ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 6 ਅਗਸਤ
ਪਿੰਡ ਸੇਖਨਮਾਜਰਾ ਵਿੱਚ ਮਨਜੀਤ ਸਿੰਘ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਧੋਖੇ ਨਾਲ ਜ਼ਮੀਨ ਹਥਿਆਉਣ ਦੇ ਦੋਸ਼ ਵਿੱਚ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਮੁਹਾਲੀ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਜੀਤ ਸਿੰਘ ਵਾਸੀ ਪਿੰਡ ਛੱਤ ਅਤੇ ਮਲਕੀਤ ਸਿੰਘ ਵਾਸੀ ਪਿੰਡ ਸੇਖਨ ਮਾਜਰਾ ਨੇ ਕਿਹਾ ਕਿ ਉਨ੍ਹਾਂ ਦੇ ਚਾਚਾ ਮੇਵਾ ਸਿੰਘ ਵਾਸੀ ਪਿੰਡ ਸੇਖਨਮਾਜਰਾ ਦੇ ਹਿੱਸੇ 20 ਕਨਾਲ ਵਿਰਾਸਤੀ ਜ਼ਮੀਨ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਮੇਵਾ ਸਿੰਘ ਦਾ ਅਨਪੜ੍ਹ ਹੋਣ ਦਾ ਫਾਇਦਾ ਚੁੱਕਦਿਆਂ ਸਾਰੀ ਜ਼ਮੀਨ ਦੀ ਰਜਿਸਟਰੀ ਧੋਖੇ ਨਾਲ ਬਿਨਾਂ ਕੋਈ ਪੇਮੈਂਟ ਕੀਤਿਆਂ ਆਪਣੇ ਨਾਮ ਕਰਵਾ ਲਈ ਹੈ। ਉਂਜ ਖਾਨਾਪੂਰਤੀ ਲਈ ਉਨ੍ਹਾਂ ਨੇ ਕਾਗਜ਼ਾਂ ਵਿੱਚ 1 ਕਰੋੜ 88 ਲੱਖ ਰੁਪਏ ਵਿੱਚ ਸੌਦਾ ਤੈਅ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਦੋਂਕਿ ਜ਼ਮੀਨ ਦੀ ਕੁੱਲ ਕੀਮਤ ਕਰੀਬ 7.5 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਮਹਿਲਾ ਰਿਸ਼ਤੇਦਾਰ ਨੇ ਇਹ ਜ਼ਮੀਨ 8 ਸਤੰਬਰ 2021 ਅਤੇ 4 ਅਕਤੂਬਰ 2021 ਨੂੰ ਨੰਬਰਦਾਰ ਨਾਲ ਕਥਿਤ ਮਿਲੀਭੁਗਤ ਕਰਕੇ ਅੱਗੇ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤੀ ਹੈ, ਜਦੋਂਕਿ ਉਨ੍ਹਾਂ ਦੇ ਚਾਚਾ ਮੇਵਾ ਸਿੰਘ ਦੀ 2019 ਵਿੱਚ ਮੌਤ ਹੋ ਚੁੱਕੀ ਹੈ। ਇਸ ਸਬੰਧੀ ਸੋਹਾਣਾ ਥਾਣੇ ਵਿੱਚ ਮੁਲਜ਼ਮਾਂ ਖ਼ਿਲਾਫ਼ 25 ਫਰਵਰੀ 2022 ਨੂੰ ਕੇਸ ਦਰਜ ਕੀਤਾ ਗਿਆ ਸੀ ਪਰ ਹੁਣ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਉਨ੍ਹਾਂ ’ਤੇ ਕੇਸ ਵਾਪਸ ਲੈਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ, ਡੀਜੀਪੀ ਅਤੇ ਐੱਸਐੱਸਪੀ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੁਹਾਰ ਲਗਾਈ ਹੈ।
ਕੀ ਕਹਿੰਦੇ ਨੇ ਐੱਸਐੱਚਓ ਸੋਹਾਣਾ
ਸੋਹਾਣਾ ਥਾਣਾ ਦੇ ਐੱਸਐੱਚਓ ਇੰਸਪੈਕਟਰ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜ਼ਿਲ੍ਹਾ ਪੁਲੀਸ ਦੇ ਈਓ ਵਿੰਗ ਵੱਲੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਇਸ ਸਮੇਂ ਉਨ੍ਹਾਂ ਕੋਲ ਮੌਜੂਦਾ ਸਟੇਟਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਇਸ ਸਬੰਧੀ ਈਓ ਵਿੰਗ ਦੇ ਸਬੰਧਤ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਸੰਪਰਕ ਨਹੀਂ ਹੋ ਸਕਿਆ।