ਪੱਤਰ ਪ੍ਰੇਰਕ
ਖਰੜ, 23 ਜੁਲਾਈ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਖਰੜ ਇਲਾਕੇ ਦੇ ਪਿੰਡ ਜੰਡਪੁਰ ਅਤੇ ਛੱਜੂਮਾਜਰਾ ਦਾ ਦੌਰਾ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਅਤੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਿਹਤ ਮੰਤਰੀ ਨੇ ਖਰੜ ਹਲਕੇ ਦੇ ਪਿੰਡ ਜੰਡਪੁਰ ਵਿੱਚ ਤਿਆਰ ਹੋ ਰਹੇ ਆਮ ਆਦਮੀ ਕਲੀਨਿਕ ਦੇ ਉਸਾਰੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਨੂੰ ‘ਗਾਰਡ ਆਫ ਆਨਰ’ ਵੀ ਦਿੱਤਾ ਗਿਆ। ਸਿਹਤ ਮੰਤਰੀ ਸ੍ਰੀ ਜੌੜੇਮਾਜਰਾ ਨੇ ਦੱਸਿਆ ਗਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਸਿਹਤ ਸਹੂਲਤਾਂ ਸਬੰਧੀ ਬੁਨਿਆਦੀ ਢਾਂਚਾ, ਡਾਕਟਰੀ ਸਾਜ਼ੋ-ਸਾਮਾਨ, ਡਾਕਟਰਾਂ ਦੀ ਤਾਇਨਾਤੀ ਆਦਿ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ‘ਤੰਦਰੁਸਤ ਮਨ ਅਤੇ ਤੰਦਰੁਸਤ ਵਿਚਾਰ’ ਦੀ ਸੋਚ ਅਧੀਨ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸ਼ਹਿਰਾਂ ਤੇ ਪੇਂਡੂ ਖੇਤਰਾਂ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਿਹਤ ਸਬੰਧੀ ਸੇਵਾਵਾਂ ਲਈ ਖੋਲ੍ਹੇ ਜਾ ਰਹੇ ਆਮ ਆਦਮੀ ਕਲੀਨਿਕ 15 ਅਗਸਤ ਤੋਂ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਮੌਕੇ ’ਤੇ ਹਾਜ਼ਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।