ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 17 ਜੁਲਾਈ
ਪੁਲੀਸ ਵਿਭਾਗ ਦੇ ਐਂਟੀ ਵਹੀਕਲ ਥੈਫਟ ਸੈੱਲ ਨੇ ਸਬ-ਇੰਸਪੈਕਟਰ ਵਰਿੰਦਰ ਵਾਲੀਆ ਦੀ ਅਗਵਾਈ ਹੇਠ ਵਿਜੈ ਵਾਸੀ ਫਰਕਪੁਰ ਜ਼ਿਲ੍ਹਾ ਯਮੁਨਾਨਗਰ ਅਤੇ ਮਸਤਾਨ ਸ਼ਾਹ ਵਾਸੀ ਮੁਸਤਫ਼ਾਬਾਦ ਜ਼ਿਲ੍ਹਾ ਯਮੁਨਾਨਗਰ ਨੂੰ 100-100 ਰੁਪਏ ਦੇ 55 ਬੰਡਲਾਂ ਸਮੇਤ ਕਾਬੂ ਕੀਤਾ ਹੈ। ਉਹ ਲੋਕਾਂ ਨੂੰ ਪੈਸੇ ਤਿੰਨ ਗੁਣਾ ਕਰਨ ਦਾ ਝਾਂਸਾ ਦੇ ਕੇ ਠੱਗਦੇ ਸਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਬੀਤੇ ਦਿਨ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਲੋਕਾਂ ਨੂੰ ਪੈਸੇ ਤਿੰਨ ਗੁਣਾ ਕਰਨ ਦਾ ਝਾਂਸਾ ਦੇ ਕੇ ਨੋਟਾਂ ਦੇ ਬੰਡਲ ਦੇ ਉੱਪਰ ਅਤੇ ਥੱਲੇ 100-100 ਰੁਪਏ ਦੇ ਅਸਲੀ ਨੋਟ ਲਾ ਕੇ ਬੰਡਲ ਦੇ ਵਿਚਕਾਰ ਨੋਟਾਂ ਦੇ ਸਾਈਜ਼ ਦੇ ਕੱਟੇ ਹੋਏ ਸਫ਼ੇਦ ਕਾਗ਼ਜ਼ ਦੇ ਟੁਕੜੇ ਪਾ ਕੇ ਠੱਗਦੇ ਹਨ। ਇਸ ’ਤੇ ਪੁਲੀਸ ਟੀਮ ਨੇ ਦੁਖੇੜੀ ਪਿੰਡ ਨੇੜੇ ਨਾਕਾਬੰਦੀ ਕਰ ਕੇ ਮੁਲਜ਼ਮਾਂ ਦੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿੱਚੋਂ 55 ਬੰਡਲ 100-100 ਰੁਪਏ ਦੇ ਨੋਟਾਂ ਦੇ, ਕਾਗ਼ਜ਼ ਦੇ ਟੁਕੜੇ ਅਤੇ ਗੱਡੀ ਦੀ ਨੰਬਰ ਪਲੇਟ ਮਿਲੀ। ਮੁਲਜ਼ਮਾਂ ਨੇ ਦੱਸਿਆ ਕਿ ਉਹ ਜਾਅਲੀ ਨੰਬਰ ਪਲੇਟ ਲਾ ਕੇ ਠੱਗੀ ਦੇ ਕੰਮ ਨੂੰ ਅੰਜਾਮ ਦਿੰਦੇ ਸਨ।
ਲੱਖਾਂ ਠੱਗਣ ਵਾਲੇ ਦੋ ਅਖੌਤੀ ਬਾਬਿਆਂ ਖ਼ਿਲਾਫ਼ ਕੇਸ ਦਰਜ
ਜ਼ੀਰਕਪੁਰ ( ਹਰਜੀਤ ਸਿੰਘ): ਢਕੋਲੀ ਪੁਲੀਸ ਨੇ ਇੱਕ ਬਿਮਾਰ ਔਰਤ ਨੂੰ ਜਾਦੂ ਟੂਣੇ ਰਾਹੀਂ ਠੀਕ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਪਾਖੰਡੀ ਬਾਬਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਕੇਸ ਪੀੜਤ ਔਰਤ ਦੇ ਜਵਾਈ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਲਾਮੂਦੀਨ ਵਾਸੀ ਸਰਸਵਤੀ ਵਿਹਾਰ ਢਕੋਲੀ ਨੇ ਦੱਸਿਆ ਕਿ ਉਸ ਦੀ ਸੱਸ ਲੰਮੇ ਸਮੇ ਤੋਂ ਬਿਮਾਰ ਹੈ। ਕੁਝ ਮਹੀਨੇ ਪਹਿਲਾਂ ਉਸ ਦੀ ਸੱਸ ਨੂੰ ਬਾਬਾ ਸ਼ਕੀਬ ਅਤੇ ਦਿਲਸ਼ਾਦ ਮਿਲੇ ਤੇ ਭਰਸਾ ਦਿਵਾਇਆ ਕਿ ਉਹ ਉਸ ਨੂੰ ਜਾਦੂ ਟੂਣਿਆਂ ਰਾਹੀਂ ਠੀਕ ਕਰ ਦੇਣਗੇ। ਪਾਠ ਪੂਜਾ ਦਾ ਝਾਂਸਾ ਦੇ ਕੇ ਉਨ੍ਹਾਂ ਨੇ ਉਸ ਦੀ ਸੱਸ ਤੋਂ ਤਕਰੀਬਨ ਦਸ ਲੱਖ ਨਕਦ ਅਤੇ ਦਸ ਤੋਲੇ ਸੋਨਾ ਠੱਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸੱਸ ਨੂੰ ਕੋਈ ਫ਼ਰਕ ਨਾ ਪਿਆ, ਜਿਸ ਮਗਰੋਂ ਦੋਵੇਂ ਜਣੇ ਕਿਰਾਏ ਦਾ ਘਰ ਛੱਡ ਕੇ ਫ਼ਰਾਰ ਹੋ ਗਏ। ਮਾਮਲੇ ਦੇ ਜਾਂਚ ਅਫ਼ਸਰ ਏਐੱਸਆਈ ਰਮੇਸ਼ ਲਾਲ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।