ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਦਸੰਬਰ
ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਸੈਸ਼ਨ 2021-22 ਲਈ ਐਂਟਰੀ ਲੈਵਲ ਜਮਾਤਾਂ ਦੀਆਂ ਸੀਟਾਂ ਆਮ ਵਰਗ ਲਈ ਸੀਮਤ ਹੋਣ ਕਾਰਨ ਆਪਣੇ ਬੱਚੇ ਨੂੰ ਦਾਖਲਾ ਦਿਵਾਉਣ ਦੇ ਚਾਹਵਾਨ ਫਿਕਰਮੰਦ ਹਨ। ਸ਼ਹਿਰ ਦੇ ਮੋਹਰੀ ਸਕੂਲਾਂ ਵਿਚ ਜਨਵਰੀ ਦੇ ਮੱਧ ਤੋਂ ਡਰਾਅ ਸ਼ੁਰੂ ਹੋ ਜਾਣਗੇ। ਇਥੋਂ ਦੇ ਕਾਨਵੈਂਟ ਸਕੂਲਾਂ ਵਲੋਂ ਜ਼ਿਆਦਾਤਰ ਸੀਟਾਂ ਮੈਨੇਜਮੈਂਟ ਕੋਟਾ, ਕ੍ਰਿਸਚੀਅਨ ਕੋਟਾ ਤੇ ਹੋਰਾਂ ਲਈ ਰੱਖਣ ਕਾਰਨ ਆਮ ਵਰਗ ਨੂੰ ਕਿਸਮਤ ਅਜ਼ਮਾਉਣੀ ਪਵੇਗੀ। ਚਾਰ ਕਾਨਵੈਂਟ ਸਕੂਲਾਂ ਕਾਰਮਲ ਕਾਨਵੈਂਟ ਸੈਕਟਰ-9, ਸੇਂਟ ਜੌਹਨਜ਼ ਸੈਕਟਰ-26, ਸੇਕਰਡ ਹਾਰਟ ਸੈਕਟਰ-26 ਤੇ ਸੇਂਟ ਐਨੀਜ਼ ਸਕੂਲ ਸੈਕਟਰ-32 ਨੂੰ ਮਾਇਨਾਰਿਟੀ ਦਰਜਾ ਹਾਸਲ ਹੈ ਤੇ ਇਹ ਸਕੂਲ ਕ੍ਰਿਸਚੀਅਨ ਬੱਚਿਆਂ ਦੇ ਦਾਖਲੇ ਨੂੰ ਯਕੀਨੀ ਬਣਾਉਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦਾ ਮੈਨੇਜਮੈਂਟ ਕੋਟਾ, ਭੈਣ ਭਰਾਵਾਂ ਨੂੰ ਤਰਜੀਹ ਤੇ ਸਟਾਫ ਦਾ ਵੱਖਰਾ ਕੋਟਾ ਹੈ ਜਿਸ ਕਾਰਨ ਆਮ ਵਰਗ ਦੇ ਬੱਚਿਆਂ ਦਾ ਡਰਾਅ ਵਿਚ ਵੀ ਨੰਬਰ ਨਹੀਂ ਆ ਰਿਹਾ ਪਰ ਇਨ੍ਹਾਂ ਵਿਚ ਇਕ ਜਾਂ ਦੋ ਸਕੂਲ ਮਾਇਨਾਰਿਟੀ ਵਰਗ ਦਾ ਦਰਜਾ ਹਾਸਲ ਹੋਣ ਦੇ ਬਾਵਜੂਦ ਆਰਥਿਕ ਪੱਛੜੇ ਵਰਗ ਦੇ ਵਿਦਿਆਰਥੀਆਂ ਨੂੂੰ ਦਾਖਲੇ ਦਿੰਦੇ ਹਨ। ਇਸ ਤੋਂ ਇਲਾਵਾ ਸਕੂਲਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਲਈ 25 ਫੀਸਦ ਸੀਟਾਂ ਰਾਖਵੀਆਂ ਰੱਖਣੀਆਂ ਪੈਂਦੀਆਂ ਹਨ ਪਰ ਮਾਇਨਾਰਿਟੀ ਸਕੂਲਾਂ ਨੂੰ 25 ਫੀਸਦ ਦਾਖਲੇ ਦੀ ਸ਼ਰਤ ਨਹੀਂ ਹੈ। ਇਥੋਂ ਦੇ ਕਈ ਨਿੱਜੀ ਸਕੂਲਾਂ ਵੱਲੋਂ ਮਾਇਨਾਰਿਟੀ ਦਰਜਾ ਲੈਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਉਹ ਆਰਥਿਕ ਪਛੜੇ ਵਰਗ ਦੇ ਬੱਚਿਆਂ ਨੂੰ ਦਾਖਲਾ ਨਾ ਦੇ ਸਕਣ। ਸ਼ਹਿਰ ਦੇ ਬਾਕੀ ਸਕੂਲਾਂ ਵਿਚ ਵੀ ਰਾਖਵੇਂ ਕੋਟੇ ਹੋਣ ਕਾਰਨ ਆਮ ਵਰਗ ਨੂੰ ਮਾਰ ਪੈ ਰਹੀ ਹੈ।
ਸੌ ਵਿੱਚੋਂ ਆਮ ਵਰਗ ਲਈ ਸਿਰਫ 40 ਸੀਟਾਂ
ਭਵਨ ਵਿਦਿਆਲਿਆ ਵਿਚ ਐਂਟਰੀ ਲੈਵਲ ਜਮਾਤ ਲਈ 100 ਸੀਟਾਂ ਹਨ ਪਰ 25 ਸੀਟਾਂ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਲਈ ਰਾਖਵੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਸਕੂਲ ਦੇ ਸਾਬਕਾ ਵਿਦਿਆਰਥੀਆਂ ਲਈ 5 ਸੀਟਾਂ, 20 ਸੀਟਾਂ ਸਕੂਲ ਵਿਚ ਪੜ੍ਹਦੇ ਭੈਣ ਭਰਾਵਾਂ ਲਈ ਰਾਖਵੀਆਂ ਹਨ। ਇਸ ਦੇ ਨਾਲ ਹੀ ਸਕੂਲ ਮੈਨੇਜਮੈਂਟ ਦੀਆਂ ਆਪਣੀਆਂ 10 ਸੀਟਾਂ ਹਨ।
ਮਾਪਿਆਂ ਨੇ ਕਈ ਸਕੂਲਾਂ ਦੇ ਫਾਰਮ ਭਰੇ
ਇਨ੍ਹਾਂ ਦੇ ਮੋਹਰੀ ਸਕੂਲਾਂ ਵਿਚ ਆਪਣੇ ਬੱਚੇ ਦੇ ਫਾਰਮ ਅਪਲੋਡ ਕਰ ਚੁੱਕੇ ਅਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਰਫ ਇਹੀ ਇੱਛਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਭਵਨ ਵਿਦਿਆਲਿਆ ਸਕੂਲ ਵਿਚ ਦਾਖਲਾ ਮਿਲੇ ਪਰ ਸਕੂਲ ਵਿਚ ਮੁਕਾਬਲਾ ਬਹੁਤ ਸਖਤ ਹੁੰਦਾ ਹੈ ਤੇ ਪਿਛਲੀ ਵਾਰ ਵੀ ਇਥੇ ਸਿਰਫ ਆਮ ਲੋਕਾਂ ਲਈ 36 ਸੀਟਾਂ ਲਈ ਹੀ ਦਾਖਲੇ ਹੋਏ ਸਨ ਜਦਕਿ ਇਸ ਸਕੂਲ ਵਿਚ ਕੁੱਲ ਸੀਟਾਂ 100 ਹਨ। ਇਹੀ ਕਹਾਣੀ ਸੇਂਟ ਜੌਹਨਜ਼ ਵਿਚ ਦਾਖਲਾ ਦਿਵਾਉਣ ਦੀ ਚਾਹਵਾਨ ਦਲਜੀਤ ਕੌਰ ਦੀ ਹੈ ਜੋ ਆਮ ਵਰਗ ਲਈ ਸੀਟਾਂ ਘੱਟ ਹੋਣ ਤੋਂ ਚਿੰਤਤ ਹੈ।