ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਮਈ
ਇਥੋਂ ਦੇ ਵਿਵੇਕ ਹਾਈ ਸਕੂਲ ਸੈਕਟਰ-38 ਵਿੱਚ ਸਕੂਲ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਆਵਾਜਾਈ ਦੇ ਨਿਯਮਾਂ ਦਾ ਪਾਠ ਪੜ੍ਹਾਇਆ ਗਿਆ। ਇਸ ਮੌਕੇ ਚੰਡੀਗੜ੍ਹ ਟਰੈਫਿਕ ਪੁਲੀਸ ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ, ਏਐਸਆਈ ਰਾਜੇਂਦਰ ਸਿੰਘ, ਹੈਡ ਕਾਂਸਟੇਬਲ ਜਗਰੂਪ ਸਿੰਘ, ਰਾਜੀਵ ਤੇ ਵਾਲੰਟੀਅਰ ਸੰਬਰ ਸਿੰਘ ਨੇ ਬੱਸ ਡਰਾਈਵਰਾਂ ਨੂੰ ਲਾਲ ਬੱਤੀ ਦੀ ਉਲੰਘਣਾ ਨਾ ਕਰਨ, ਬੱਸ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਤੇ ਹੋਰ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹਾਦਸੇ ਵੇਲੇ ਵੀ ਕਈ ਵੀਡੀਓਜ਼ ਵੀ ਸ਼ੇਅਰ ਕੀਤੀਆਂ ਜਿਸ ਰਾਹੀਂ ਦਿਖਾਇਆ ਗਿਆ ਕਿ ਜੇ ਕੋਈ ਆਵਾਜਾਈ ਨਿਯਮਾਂ ਨੂੰ ਨਹੀਂ ਤੋੜਦਾ ਤਾਂ ਅਜਿਹੇ ਹਾਦਸੇ ਰੁਕ ਸਕਦੇ ਹਨ। ਉਨ੍ਹਾਂ ਬੱਸ ਚਾਲਕਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਣ ਲਈ ਪ੍ਰੇਰਿਤ ਕੀਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਦੇਖਣ ਵਿਚ ਆਉਂਦਾ ਹੈ ਕਿ ਲੇਨ ਸਿਸਟਮ ਦੀ ਕੋਈ ਪ੍ਰਵਾਹ ਨਹੀਂ ਕਰਦਾ ਪਰ ਚੰਡੀਗੜ੍ਹ ਵਿਚ ਅਜਿਹਾ ਕਰਨ ’ਤੇ ਭਾਰੀ ਜੁਰਮਾਨਾ ਲਾਇਆ ਜਾਂਦਾ ਹੈ। ਉਨ੍ਹਾਂ ਡਰਾਈਵਰਾਂ ਨੂੰ ਆਪਣੀ ਲੇਨ ਵਿਚ ਹੀ ਬੱਸ ਚਲਾਉਣ ਲਈ ਕਿਹਾ। ਇਸ ਮੌਕੇ 60 ਦੇ ਕਰੀਬ ਸਕੂਲ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਮੌਜੂਦ ਸਨ। ਇਸ ਮੌਕੇ ਆਵਾਜਾਈ ਦੇ ਨਿਯਮਾਂ ਦੇ ਪਰਚੇ ਵੀ ਵੰਡੇ ਗਏ।
ਕੈਪਸ਼ਨ: ਸਕੂਲ ਵਿੱਚ ਬੱਸ ਚਾਲਕਾਂ ਨੂੰ ਜਾਗਰੂਕ ਕਰਦੇ ਹੋਏ ਪੁਲੀਸ ਅਧਿਕਾਰੀ।