ਪੱਤਰ ਪ੍ਰੇਰਕ
ਲਾਲੜੂ, 22 ਅਕਤੂਬਰ
ਇਥੋਂ ਨਜ਼ਦੀਕੀ ਪਿੰਡ ਹਮਾਯੂੰਪੁਰ ਅਤੇ ਤਸਿੰਬਲੀ ਦੀਆਂ ਗ੍ਰਾਮ ਪੰਚਾਇਤਾਂ ਵਿਚਕਾਰ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਖਾਮਿਆਜ਼ਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਸਿੰਬਲੀ ਦੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਸਕੂਲ ਦਾ ਖੇਡ ਮੈਦਾਨ ਗੰਦੇ ਪਾਣੀ ਦਾ ਛੱਪੜ ਬਣਿਆ ਹੋਇਆ ਹੈ।
ਤਸਿੰਬਲੀ ਵਾਸੀਆਂ ਨੇ ਦੱਸਿਆ ਕਿ ਸਕੂਲ ਵਿੱਚ ਲਗਭਗ 250 ਵਿਦਿਆਰਥੀ ਪੜ੍ਹਦੇ ਹਨ, ਜਿਥੇ ਗੰਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਮਹਾਮਾਰੀ ਫੈਲਣ ਦਾ ਡਰ ਹੈ ਅਤੇ ਪਿਛਲੇ ਦਿਨੀ ਗੰਦੇ ਪਾਣੀ ਦੇ ਛੱਪੜ ਵਿੱਚ ਡੁੱਬਣ ਕਾਰਨ ਇਕ ਬੱਚੇ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਹਮਾਯੂੰਪੁਰ ਦਾ ਗੰਦਾ ਪਾਣੀ ਸਕੂਲ ਦੇ ਮੈਦਾਨ ਵਿੱਚ ਜਮਾਂ ਹੋ ਗਿਆ ਹੈ। ਇਸ ਬਾਰੇ ਗੱਲ ਕਰਨ ’ਤੇ ਹਮਾਯੂੰਪੁਰ ਦੀ ਪੰਚਾਇਤ ਝਗੜਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ‘ਆਪ’ ਆਗੂ ਸੁਖਦੇਵ ਚੌਧਰੀ ਨੇ ਕਿਹਾ ਕਿ ਉਕਤ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਮਸਲੇ ਦਾ ਪੱਕਾ ਹੱਲ ਕੀਤਾ ਜਾਵੇਗਾ। ਸਕੂਲ ਪ੍ਰਿੰਸੀਪਲ ਜਰਨੈਲ ਸਿੰਘ ਨੇ ਕਿਹਾ ਕਿ ਚਾਰਦੀਵਾਰੀ ਦੇ ਨਾਲ ਲੰਘਦੇ ਗੰਦੇ ਨਾਲੇ ਦਾ ਪਾਣੀ ਖੇਡ ਮੈਦਾਨ ਵਿੱਚ ਭਰਨ ਕਰਕੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ, ਜਿਸ ਦੇ ਹੱਲ ਲਈ ਸਲੈਬਾਂ ਜਾਂ ਪਾਈਪ ਪਾਉਣ ਦੀ ਲੋੜ ਹੈ।