ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜੂਨ
ਸ਼ਹਿਰ ’ਚ ਕਰੋਨਾ ਕੇਸਾਂ ਦੀ ਗਿਣਤੀ ਘਟਣ ਕਾਰਨ ਯੂਟੀ ਪ੍ਰਸ਼ਾਸਨ ਨੇ ਪਾਬੰਦੀਆਂ ਵਿੱਚ ਕੁਝ ਰਾਹਤ ਦਿੱਤੀ ਸੀ ਪਰ ਸ਼ਹਿਰ ਵਿੱਚ ਰਾਤ ਦਾ ਕਰਫਿਊ ਤੇ ਹਫ਼ਤਾਵਰੀ ਤਾਲਾਬੰਦੀ(ਲੌਕਡਾਊਨ) ਪਹਿਲਾਂ ਵਾਂਗ ਜਾਰੀ ਹੈ। ਵਪਾਰੀਆਂ ਵੱਲੋਂ ਵੀ ਇਸ ਦਾ ਪਾਲਣ ਕੀਤਾ ਜਾ ਰਿਹਾ ਹੈ। ਅੱਜ ਸ਼ਹਿਰ ਦੇ ਬਾਜ਼ਾਰਾਂ ਵਿੱਚ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਪਰ ਸੜਕਾਂ ’ਤੇ ਆਵਾਜਾਈ ਆਮ ਦਿਨਾਂ ਵਾਂਗ ਜਾਰੀ ਰਹੀ। ਪੁਲੀਸ ਨੇ ਅੱਜ ਸ਼ਹਿਰ ’ਚ ਇਕ ਦਰਜਨ ਦੇ ਕਰੀਬ ਥਾਵਾਂ ’ਤੇ ਨਾਕੇ ਲਗਾਏ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ।
ਚੰਡੀਗੜ੍ਹ ਪੁਲੀਸ ਨੇ ਬਿਨਾਂ ਕੰਮ ਤੋਂ ਬਾਹਰ ਘੁੰਮਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 357 ਵਿਅਕਤੀਆਂ ਦੇ ਚਾਲਾਨ ਕੀਤੇ। ਇਨ੍ਹਾਂ ਵਿੱਚ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 103 ਵਿਅਕਤੀ; ਜਨਤਕ ਥਾਵਾਂ ’ਤੇ ਥੁੱਕਣ ਵਾਲੇ 76 ਅਤੇ ਬਿਨਾਂ ਮਾਸਕ ਦੇ ਘੁੁੁੰਮਣ ਵਾਲੇ 9 ਵਿਅਕਤੀ ਵੀ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਤੋਂ 95,500 ਰੁਪਏ ਦਾ ਜੁਰਮਾਨਾ ਵਸੂਲਿਆ।
ਇਸ ਤੋਂ ਇਲਾਵਾ ਪੁਲੀਸ ਨੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 38 ਜਣਿਆਂ ਦੇ ਵੀ ਚਾਲਾਨ ਕੀਤੇ ਹਨ, ਜਦਕਿ 2 ਵਾਹਨ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। ਚੰਡੀਗੜ੍ਹ ਪੁਲੀਸ ਨੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਏ ਕਰਫਿਊ ਦਾ ਪਾਲਣ ਕਰਨ ਦੀ ਅਪੀਲ ਕੀਤੀ।