸ਼ੁਰੂ ਕੀਤੀ ਗਈ ਹੈ। ਵਰਕਸ਼ਾਪ ਵਿੱਚ ਪਾਰਟੀ ਦੇ 250 ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਕੌਮੀ ਖਜ਼ਾਨਚੀ ਪਵਨ ਕੁਮਾਰ ਬਾਂਸਲ ਅਤੇ ਕੌਮੀ ਸਕੱਤਰ ਹਰੀਸ਼ ਚੌਧਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਨੇ ਕਾਂਗਰਸੀ ਆਗੂਆਂ ਨੂੰ ਉਦੈਪੁਰ ਵਰਕਸ਼ਾਪ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਬਹੁਤ ਘੱਟ ਸੀਟਾਂ ਮਿਲਣਾ ਅਤੇ ਭਵਿੱਖ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਰਣਨੀਤੀ ਤਿਆਰ ਕੀਤੀ ਗਈ।
ਪਾਰਟੀ ਦੇ ਸੀਨੀਅਰ ਆਗੂਆਂ ਪਵਨ ਕੁਮਾਰ ਬਾਂਸਲ ਅਤੇ ਹਰੀਸ਼ ਚੌਧਰੀ ਨੇ ਚੰਡੀਗੜ੍ਹ ਕਾਂਗਰਸ ਦੇ ਅਹੁਦੇਦਾਰਾਂ ਨੂੰ ਸ਼ਹਿਰ ਵਿੱਚ ਬੂਥ ਪੱਧਰ ਤੱਕ ਨਿੱਤ ਮੀਟਿੰਗਾਂ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵਿੱਚ ਸਮਾਜ ਸੇਵੀ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਸ਼ਾਮਲ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਹੀ ਸ਼ਹਿਰ ਨੂੰ ਸਿਟੀ ਬਿਊਟੀਫੁੱਲ ਦਾ ਖਿਤਾਬ ਮਿਲਿਆ ਸੀ। ਇਸੇ ਕਰਕੇ ਲੋਕ ਹਾਲੇ ਵੀ ਕਾਂਗਰਸ ਪਾਰਟੀ ’ਤੇ ਵੱਡੀਆਂ ਉਮੀਦਾਂ ਲਗਾ ਕੇ ਬੈਠੇ ਹਨ।