ਰਾਕੇਸ਼ ਸੈਣੀ
ਨੰਗਲ, 4 ਦਸੰਬਰ
ਨੰਗਲ-ਊਨਾ ਮੁੱਖ ਮਾਰਗ ’ਤੇ ਟਰੱਕ ਯੂਨੀਅਨ ਚੌਂਕ ਦੇ ਨਜ਼ਦੀਕ ਫਲਾਈਓਵਰ ਦੇ ਨਾਲ ਬਣਨ ਵਾਲੇ ਅੰਡਰਪਾਸ ਦਾ ਅੱਜ ਸੈਂਕੜੇ ਦੁਕਾਨਦਾਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਲਗਭਗ ਅੱਧਾ ਘੰਟਾ ਹਾਈਵੇਅ ’ਤੇ ਜਾਮ ਲਾਇਆ। ਇਸ ਮੌਕੇ ਸਮੂਹ ਦੁਕਾਨਦਾਰਾਂ ਨੇ ਕੇਂਦਰ ਸਰਕਾਰ ਅਤੇ ਰੇਲ ਵਿਭਾਗ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਨਿਤਿਨ ਸਿੰਧਵਾਨੀ, ਵਰੁਣ ਦੀਵਾਨ, ਭੁਪਿੰਦਰ ਸੈਣੀ, ਰਾਕੇਸ਼ ਜੈਨ, ਸੁਧੀਰ ਅਨੰਦ, ਹਨੀ ਲੂੰਬਾ ਨੇ ਇਸ ਮੌਕੇ ਕਿਹਾ ਕਿ ਇਸ ਅੰਡਰਪਾਸ ਦੇ ਨਿਰਮਾਣ ਨਾਲ ਇਲਾਕੇ ਦਾ ਉਜਾੜਾ ਹੋ ਜਾਵੇਗਾ ਤੇ ਇਸ ਦਾ ਅਸਰ 1200 ਲੋਕਾਂ ’ਤੇ ਪਵੇਗਾ। ਦੁਕਾਨਦਾਰਾਂ ਨੇ ਕਿਹਾ ਕਿ ਨੰਗਲ ਵਿਚ ਫਲਾਈਓਵਰ ਦੇ ਬਣਨ ਨਾਲ ਸ਼ਹਿਰ ਵਿਚ ਬਹੁਤ ਜ਼ਿਆਦਾ ਆਵਾਜਾਈ ਘੱਟ ਜਾਵੇਗੀ। ਇਸ ਕਾਰਨ ਸ਼ਹਿਰ ਨੂੰ ਇਸ ਅੰਡਰਪਾਸ ਦੀ ਕੋਈ ਵੀ ਜ਼ਰੂਰਤ ਨਹੀਂ ਮਹਿਸੂਸ ਹੋਵੇਗੀ। ਦੂਕਾਨਦਾਰਾਂ ਨੇ ਕਿਹਾ ਕਿ ਜੇਕਰ ਫੇਰ ਵੀ ਅੰਡਰਪਾਸ ਬਣਾਉਣਾ ਹੈ ਤਾਂ ਇਸ ਦੀ ਡਰਾਇੰਗ ਨੂੰ ਬਦਲਿਆ ਜਾਵੇ। ਨੰਗਲ ਭਾਜਪਾ ਨੇ ਵੀ ਦੁਕਾਨਦਾਰਾਂ ਦੀ ਹਮਾਇਤ ਕੀਤੀ।