ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਸਤੰਬਰ
ਇਥੇ ਬਿਜਲੀ ਦੇ ਬਕਾਇਆ ਬਿੱਲ ਦਾ ਆਨਲਾਈਨ ਭੁਗਤਾਨ ਕਰਨ ਦੇ ਨਾਂ ’ਤੇ ਧੋਖਾਧੜੀ ਦੀਆਂ ਕਈ ਘਟਨਾਵਾਂ ਵਾਪਰ ਰਹੀਆਂ ਹਨ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਸਾਈਬਰ ਕ੍ਰਾਈਮ ਦੀ ਟੀਮ ਕੇਸ ਤਾਂ ਦਰਜ ਕਰ ਲੈਂਦੀ ਹੈ ਪਰ ਪੁਲੀਸ ਦੇ ਹਥ ਕੁਝ ਨਹੀਂ ਲੱਗ ਪਾਉਂਦਾ। ਇਸੇ ਤਰ੍ਹਾਂ ਦੀ ਘਟਨਾ ਸੈਕਟਰ-37 ਵਿੱਚ ਰਹਿਣ ਵਾਲੀ ਪੀ ਸੀਦਾਂਬਰੀ ਨਾਲ ਵਾਪਰੀ ਹੈ, ਜਿਸ ਨੂੰ ਆਨਲਾਈਨ ਬਿਜਲੀ ਦਾ ਬਿੱਲ ਭਰਨ ਦੇ ਨਾਮ ’ਤੇ 85 ਹਜ਼ਾਰ ਰੁਪਏ ਦਾ ਚੂਨਾ ਲੱਗ ਗਿਆ। ਇਸ ਬਾਰੇ ਪੀੜਤਾਂ ਨੇ ਦੱਸਿਆ ਕਿ ਉਸ ਨੂੰ ਬਿਜਲੀ ਦੇ ਬਿੱਲ ਦਾ ਮੈਸੇਜ ਆਇਆ ਅਤੇ ਬਿੱਲ ਦੀ ਅਦਾਇਗੀ ਲਈ ਦਿੱਤੇ ਲਿੰਕ ਨੂੰ ਖੋਲ੍ਹਣ ਲਈ ਕਿਹਾ ਗਿਆ। ਜਦੋਂ ਉਸ ਨੇ ਲਿੰਕ ਖੋਲ੍ਹਿਆ ਤਾਂ ਉਸ ਦੇ ਬੈਂਕ ’ਚ ਪਏ 85 ਹਜ਼ਾਰ ਰੁਪਏ ਗਾਇਬ ਹੋ ਗਏ। ਇਸੇ ਤਰ੍ਹਾਂ ਵੱਖਰੇ ਮਾਮਲੇ ਸਬੰਧੀ ਸਰਬਜੀਤ ਸਿੰਘ ਵਾਸੀ ਸੈਕਟਰ-38 ਵੈਸਟ ਨੇ ਪੁਲੀਸ ਨੂੰ ਦੱਸਿਆ ਕਿ ਕਿਸੇ ਨੇ ਉਸ ਨੂੰ ਮੈਸੇਜ ਭੇਜ ਕੇ ਰਾਤ ਨੂੰ 9.30 ਵਜੇ ਤੱਕ ਆਨਲਾਈਨ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਬਾਰੇ ਕਿਹਾ। ਇਹ ਬਿੱਲ ਆਨਲਾਈਨ ਐਪ ਰਾਹੀਂ ਭਰਿਆ ਜਾਣਾ ਸੀ। ਜਦੋਂ ਉਸ ਨੇ ਐੱਪ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਬੈਂਕ ਖਾਤੇ ਵਿੱਚ ਪਏ 81,590 ਰੁਪਏ ਗਾਇਬ ਹੋ ਹਏ। ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਦੋਵਾਂ ਮਾਮਲਿਆਂ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।