ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੁਲਾਈ
ਇਥੇ ਈਡਬਲਿਊਐੱਸ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਮੰਗ ਨੂੰ ਮੰਨਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਾਪਰਟੀ ਟੈਕਸ ਵਿੱਚ 50 ਫ਼ੀਸਦ ਤੱਕ ਛੋਟ ਦਿੱਤੀ ਹੈ। ਇਸੇ ਦੌਰਾਨ ਬਕਾਇਆ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਦਾ ਜੁਰਮਾਨਾ ਵੀ ਮੁਆਫ਼ ਕਰ ਦਿੱਤਾ ਗਿਆ ਹੈ।
ਯੂਟੀ ਪ੍ਰਸ਼ਾਸਨ ਨੇ ਪ੍ਰਾਪਰਟੀ ਟੈਕਸ ਵਿੱਚ ਛੋਟ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਸ਼ਹਿਰ ਵਿਚਲੀ 500 ਵਰਗ ਫੁੱਟ ਤੋਂ ਵੱਧ ਖੇਤਰ ਵਾਲੀਆਂ ਈਡਬਲਿਊਐੱਸ ਕਲੋਨੀਆਂ ਦੇ ਵਸਨੀਕਾਂ ਲਈ ਪ੍ਰਾਪਰਟੀ ਟੈਕਸ ਭਰਨ ਲਈ ਇਕ ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਹੈ। ਹੁਣ ਈਡਬਲਿਊਐੱਸ ਕਲੋਨੀਆਂ ਦੇ ਲੋਕ 31 ਅਗਸਤ 2022 ਤੱਕ ਪ੍ਰਾਪਰਟੀ ਟੈਕਸ ਭਰ ਸਕਣਗੇ ਜਦੋਂਕਿ ਪਹਿਲਾਂ 31 ਜੁਲਾਈ 2022 ਆਖਰੀ ਤਰੀਕ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ 500 ਵਰਗ ਫੁੱਟ ਤੋਂ ਵੱਧ ਖੇਤਰ ਵਾਲੀ ਈਡਬਲਿਊਐੱਸ ਕਲੋਨੀਆਂ ਦੇ ਸਾਲ 2019-20 ਅਤੇ 2020-21 ਦੇ ਪ੍ਰਾਪਰਟੀ ਟੈਕਸ ਵਿੱਚ 50 ਫ਼ੀਸਦ ਦੀ ਛੋਟ ਦਿੱਤੀ ਗਈ ਹੈ ਜਦੋਂ ਕਿ ਸਾਲ 2019-20, 2020-21 ਅਤੇ 2021-22 ਦਾ ਜੁਰਮਾਨਾ ਮੁਆਫ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਸਾਲ 2004-05 ਤੋਂ ਹੁਣ ਤੱਕ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ, ਉਹ ਵੀ ਬਿਨਾਂ ਕਿਸੇ ਜੁਰਮਾਨੇ ਅਤੇ ਵਿਆਜ ਤੋਂ ਇਕ ਸਾਲ ਦੇ ਸਮੇਂ ਦੌਰਾਨ ਚਾਰ ਕਿਸ਼ਤਾਂ ਵਿੱਚ ਰਾਸ਼ੀ ਜਮ੍ਹਾਂ ਕਰਵਾ ਸਕਦੇ ਹਨ।