ਮੁਕੇਸ਼ ਕੁਮਾਰ
ਚੰਡੀਗੜ੍ਹ, 18 ਨਵੰਬਰ
ਮੇਅਰ ਰਵੀ ਕਾਂਤ ਸ਼ਰਮਾ ਨੇ ਸੈਕਟਰ-39 ਡੀ ਵਿੱਚ ਸਿਵਲ ਡਿਸਪੈਂਸਰੀ ਦਾ ਉਦਘਾਟਨ ਕੀਤਾ। ਸੰਬੋਧਨ ਕਰਦਿਆਂ ਮੇਅਰ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਨਗਰ ਨਿਗਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਮੁੱਢਲੀ ਸਿਹਤ ਦੇ ਖੇਤਰ ਵਿੱਚ ਮੌਜੂਦਾ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵਿੱਚ ਸੁਧਾਰ ਅਤੇ ਅਪਗ੍ਰੇਡ ਕਰਨ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਨਵੀਆਂ ਡਿਸਪੈਂਸਰੀਆਂ ਪ੍ਰਦਾਨ ਕਰ ਰਹੀ ਹੈ। ਮੇਅਰ ਨੇ ਦੱਸਿਆ ਕਿ ਸੈਕਟਰ-39 ਵਿਚਲੀ ਡਿਸਪੈਂਸਰੀ 686 ਵਰਗ ਮੀਟਰ ਰਕਬੇ ਵਿੱਚ ਫੈਲੀ ਹੋਈ ਹੈ। ਇਮਾਰਤ ਦੀ ਉਸਾਰੀ ’ਤੇ 2 ਕਰੋੜ 63 ਲੱਖ ਰੁਪਏ ਖਰਚ ਕੀਤੇ ਗਏ ਹਨ।
ਮੇਅਰ ਵੱਲੋਂ ‘ਆਪਣੀ ਮੰਡੀ ਸਾਈਟ’ ਦਾ ਉਦਘਾਟਨ
ਮੇਅਰ ਰਵੀ ਕਾਂਤ ਸ਼ਰਮਾ ਨੇ ਮਲੋਆ ਦੀ ਈਡਬਲਿਊਐੱਸ ਕਲੋਨੀ ਨੇੜੇ ‘ਆਪਣੀ ਮੰਡੀ ਅਤੇ ਡੇਅ ਮਾਰਕੀਟ ਸਾਈਟ’ ਦਾ ਉਦਘਾਟਨ ਕੀਤਾ। ਮੇਅਰ ਨੇ ‘ਆਪਣੀ ਮੰਡੀ’ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਸਿਰਫ ਸਹੀ ਪਛਾਣ ਪੱਤਰ ਵਾਲੇ ਕਿਸਾਨਾਂ ਨੂੰ ਹੀ ਉਨਾਂ ਲਈ ਨਿਰਧਾਰਤ ਥਾਂ ’ਤੇ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਐਨਫੋਰਸਮੈਂਟ ਵਿੰਗ ਦੇ ਅਮਲੇ ਵਲੋਂ ਸਾਰੇ ਗੈਰਕਾਨੂੰਨੀ ਵਿਕਰੇਤਾਵਾਂ ਨੂੰ ਹਟਾ ਦਿੱਤਾ ਜਾਵੇਗਾ।