ਹਰਜੀਤ ਸਿੰਘ
ਡੇਰਾਬੱਸੀ, 17 ਜੂਨ
ਸ਼ਹਿਰ ਵਾਸੀਆਂ ਨੂੰ ਹੁਣ ਕਰੋਨਾ ਦੇ ਬਿੱਲ ਭਰਨ ਲਈ ਕੌਂਸਲ ਦਫਤਰ ਦੇ ਗੇੜੇ ਨਹੀਂ ਕੱਢਣੇ ਪੈਣਗੇ। ਕੌਂਸਲ ਵੱਲੋਂ ਹੁਣ ਘਰ-ਘਰ ਜਾ ਕੇ ਪਾਣੀ ਦਾ ਬਿੱਲ ਵਸੂਲਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਹ ਯੋਜਨਾ ਕਰੋਨਾ ਮਹਾਮਾਰੀ ਫੈਲਣ ਤੋਂ ਰੋਕਣ ਲਈ ਤਿਆਰ ਕੀਤੀ ਗਈ ਹੈ ਜਿਸ ਦੀ ਸ਼ੁਰੂਆਤ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਵੱਲੋਂ ਅੱਜ ਕੀਤੀ ਗਈ।
ਇਸ ਬਾਰੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਹੁਣ ਤੱਕ ਸ਼ਹਿਰ ਵਾਸੀਆਂ ਨੂੰ ਪਾਣੀ ਦਾ ਬਿੱਲ ਭਰਨ ਲਈ ਕੌਂਸਲ ਦਫਤਰ ਵਿੱਚ ਆਉਣਾ ਪੈਂਦਾ ਸੀ। ਇੱਥੇ ਰੋਜ਼ਾਨਾ ਪਾਣੀ ਦਾ ਬਿੱਲ ਭਰਨ ਵਾਲੇ ਖਪਤਕਾਰਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਰਹਿੰਦੀਆਂ। ਭੀੜ ਕਾਰਨ ਇੱਥੇ ਕਰੋਨਾ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਲੋਕਾਂ ਦੀ ਸੁਰੱਖਿਆ ਅਤੇ ਕਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਹ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਯੋਜਨਾ ਮੁਤਾਬਕ ਹੁਣ ਕੌਂਸਲ ਮੁਲਾਜ਼ਮ ਘਰ ਘਰ ਜਾ ਕੇ ਸਵਾਈਪ ਮਸ਼ੀਨ ਨਾਲ ਲੋਕਾਂ ਦੇ ਬਿੱਲ ਇਕੱਤਰ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਆਪਣੇ ਬਿੱਲ ਨਕਦ, ਡੈਬਿਟ-ਕਰੈਡਿਟ ਕਾਰਡ, ਆਨਲਾਈਨ ਬੈਂਕਿੰਗ ਸਣੇ ਹੋਰ ਤਰੀਕੇ ਰਾਹੀਂ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਕੰਮ ਵਿੱਚ ਸਹਿਯੋਗ ਕਰ ਇਸ ਮੁਹਿੰਮ ਨੂੰ ਸਫਲ ਬਣਾਉਣ ਅਪੀਲ ਕੀਤੀ। ਇਸ ਮੌਕੇ ਕੌਂਸਲਰ ਵਿਕਰਾਂਤ, ਚਮਨ ਸੈਣੀ, ਭੁਪਿੰਦਰ ਸ਼ਰਮਾ, ਪਾਲੀ ਈਸਾਪੁਰ, ਬਲਜਿੰਦਰ ਨੰਬਰਦਾਰ, ਦਵਿੰਦਰ ਸੈਦਪੁਰਾ, ਨਰੇਸ਼ ਉਪਨੇਜ਼ਾ, ਹਰਵਿੰਦਰ ਪਟਵਾਰੀ, ਰਾਮਦੇਵ ਸ਼ਰਮਾ ਤੋਂ ਇਲਾਵਾ ਕੌਂਸਲ ਮੁਲਾਜ਼ਮ ਹਾਜ਼ਰ ਸਨ।