ਦਰਸ਼ਨ ਸਿੰਘ ਸੋਢੀ
ਐੱਸਏਐਸ ਨਗਰ (ਮੁਹਾਲੀ), 1 ਸਤੰਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਮੰਗਲਵਾਰ 163 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 3933 ’ਤੇ ਪਹੁੰਚ ਗਈ ਹੈ। ਅੱਜ ਪੁੱਡਾ ਦੇ ਮੁਲਾਜ਼ਮ ਸਮੇਤ ਪੰਜ ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ 85 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਦੋ ਔਰਤਾਂ ਸਮੇਤ ਪੰਜ ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇੱਥੋਂ ਦੇ ਫੇਜ਼-1 ਦੀ 65 ਸਾਲਾ ਕਰੋਨਾ ਪੀੜਤ ਔਰਤ ਦੀ ਮੌਤ ਹੋ ਗਈ। ਉਹ ਇੱਥੋਂ ਦੇ ਗਰੇਸ਼ੀਅਨ ਹਸਪਤਾਲ ਵਿੱਚ ਜੇਰੇ ਇਲਾਜ ਸੀ। ਇੰਜ ਇਸੇ ਹਸਪਤਾਲ ਵਿੱਚ ਦਾਖ਼ਲ ਸੈਕਟਰ-68 ਦੇ ਵਸਨੀਕ 41 ਸਾਲਾ ਪੁਰਸ਼ ਦੀ ਮੌਤ ਹੋ ਗਈ ਹੈ। ਸਥਾਨਕ ਆਈਵੀਵਾਈ ਹਸਪਤਾਲ ਸੈਕਟਰ-71 ਵਿੱਚ ਦਾਖ਼ਲ ਖਰੜ ਦੀ 51 ਸਾਲਾ ਔਰਤ ਵੀ ਚੜ੍ਹਾਈ ਕਰ ਗਈ। ਪਿੰਡ ਘੜੂੰਆਂ ਦੇ 89 ਸਾਲਾ ਬਜ਼ੁਰਗ ਨੇ ਸੋਹਾਣਾ ਹਸਪਤਾਲ ਵਿੱਚ ਦਮ ਤੋੜ ਦਿੱਤਾ ਜਦੋਂਕਿ ਲਾਲੜੂ ਦੇ 65 ਸਾਲਾ ਵਿਅਕਤੀ ਨੇ ਸਿਵਲ ਹਸਪਤਾਲ ਅੰਬਾਲਾ ਵਿੱਚ ਦਮ ਤੋੜ ਦਿੱਤਾ। ਉਹ ਪਹਿਲਾਂ ਹੀ ਦਿਲ ਦੇ ਰੋਗ ਤੋਂ ਪੀੜਤ ਸੀ। ਇਸੇ ਤਰ੍ਹਾ ਬਾਕੀ ਮਰਨ ਵਾਲੇ ਵੀ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸਨ। ਸਿਵਲ ਸਰਜਨ ਨੇ ਦੱਸਿਆ ਕਿ ਅੱਜ 163 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 72 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਖਰੜ ਵਿੱਚ 18, ਘੜੂੰਆਂ ਬਲਾਕ ਅਧੀਨ ਪੇਂਡੂ ਖੇਤਰ ਵਿੱਚ 36, ਕੁਰਾਲੀ ਵਿੱਚ 7, ਢਕੌਲੀ ਵਿੱਚ 19, ਲਾਲੜੂ ਵਿੱਚ ਇਕ, ਬਨੂੜ ਵਿੱਚ ਦੋ ਅਤੇ ਡੇਰਾਬੱਸੀ ਵਿੱਚ ਕਰੋਨਾ ਮਹਾਮਾਰੀ ਦੇ ਅੱਠ ਨਵੇਂ ਮਾਮਲੇ ਸਾਹਮਣੇ ਆਏ ਹਨ।
ਜਲੰਧਰ(ਪਾਲ ਸਿੰਘ ਨੌਲੀ): ਕਰੋਨਾ ਦੇ ਕਹਿਰ ਨੂੰ ਹਾਲ ਦੀ ਘੜੀ ਠੱਲ ਪੈਂਦੀ ਨਜ਼ਰ ਨਹੀਂ ਆ ਰਹੀ। ਜਲੰਧਰ ਵਿੱਚ ਕਰੋਨਾ ਨਾਲ ਅੱਜ ਚਾਰ ਮੌਤਾਂ ਹੋ ਗਈਆਂ ਹਨ, ਜਦ ਕਿ 147 ਨਵੇਂ ਪਾਜ਼ੇਟਿਵ ਮਰੀਜ਼ ਆਏ ਹਨ। ਪਾਜ਼ੇਟਿਜ਼ ਮਰੀਜ਼ਾਂ ਦੀ ਗਿਣਤੀ 6770 ਹੋ ਗਈ ਹੈ। ਇਸੇ ਤਰ੍ਹਾਂ ਜਿਲ੍ਹੇ ਵਿੱਚ ਹੁਣ ਤੱਕ 169 ਮੌਤਾਂ ਹੋ ਚੁੱਕੀਆਂ ਹਨ।
ਸਿਰਸਾ(ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਇਕ ਹੋਰ ਵਿਅਕਤੀ ਦੀ ਕਰੋਨਾ ਨਾਲ ਮੌਤ ਹੋਣ ਮਗਰੋਂ ਕਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀਹ ਹੋ ਗਿਆ ਹੈ। ਸਿਰਸਾ ਵਿੱਚ ਹੁਣ ਤੱਕ ਕੁੱਲ 1459 ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਅੱਜ ਸਿਰਸਾ ਜ਼ਿਲ੍ਹਾ ਵਿੱਚ 29 ਸੱਜਰੇ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ।
ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਕਰੋਨਾ ਨਾਲ ਹੋਏ ਵਿਅਕਤੀ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਸਿਰਸਾ ਦੀ ਜੰਡੀ ਵਾਲੀ ਗਲੀ ਵਾਸੀ 62 ਸਾਲਾ ਅਮਰ ਸਿੰਘ ਦੀ ਕਰੋਨਾ ਨਾਲ ਮੌਤ ਹੋਈ ਹੈ।