ਪੱਤਰ ਪ੍ਰੇਰਕ
ਪੰਚਕੂਲਾ, 21 ਅਗਸਤ
ਮੋਰਨੀ ਇਲਾਕੇ ਵਿੱਚ ਬੱਚੇ ਅੱਠ ਤੋਂ ਦਸ ਕਿਲੋਮੀਟਰ ਪੈਦਲ ਸਕੂਲ ਜਾਣ ਲਈ ਮਜਬੂਰ ਹਨ। ਬੱਚੇ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਕਾਰਨ ਵੇਹਲੇ ਬੈਠ ਕੇ ਵਾਪਸ ਘਰ ਪਰਤ ਆਉਂਦੇ ਹਨ। ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੇ ਮਾਪਿਆਂ ਨੇ ਮੋਰਨੀ ਦੇ ਪਿੰਡ ਠੰਡੋਗ ਅਤੇ ਪਿੰਡ ਮਾਧਨਾਂ ਵਿੱਚ ਰੋਸ ਮੁਜ਼ਾਹਰਾ ਕੀਤਾ। ਮਾਪਿਆਂ ਨੇ ਦੱਸਿਆ ਕਿ ਬੱਚੇ ਪਿੰਡ ਠੰਡੋਗ ਅਤੇ ਮਾਧਨਾਂ ਦੇ ਸਰਕਾਰੀ ਸਕੂਲਾਂ ਵਿੱਚ ਜੰਗਲ ਪਾਰ ਕਰਕੇ ਪਹੁੰਚੇ ਹਨ ਪਰ ਅਧਿਆਪਕਾਂ ਦੀ ਘਾਟ ਕਾਰਨ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੁੰਦੀ। ਬਲਦੇਵ ਸਿੰਘ ਰਾਣਾ, ਭੀਮ ਸਿੰਘ ਤੇ ਧਰਮਪਾਲ ਦੇ ਅਨੁਸਾਰ ਇਨ੍ਹਾਂ ਸਕੂਲਾ ਵਿੱਚ 200 ਤੋਂ 250 ਬੱਚੇ ਪੜ੍ਹਦੇ ਹਨ ਪਰ ਪੀਜੀਟੀ ਹਿਸਟਰੀ, ਪੀਜੀਟੀ ਸੰਸਕ੍ਰਿਤ, ਪੀਜੀਟੀ ਕੰਪਿਊਟਰ ਸਾਇੰਸ, ਡੀਪੀ ਅਤੇ ਕਲਾ ਅਧਿਆਪਕ ਦੇ ਨਾਲ ਨਾਲ ਕਲਰਕ ਅਤੇ ਚੌਥੇ ਦਰਜੇ ਦੇ ਮੁਲਾਜ਼ਮ ਦੀਆਂ ਅਸਾਮੀਆਂ ਖਾਲੀ ਹਨ, ਜਿਸ ਕਾਰਨ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੋ ਰਹੀ। ਬੱਚਿਆਂ ਦੇ ਮਾਪਿਆਂ ਨੇ ਪਿੰਡ ਠੰਡੋਗ ਵਿੱਚ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਇਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਅਤੇ ਕਲੈਰੀਕਲ ਸਟਾਫ ਦੀਆਂ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ।