ਜਗਮੋਹਨ ਸਿੰਘ
ਘਨੌਲੀ, 19 ਜੂਨ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਨੂੰਹੋਂ ਕਾਲੋਨੀ ਦਾ ਵਸਨੀਕ ਜਤਿੰਦਰ ਚੌਹਾਨ ਪੀਸੀਐਸ ਅਫ਼ਸਰ ਬਣ ਗਿਆ ਹੈ। ਜਤਿੰਦਰ ਚੌਹਾਨ ਦੇ ਪਿਤਾ ਥਰਮਲ ਪਲਾਂਟ ਰੂਪਨਗਰ ਵਿਚ ਸਹਾਇਕ ਇੰਜਨੀਅਰ ਹਨ। ਉਸ ਦੀ ਮਾਤਾ ਭੁਪਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਮਲਿਕਪੁਰ ਵਿਚ ਮੁੱਖ ਅਧਿਆਪਕਾ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਜਤਿੰਦਰ ਚੌਹਾਨ ਦੇ ਪਿਤਾ ਕੁਲਵੰਤ ਸਿੰਘ ਚੌਹਾਨ ਨੇ ਦੱਸਿਆ ਕਿ ਜਤਿੰਦਰ ਚੌਹਾਨ ਨੇ 2014 ਵਿੱਚ ਬੀਟੈੱਕ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਦੋ ਵਾਰੀ ਆਈਏਐਸ ਦਾ ਮੁੱਢਲਾ ਟੈਸਟ ਪਾਸ ਕੀਤਾ, ਪਰ ਇੰਟਰਵਿਊ ਦੌਰਾਨ ਸਿਰਫ਼ ਥੋੜ੍ਹੇ ਨੰਬਰਾਂ ਕਾਰਨ ਹੀ ਖੁੰਝਦਾ ਰਿਹਾ। ਉਨ੍ਹਾਂ ਦੱਸਿਆ ਕਿ ਦੂਜੀ ਵਾਰੀ ਆਈਏਐਸ ਦੀ ਇੰਟਰਵਿਊ ਹੋਈ ਤਾਂ ਜਤਿੰਦਰ ਨੇ ਆਪਣੇ ਚੁਣੇ ਜਾਣ ਦੀ ਉਮੀਦ ਨਾਲ ਸਹਾਇਕ ਕਮਾਂਡੈਂਟ ਦੀ ਨੌਕਰੀ ਵੀ ਛੱਡ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਆਏ ਨਤੀਜੇ ਦੌਰਾਨ ਜਤਿੰਦਰ ਚੌਹਾਨ ਨੇ ਐਸਸੀ ਕੈਟੇਗਿਰੀ ਅਧੀਨ 5ਵਾਂ ਅਤੇ ਜਨਰਲ ਕੋਟੇ ਅਧੀਨ 54ਵਾਂ ਰੈਂਕ ਪ੍ਰਾਪਤ ਕੀਤਾ ਹੈ।